Link to home pageLanguagesLink to all Bible versions on this site
11
ਬਾਗੀ ਇਸਰਾਏਲ ਦੇ ਲਈ ਪਰਮੇਸ਼ੁਰ ਦਾ ਪ੍ਰੇਮ
1 ਜਦ ਇਸਰਾਏਲ ਬੱਚਾ ਸੀ ਮੈਂ ਉਹ ਨੂੰ ਪਿਆਰ ਕੀਤਾ,
ਅਤੇ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬੁਲਾਇਆ।
2 ਜਿੰਨਾਂ ਉਨ੍ਹਾਂ ਨੇ ਇਸਰਾਏਲ ਨੂੰ ਬੁਲਾਇਆ,
ਉੱਨੀ ਦੂਰ ਉਹ ਉਨ੍ਹਾਂ ਤੋਂ ਚੱਲੇ ਗਏ[a],
ਉਹਨਾਂ ਨੇ ਬਆਲਾਂ ਲਈ ਬਲੀਆਂ ਚੜ੍ਹਾਈਆਂ,
ਅਤੇ ਮੂਰਤੀਆਂ ਲਈ ਧੂਫ਼ ਧੁਖਾਈ।
3 ਮੈਂ ਇਫ਼ਰਾਈਮ ਨੂੰ ਤੁਰਨਾ ਸਿਖਾਇਆ,
ਮੈਂ ਉਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ,
ਪਰ ਉਹਨਾਂ ਨਾ ਜਾਣਿਆ ਕਿ ਮੈਂ ਉਹਨਾਂ ਨੂੰ ਚੰਗਾ ਕੀਤਾ।
4 ਮੈਂ ਉਹਨਾਂ ਨੂੰ ਆਦਮੀ ਦੇ ਰੱਸਿਆਂ ਨਾਲ
ਅਤੇ ਪ੍ਰੇਮ ਦੇ ਬੰਧਨਾਂ ਨਾਲ ਖਿੱਚਿਆ।
ਮੈਂ ਉਹਨਾਂ ਲਈ ਉਹ ਬਣਿਆ
ਜੋ ਉਹਨਾਂ ਦੇ ਜਬਾੜਿਆਂ ਉੱਤੋਂ ਲਗਾਮ ਖੋਲ੍ਹਦਾ ਹੈ,
ਮੈਂ ਉਹਨਾਂ ਦੀ ਵੱਲ ਝੁੱਕ ਕੇ ਖੁਆਇਆ।
5 ਉਹ ਮਿਸਰ ਦੇਸ ਵਿੱਚ ਨਾ ਮੁੜਨਗੇ,
ਪਰ ਅੱਸ਼ੂਰ ਉਹਨਾਂ ਦਾ ਰਾਜਾ ਹੋਵੇਗਾ,
ਕਿਉਂ ਜੋ ਉਹਨਾਂ ਨੇ ਮੁੜਨ ਦਾ ਇਨਕਾਰ ਕੀਤਾ।
6 ਤਲਵਾਰ ਉਹਨਾਂ ਦੇ ਸ਼ਹਿਰਾਂ ਉੱਤੇ ਆ ਪਵੇਗੀ,
ਅਤੇ ਉਹਨਾਂ ਦੇ ਅਰਲਾਂ ਨੂੰ ਮੁਕਾ ਦੇਵੇਗੀ,
ਅਤੇ ਉਹਨਾਂ ਦੀਆਂ ਯੋਜਨਾਵਾਂ ਦੇ ਕਾਰਨ ਉਹਨਾਂ ਨੂੰ ਖਾ ਲਵੇਗੀ।
7 ਮੇਰੇ ਲੋਕ ਮੇਰੇ ਤੋਂ ਫਿਰ ਜਾਣ ਲਈ ਦ੍ਰਿੜ੍ਹ ਹਨ,
ਉਹ ਅੱਤ ਮਹਾਨ ਨੂੰ ਪੁਕਾਰਦੇ ਹਨ,
ਪਰ ਉਹ ਮਿਲ ਕੇ ਉਹ ਨੂੰ ਨਾ ਵਡਿਆਉਣਗੇ।
8 ਹੇ ਇਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡਾਂ?
ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ?
ਮੈਂ ਤੈਨੂੰ ਕਿਵੇਂ ਅਦਮਾਹ ਵਾਂਗੂੰ ਕਰਾਂ?
ਮੈਂ ਤੇਰੇ ਨਾਲ ਕਿਵੇਂ ਸਬੋਈਮ ਵਾਂਗੂੰ ਵਰਤਾਓ ਕਰਾਂ?
ਮੇਰਾ ਦਿਲ ਮੇਰੇ ਅੰਦਰ ਬਦਲ ਗਿਆ,
ਮੇਰਾ ਤਰਸ ਪੂਰੀ ਤਰ੍ਹਾਂ ਗਰਮ ਅਤੇ ਨਰਮ ਹੋ ਗਿਆ।
9 ਮੈਂ ਆਪਣੇ ਤੇਜ਼ ਕ੍ਰੋਧ ਅਨੁਸਾਰ ਵਿਹਾਰ ਨਹੀਂ ਕਰਾਂਗਾ,
ਮੈਂ ਇਫ਼ਰਾਈਮ ਦੇ ਨਾਸ ਕਰਨ ਲਈ ਨਹੀਂ ਮੁੜਾਂਗਾ।
ਮੈਂ ਪਰਮੇਸ਼ੁਰ ਹਾਂ, ਇਨਸਾਨ ਨਹੀਂ,
ਮੈਂ ਤੇਰੇ ਵਿਚਕਾਰ ਪਵਿੱਤਰ ਪੁਰਖ ਹਾਂ,
ਮੈਂ ਕ੍ਰੋਧ ਨਾਲ ਨਹੀਂ ਆਵਾਂਗਾ[b]
10 ਉਹ ਯਹੋਵਾਹ ਦੇ ਪਿੱਛੇ ਚੱਲਣਗੇ,
ਉਹ ਬੱਬਰ ਸ਼ੇਰ ਵਾਂਗੂੰ ਗੱਜੇਗਾ,
ਜਦ ਉਹ ਗੱਜੇਗਾ, ਉਹ ਦੇ ਪੁੱਤਰ ਕੰਬਦੇ ਹੋਏ ਪੱਛਮ ਵੱਲੋਂ ਆਉਣਗੇ।
11 ਉਹ ਮਿਸਰ ਵਿੱਚੋਂ ਪੰਛੀ ਵਾਂਗੂੰ,
ਅਤੇ ਅੱਸ਼ੂਰ ਦੇ ਦੇਸ ਵਿੱਚੋਂ ਘੁੱਗੀ ਵਾਂਗੂੰ ਕੰਬਦੇ ਹੋਏ ਆਉਣਗੇ,
ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਵਾਂਗਾ,
ਯਹੋਵਾਹ ਦਾ ਵਾਕ ਹੈ।
ਇਸਰਾਏਲ ਅਤੇ ਯਹੂਦਾਹ ਦਾ ਵਿਰੋਧ
12 ਇਫ਼ਰਾਈਮ ਨੇ ਮੈਨੂੰ ਝੂਠ ਨਾਲ,
ਅਤੇ ਇਸਰਾਏਲ ਦੇ ਘਰਾਣੇ ਨੇ ਮੈਨੂੰ ਧੋਖੇ ਨਾਲ ਘੇਰ ਲਿਆ ਹੈ।
ਪਰ ਯਹੂਦਾਹ ਹੁਣ ਤੱਕ ਪਰਮੇਸ਼ੁਰ ਨਾਲ ਚੱਲਦਾ ਰਿਹਾ,
ਅਤੇ ਪਵਿੱਤਰ ਪੁਰਖ ਦਾ ਵਫ਼ਾਦਾਰ ਰਿਹਾ ਹੈ।

<- ਹੋਸ਼ੇਆ 10ਹੋਸ਼ੇਆ 12 ->