Link to home pageLanguagesLink to all Bible versions on this site
4
ਇਸਰਾਏਲ ਉੱਤੇ ਪਰਮੇਸ਼ੁਰ ਦਾ ਦੋਸ਼
1 ਹੇ ਇਸਰਾਏਲੀਓ, ਯਹੋਵਾਹ ਦੀ ਬਾਣੀ ਸੁਣੋ,
ਇਸ ਦੇਸ ਦੇ ਵਾਸੀਆਂ ਨਾਲ ਤਾਂ ਯਹੋਵਾਹ ਦਾ ਝਗੜਾ ਹੈ,
ਕਿਉਂ ਜੋ ਦੇਸ ਵਿੱਚ ਨਾ ਵਫ਼ਾਦਾਰੀ, ਨਾ ਦਯਾ,
ਨਾ ਪਰਮੇਸ਼ੁਰ ਦਾ ਗਿਆਨ ਹੈ!
2 ਗਾਲ੍ਹਾਂ, ਝੂਠ, ਖ਼ੂਨ ਖਰਾਬਾ, ਚੋਰੀ, ਵਿਭਚਾਰ ਹੁੰਦੇ ਹਨ,
ਉਹ ਫੁੱਟ ਨਿੱਕਲਦੇ ਹਨ ਅਤੇ ਖ਼ੂਨ ਤੇ ਖ਼ੂਨ ਹੁੰਦੇ ਹਨ!
3 ਇਸ ਲਈ ਦੇਸ ਸੋਗ ਕਰੇਗਾ,
ਅਤੇ ਉਹ ਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ,
ਨਾਲੇ ਜੰਗਲੀ ਜਾਨਵਰ ਅਤੇ ਅਕਾਸ਼ ਦੇ ਪੰਛੀ, -
ਹਾਂ, ਸਮੁੰਦਰ ਦੀਆਂ ਮੱਛੀਆਂ ਵੀ ਖ਼ਤਮ ਹੋ ਜਾਣਗੀਆਂ!
ਜਾਜਕਾਂ ਦੇ ਉੱਤੇ ਪਰਮੇਸ਼ੁਰ ਦਾ ਦੋਸ਼
4 ਪਰ ਕੋਈ ਝਗੜਾ ਨਾ ਕਰੇ, ਕੋਈ ਨਾ ਝਿੜਕੇ,
ਤੇਰੇ ਲੋਕ ਉਨ੍ਹਾਂ ਵਰਗੇ ਹਨ, ਜੋ ਜਾਜਕ ਨਾਲ ਝਗੜਦੇ ਹਨ।
5 ਦਿਨੇ ਤੂੰ ਠੋਕਰ ਖਾਵੇਂਗਾ,
ਅਤੇ ਰਾਤ ਨੂੰ ਨਬੀ ਤੇਰੇ ਨਾਲ ਠੋਕਰ ਖਾਵੇਗਾ,
ਅਤੇ ਮੈਂ ਤੇਰੀ ਮਾਤਾ ਦਾ ਨਾਸ ਕਰਾਂਗਾ।
6 ਮੇਰੀ ਪਰਜਾ ਗਿਆਨ ਤੋਂ ਬਿਨ੍ਹਾਂ ਨਾਸ ਹੁੰਦੀ ਹੈ, -
ਕਿਉਂ ਜੋ ਤੂੰ ਗਿਆਨ ਨੂੰ ਰੱਦ ਕੀਤਾ,
ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ,
ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਨੂੰ ਭੁੱਲ ਗਿਆ,
ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਂਵਾਂਗਾ।
7 ਜਿਵੇਂ-ਜਿਵੇਂ ਉਹ ਵਧੇ ਤਿਵੇਂ-ਤਿਵੇਂ ਉਹਨਾਂ ਨੇ ਮੇਰਾ ਪਾਪ ਕੀਤਾ,
ਮੈਂ ਉਹਨਾਂ ਦੇ ਪਰਤਾਪ ਨੂੰ ਸ਼ਰਮਿੰਦਗੀ ਵਿੱਚ ਬਲਦ ਦਿਆਂਗਾ।
8 ਉਹ ਮੇਰੀ ਪਰਜਾ ਦੇ ਪਾਪ ਉੱਤੇ ਖਾਂਦੇ ਹਨ,
ਅਤੇ ਉਹਨਾਂ ਦੀ ਬਦੀ ਨੂੰ ਚਾਹੁੰਦੇ ਹਨ।
9 ਇਸ ਤਰ੍ਹਾਂ ਹੋਵੇਗਾ, ਜਿਵੇਂ ਲੋਕ ਤਿਵੇਂ ਜਾਜਕ, -
ਮੈਂ ਉਹਨਾਂ ਨੂੰ ਉਹਨਾਂ ਦੀਆਂ ਚਾਲਾਂ ਦੀ ਸਜ਼ਾ ਦਿਆਂਗਾ,
ਮੈਂ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਦਿਆਂਗਾ।
10 ਉਹ ਖਾਣਗੇ ਪਰ ਰੱਜਣਗੇ ਨਾ,
ਉਹ ਵਿਭਚਾਰ ਕਰਨਗੇ ਪਰ ਵਧਣਗੇ ਨਾ,
ਕਿਉਂ ਜੋ ਉਹਨਾਂ ਨੇ ਯਹੋਵਾਹ ਦਾ ਨਾਮ ਲੈਣਾ ਛੱਡ ਦਿੱਤਾ।
ਪਰਮੇਸ਼ੁਰ ਦੇ ਦੁਆਰਾ ਮੂਰਤੀ ਪੂਜਾ ਦਾ ਵਿਰੋਧ
11 ਵਿਭਚਾਰ, ਮਧ ਅਤੇ ਨਵੀਂ ਮੈਅ,
ਇਹ ਮੱਤ ਮਾਰ ਲੈਂਦੀਆਂ ਹਨ।
12 ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ,
ਅਤੇ ਉਹਨਾਂ ਦੀ ਸੋਟੀ ਉਹਨਾਂ ਨੂੰ ਦੱਸਦੀ ਹੈ,
ਵਿਭਚਾਰ ਦੀ ਰੂਹ ਨੇ ਉਹਨਾਂ ਨੂੰ ਭਟਕਾਇਆ ਹੋਇਆ ਹੈ,
ਉਹ ਆਪਣੇ ਪਰਮੇਸ਼ੁਰ ਦੀ ਅਧੀਨਤਾਈ ਵਿੱਚੋਂ ਬਾਹਰ ਜਾ ਕੇ ਵਿਭਚਾਰ ਕਰਦੇ ਹਨ।
13 ਉਹ ਪਰਬਤਾਂ ਦੀਆਂ ਚੋਟੀਆਂ ਉੱਤੇ ਬਲੀਆਂ ਚੜ੍ਹਾਉਂਦੇ ਹਨ,
ਅਤੇ ਟਿੱਲਿਆਂ ਉੱਤੇ ਬਲੂਤ, ਪਿੱਪਲ ਅਤੇ ਚੀਲ ਦੇ ਹੇਠ
ਧੂਫ਼ ਧੁਖਾਉਂਦੇ ਹਨ, ਕਿਉਂ ਜੋ ਉਨ੍ਹਾਂ ਦੀ ਛਾਂ ਚੰਗੀ ਹੈ।
ਇਸ ਲਈ ਤੁਹਾਡੀਆਂ ਧੀਆਂ ਵਿਭਚਾਰ ਕਰਦੀਆਂ ਹਨ,
ਇਸ ਲਈ ਤੁਹਾਡੀਆਂ ਵਹੁਟੀਆਂ ਹਰਾਮਕਾਰੀ ਕਰਦੀਆਂ ਹਨ।
14 ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਾ ਦਿਆਂਗਾ,
ਜਦ ਉਹ ਵਿਭਚਾਰ ਕਰਨ,
ਨਾ ਤੁਹਾਡੀਆਂ ਵਹੁਟੀਆਂ ਨੂੰ,
ਜਦ ਉਹ ਹਰਾਮਕਾਰੀ ਕਰਨ,
ਕਿਉਂ ਜੋ ਉਹ ਵੇਸਵਾਂ ਦੇ ਨਾਲ ਇਕੱਲੇ ਜਾਂਦੇ ਹਨ,
ਅਤੇ ਦੇਵਦਾਸੀਆਂ ਨਾਲ ਬਲੀਆਂ ਚੜ੍ਹਾਉਂਦੇ ਹਨ!
ਸਮਝਹੀਣ ਲੋਕ ਬਰਬਾਦ ਹੋ ਜਾਣਗੇ।[a]
15 ਭਾਵੇਂ, ਹੇ ਇਸਰਾਏਲ, ਤੂੰ ਵਿਭਚਾਰ ਕਰੇਂ,
ਪਰ ਯਹੂਦਾਹ ਦੋਸ਼ੀ ਨਾ ਬਣੇ।
ਗਿਲਗਾਲ ਨੂੰ ਨਾ ਆਓ,
ਬੈਤ-ਆਵਨ ਨੂੰ ਨਾ ਚੜ੍ਹੋ,
ਨਾ ਜੀਉਂਦੇ ਯਹੋਵਾਹ ਦੀ ਸਹੁੰ ਖਾਓ।
16 ਜ਼ਿੱਦੀ ਵੱਛੇ ਵਾਂਗੂੰ ਇਸਰਾਏਲ ਜ਼ਿੱਦੀ ਹੈ,
ਹੁਣ ਯਹੋਵਾਹ ਉਹਨਾਂ ਨੂੰ ਲੇਲੇ ਵਾਂਗੂੰ ਖੁੱਲ੍ਹੀ ਜੂਹ ਵਿੱਚ ਚਰਾਵੇਗਾ।
17 ਇਫ਼ਰਾਈਮ ਬੁੱਤਾਂ ਨੂੰ ਜੱਫ਼ੀ ਪਾ ਬੈਠਾ ਹੈ,
ਉਹ ਨੂੰ ਛੱਡ ਦਿਓ!
18 ਸ਼ਰਾਬੀਆਂ ਦਾ ਜੱਥਾ ਬਣਾ ਕੇ ਉਹ ਪੁੱਜ ਕੇ ਵਿਭਚਾਰ ਕਰਦੇ ਹਨ,
ਉਹ ਦੇ ਹਾਕਮ ਸ਼ਰਮਿੰਦਗੀ ਨਾਲ ਗੂੜ੍ਹਾ ਪ੍ਰੇਮ ਰੱਖਦੇ ਹਨ।
19 ਇੱਕ ਹਵਾ ਨੇ ਉਹ ਨੂੰ ਆਪਣੇ ਪਰਾਂ ਵਿੱਚ ਵਲ੍ਹੇਟਿਆ ਹੈ,
ਅਤੇ ਉਹ ਆਪਣੀਆਂ ਬਲੀਆਂ ਦੇ ਕਾਰਨ ਸ਼ਰਮ ਖਾਣਗੇ।

<- ਹੋਸ਼ੇਆ 3ਹੋਸ਼ੇਆ 5 ->