6 ਅਸੀਂ ਮੋਆਬ ਦੇ ਹੰਕਾਰ ਦੇ ਵਿਖੇ ਸੁਣਿਆ, ਕਿ ਉਹ ਅੱਤ ਹੰਕਾਰੀ ਹੈ, ਅਤੇ ਉਹ ਦੇ ਘਮੰਡ, ਉਹ ਦੇ ਹੰਕਾਰ, ਅਤੇ ਉਹ ਦੇ ਅੱਖੜਪਣ ਵਿਖੇ ਵੀ, - ਪਰ ਉਹ ਦੀਆਂ ਗੱਪਾਂ ਕੁਝ ਵੀ ਨਹੀਂ ਹਨ। 7 ਇਸ ਲਈ ਮੋਆਬ, ਮੋਆਬ ਲਈ ਧਾਹਾਂ ਮਾਰੇਗਾ, ਹਰੇਕ ਧਾਹਾਂ ਮਾਰੇਗਾ, ਕੀਰ-ਹਰਾਸਥ ਕਸਬੇ ਦੀ ਸੌਗੀ ਦੀਆਂ ਪਿੰਨੀਆਂ ਲਈ ਤੁਸੀਂ ਹੌਂਕੇ ਲੈ-ਲੈ ਕੇ ਰੋਵੋਗੇ।
8 ਹਸ਼ਬੋਨ ਪਿੰਡ ਦੀਆਂ ਪੈਲ੍ਹੀਆਂ, ਸਿਬਮਾਹ ਪਿੰਡ ਦੀਆਂ ਵੇਲਾਂ ਸੁੱਕ ਗਈਆਂ। ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਭੰਨ ਸੁੱਟੀਆਂ, ਉਹ ਯਾਜ਼ੇਰ ਪਿੰਡ ਤੱਕ ਪਹੁੰਚੀਆਂ, ਉਹ ਉਜਾੜ ਵਿੱਚ ਫੈਲ ਗਈਆਂ, ਉਹ ਦੀਆਂ ਸ਼ਾਖਾਂ ਖਿੱਲਰ ਗਈਆਂ, ਉਹ ਸਮੁੰਦਰੋਂ ਪਾਰ ਲੰਘ ਗਈਆਂ। 9 ਇਸ ਲਈ ਮੈਂ ਵੀ ਯਾਜ਼ੇਰ ਦੇ ਨਾਲ ਸਿਬਮਾਹ ਦੀ ਵੇਲ ਲਈ ਰੋਵਾਂਗਾ। ਹੇ ਹਸ਼ਬੋਨ ਅਤੇ ਅਲਾਲੇਹ, ਮੈਂ ਤੈਨੂੰ ਆਪਣੇ ਹੰਝੂਆਂ ਨਾਲ ਭਿਉਂ ਦਿਆਂਗਾ, ਕਿਉਂ ਜੋ ਤੇਰੇ ਗਰਮੀ ਦੇ ਫਲਾਂ ਉੱਤੇ ਅਤੇ ਤੇਰੀ ਫ਼ਸਲ ਉੱਤੇ ਹੋਣ ਵਾਲਾ ਅਨੰਦ ਢਿੱਲਾ ਪੈ ਗਿਆ, 10 ਅਨੰਦ ਅਤੇ ਖੁਸ਼ੀ ਫਲਦਾਰ ਪੈਲੀ ਵਿੱਚੋਂ ਲੈ ਲਈ ਗਈ, ਅੰਗੂਰੀ ਬਾਗ਼ਾਂ ਵਿੱਚ ਜੈਕਾਰੇ ਨਾ ਲਲਕਾਰੇ ਜਾਣਗੇ, ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਛੱਡਿਆ ਹੈ। 11 ਇਸ ਲਈ ਮੇਰਾ ਮਨ ਮੋਆਬ ਲਈ ਬਰਬਤ ਵਾਂਗੂੰ ਵਿਰਲਾਪ ਕਰਦਾ ਹੈ, ਅਤੇ ਮੇਰਾ ਦਿਲ ਕੀਰ-ਹਰਸ ਲਈ ਵੀ।
12 ਅਜਿਹਾ ਹੋਵੇਗਾ ਕਿ ਜਦ ਮੋਆਬ ਹਾਜ਼ਰ ਹੋਵੇਗਾ, ਜਦ ਉਹ ਉੱਚੇ ਸਥਾਨ ਉੱਤੇ ਥੱਕ ਜਾਵੇਗਾ, ਤਾਂ ਉਹ ਪ੍ਰਾਰਥਨਾ ਲਈ ਆਪਣੇ ਪਵਿੱਤਰ ਸਥਾਨ ਨੂੰ ਆਵੇਗਾ, ਪਰ ਉਸ ਨੂੰ ਕੋਈ ਲਾਭ ਨਾ ਹੋਵੇਗਾ। 13 ਇਹ ਬਚਨ ਉਹ ਹੈ ਜਿਹੜਾ ਯਹੋਵਾਹ ਮੋਆਬ ਦੇ ਵਿਖੇ ਭੂਤ ਕਾਲ ਵਿੱਚ ਬੋਲਿਆ, 14 ਪਰ ਹੁਣ ਯਹੋਵਾਹ ਇਹ ਆਖਦਾ ਹੈ ਕਿ ਤਿੰਨਾਂ ਸਾਲਾਂ ਦੇ ਵਿੱਚ ਮਜ਼ਦੂਰ ਦੇ ਸਾਲਾਂ ਵਾਂਗੂੰ ਮੋਆਬ ਦਾ ਪਰਤਾਪ, ਉਹ ਦੀ ਸਾਰੀ ਵੱਡੀ ਭੀੜ ਸਮੇਤ ਤੁੱਛ ਕੀਤਾ ਜਾਵੇਗਾ ਅਤੇ ਬਚੇ ਹੋਏ ਬਹੁਤ ਥੋੜ੍ਹੇ ਅਤੇ ਲਿੱਸੇ ਹੋਣਗੇ।
<- ਯਸਾਯਾਹ 15ਯਸਾਯਾਹ 17 ->