Link to home pageLanguagesLink to all Bible versions on this site
15
ਪਰਮੇਸ਼ੁਰ ਮੋਆਬ ਦਾ ਨਾਸ ਕਰੇਗਾ
1 ਮੋਆਬ ਦੇ ਵਿਖੇ ਅਗੰਮ ਵਾਕ l ਮੋਆਬ ਦਾ ਆਰ ਨਗਰ ਇੱਕ ਹੀ ਰਾਤ ਵਿੱਚ ਬਰਬਾਦ ਅਤੇ ਵਿਰਾਨ ਕੀਤਾ ਗਿਆ, ਮੋਆਬ ਦਾ ਕੀਰ ਨਗਰ ਵੀ ਇੱਕ ਹੀ ਰਾਤ ਵਿੱਚ ਬਰਬਾਦ ਅਤੇ ਵਿਰਾਨ ਕੀਤਾ ਗਿਆ। 2 ਦੀਬੋਨ ਆਪਣੇ ਮੰਦਰ ਨੂੰ ਅਤੇ ਉਸ ਦੀਆਂ ਉੱਚਿਆਈਆਂ ਉੱਤੇ, ਰੋਣ ਲਈ ਉਤਾਹਾਂ ਗਿਆ, ਨਬੋ ਅਤੇ ਮੇਦਬਾ ਉੱਤੇ ਮੋਆਬ ਧਾਹਾਂ ਮਾਰਦਾ ਹੈ। ਉਹਨਾਂ ਵਿੱਚ ਹਰੇਕ ਦਾ ਸਿਰ ਰੋਡਾ ਹੈ, ਅਤੇ ਹਰੇਕ ਦੀ ਦਾੜ੍ਹੀ ਮੁੰਨੀ ਹੋਈ ਹੈ। 3 ਰਾਹਾਂ ਵਿੱਚ ਉਹ ਤੱਪੜ ਪਹਿਨਦੇ ਹਨ, ਕੋਠਿਆਂ ਉੱਤੇ ਅਤੇ ਚੌਕਾਂ ਵਿੱਚ ਹਰੇਕ ਰੋ-ਰੋ ਕੇ ਧਾਹਾਂ ਮਾਰਦਾ ਹੈ। 4 ਹਸ਼ਬੋਨ ਅਤੇ ਅਲਾਲੇਹ ਨਗਰ ਚਿੱਲਾਉਂਦੇ ਹਨ, ਯਹਸ ਨਗਰ ਤੱਕ ਉਨ੍ਹਾਂ ਦੀ ਅਵਾਜ਼ ਸੁਣਾਈ ਦਿੰਦੀ ਹੈ। ਇਸ ਲਈ ਮੋਆਬ ਦੇ ਸ਼ਸਤਰ ਧਾਰੀ ਚੀਕ-ਚਿਹਾੜਾ ਪਾਉਂਦੇ ਹਨ, ਉਹ ਦਾ ਜੀ ਉਹ ਦੇ ਵਿੱਚ ਕੰਬ ਜਾਂਦਾ ਹੈ। 5 ਮੇਰਾ ਦਿਲ ਮੋਆਬ ਲਈ ਦੁਹਾਈ ਦਿੰਦਾ ਹੈ, ਉਹ ਦੇ ਭਗੌੜੇ ਸੋਆਰ ਤੱਕ ਅਤੇ ਅਗਲਥ-ਸ਼ਲੀਸ਼ੀਯਾਹ ਤੱਕ ਭੱਜੇ ਜਾਂਦੇ ਹਨ, ਉਹ ਤਾਂ ਲੂਹੀਥ ਸਥਾਨ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ, ਉਹ ਤਾਂ ਹੋਰੋਨਇਮ ਸ਼ਹਿਰ ਦੇ ਰਾਹ ਉੱਤੇ, ਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ। 6 ਨਿਮਰੀਮ ਵਾਦੀ ਦੇ ਪਾਣੀ ਤਾਂ ਸੁੱਕ ਗਏ, ਘਾਹ ਮੁਰਝਾ ਗਿਆ, ਹਰਾ ਘਾਹ ਮੁੱਕ ਗਿਆ ਅਤੇ ਹਰਿਆਈ ਹੈ ਹੀ ਨਹੀਂ। 7 ਇਸ ਲਈ ਜੋ ਵੀ ਮਾਲ-ਧਨ ਉਨ੍ਹਾਂ ਨੇ ਕਮਾਇਆ ਅਤੇ ਜੋ ਕੁਝ ਜੋੜ-ਜੋੜ ਕੇ ਇਕੱਠਾ ਕੀਤਾ, ਉਸ ਨੂੰ ਬੈਂਤਾਂ ਦੇ ਨਾਲੇ ਦੇ ਪਾਰ ਚੁੱਕ ਕੇ ਲੈ ਜਾਣਗੇ। 8 ਚਿੱਲਾਉਣਾ ਤਾਂ ਮੋਆਬ ਦੀਆਂ ਹੱਦਾਂ ਤੱਕ ਗੂੰਜ ਉੱਠਿਆ ਹੈ, ਉਹ ਦੀਆਂ ਧਾਹਾਂ ਅਗਲਇਮ ਤੱਕ ਅਤੇ ਉਹ ਦਾ ਵਿਰਲਾਪ ਬਏਰ-ਏਲੀਮ ਤੱਕ ਪਹੁੰਚਦਾ ਹੈ। 9 ਦੀਮੋਨ ਦੇ ਪਾਣੀ ਤਾਂ ਲਹੂ ਹੀ ਲਹੂ ਹਨ, ਪਰ ਤਾਂ ਵੀ ਮੈਂ ਦੀਮੋਨ ਉੱਤੇ ਹੋਰ ਵੀ ਲਿਆਵਾਂਗਾ, ਮੋਆਬ ਦੇ ਬਚਿਆਂ ਹੋਇਆਂ ਉੱਤੇ ਅਤੇ ਦੇਸ ਦੇ ਬਕੀਏ ਉੱਤੇ ਬੱਬਰ ਸ਼ੇਰ ਲਿਆਵਾਂਗਾ।

<- ਯਸਾਯਾਹ 14ਯਸਾਯਾਹ 16 ->