Link to home pageLanguagesLink to all Bible versions on this site

ਹੋਸ਼ੇਆ
ਲੇਖਕ
ਹੋਸ਼ੇਆ ਦੀ ਪੁਸਤਕ ਵਿੱਚ ਜ਼ਿਆਦਾਤਰ ਸੰਦੇਸ਼ ਹੋਸ਼ੇਆ ਦੁਆਰਾ ਬੋਲੇ ਗਏ ਸਨ। ਅਸੀਂ ਇਹ ਨਹੀਂ ਜਾਣਦੇ ਕਿ ਉਸ ਨੇ ਖੁਦ ਉਨ੍ਹਾਂ ਨੂੰ ਲਿਖਿਆ ਜਾਂ ਨਹੀਂ; ਉਸ ਦੇ ਬਚਨ ਸ਼ਾਇਦ ਉਸ ਦੇ ਅਨੁਯਾਈਆਂ ਦੁਆਰਾ ਇਕੱਠੇ ਕੀਤੇ ਗਏ, ਜਿਹੜੇ ਵਿਸ਼ਵਾਸ ਕਰਦੇ ਸਨ ਕਿ ਹੋਸ਼ੇਆ ਪਰਮੇਸ਼ੁਰ ਵੱਲੋਂ ਬੋਲਦਾ ਸੀ। ਨਬੀ ਦੇ ਨਾਮ ਦਾ ਅਰਥ ਹੈ “ਮੁਕਤੀ”, ਕਿਸੇ ਹੋਰ ਨਬੀ ਨਾਲੋਂ ਜ਼ਿਆਦਾ ਹੋਸ਼ੇਆ ਨੇ ਆਪਣੇ ਸੰਦੇਸ਼ ਨੂੰ ਆਪਣੇ ਨਿੱਜੀ ਜੀਵਨ ਨਾਲ ਗਹਿਰਾਈ ਨਾਲ ਜੋੜਿਆ। ਇੱਕ ਅਜਿਹੀ ਇਸਤਰੀ ਨਾਲ ਵਿਆਹ ਕਰਕੇ, ਜਿਸ ਬਾਰੇ ਉਹ ਜਾਣਦਾ ਸੀ ਕਿ ਆਖ਼ਰਕਾਰ ਉਹ ਉਸ ਨੂੰ ਧੋਖਾ ਦੇਵੇਗੀ ਅਤੇ ਆਪਣੇ ਬੱਚਿਆਂ ਨੂੰ ਅਜਿਹੇ ਨਾਮ ਦੇ ਕੇ ਜੋ ਇਸਰਾਏਲ ਉੱਤੇ ਸਜ਼ਾ ਦਾ ਸੰਦੇਸ਼ ਦਿੰਦੇ ਸਨ, ਹੋਸ਼ੇਆ ਦੀ ਭਵਿੱਖਬਾਣੀ ਦੇ ਬਚਨ ਉਸ ਦੇ ਪਰਿਵਾਰ ਦੇ ਜੀਵਨ ਵਿੱਚੋਂ ਹੋ ਕੇ ਨਿੱਕਲਦੇ ਹਨ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 750-710 ਈ. ਪੂ. ਦੇ ਵਿਚਕਾਰ ਲਿਖੀ ਗਈ।
ਹੋਸ਼ੇਆ ਦੇ ਸੰਦੇਸ਼ ਇਕੱਠੇ ਕੀਤੇ ਗਏ, ਸੰਪਾਦਿਤ ਕੀਤੇ ਗਏ ਅਤੇ ਲਿਖੇ ਗਏ। ਇਹ ਸਪੱਸ਼ਟ ਨਹੀਂ ਹੈ ਕਿ ਇਹ ਪ੍ਰਕਿਰਿਆ ਕਦੋਂ ਪੂਰੀ ਹੋਈ, ਪਰ ਸੰਭਾਵਨਾ ਹੈ ਕਿ ਇਹ ਕੰਮ ਯਰੂਸ਼ਲਮ ਦੇ ਵਿਨਾਸ਼ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ ਸੀ।
ਪ੍ਰਾਪਤ ਕਰਤਾ
ਹੋਸ਼ੇਆ ਦੇ ਜ਼ੁਬਾਨੀ ਸੰਦੇਸ਼ ਦਾ ਮੂਲ ਦਰਸ਼ਕ ਇਸਰਾਏਲ ਦਾ ਉੱਤਰੀ ਰਾਜ ਰਿਹਾ ਹੋਵੇਗਾ। ਜਦ ਉਨ੍ਹਾਂ ਨੂੰ ਕੁਚਲ ਦਿੱਤਾ ਗਿਆ, ਉਸ ਤੋਂ ਬਾਅਦ, ਹੋਸ਼ੇਆ ਦੇ ਬਚਨਾਂ ਨੂੰ ਨਿਆਂ ਲਈ ਚੇਤਾਵਨੀ ਦੀ ਭਵਿੱਖਬਾਣੀ, ਤੋਬਾ ਲਈ ਬੁਲਾਹਟ ਅਤੇ ਬਹਾਲੀ ਦੇ ਵਾਅਦੇ ਵੱਜੋਂ ਸੁਰੱਖਿਅਤ ਕਰਕੇ ਦਰਜ ਕਰ ਲਿਆ ਗਿਆ।
ਉਦੇਸ਼
ਹੋਸ਼ੇਆ ਨੇ ਇਹ ਪੁਸਤਕ ਇਸਰਾਏਲੀਆਂ ਨੂੰ ਅਤੇ ਸਾਨੂੰ ਇਹ ਯਾਦ ਕਰਾਉਣ ਲਈ ਲਿਖੀ ਕਿ ਪਰਮੇਸ਼ੁਰ ਸਾਡੇ ਤੋਂ ਵਫ਼ਾਦਾਰੀ ਦੀ ਉਮੀਦ ਕਰਦਾ ਹੈ। ਯਹੋਵਾਹ ਹੀ ਇੱਕ ਮਾਤਰ ਸੱਚਾ ਪਰਮੇਸ਼ੁਰ ਹੈ ਅਤੇ ਉਹ ਅਖੰਡ ਵਫ਼ਾਦਾਰੀ ਦੀ ਮੰਗ ਕਰਦਾ ਹੈ। ਪਾਪ ਨਿਆਂ ਲਿਆਉਂਦਾ ਹੈ। ਹੋਸ਼ੇਆ ਨੇ ਦੁੱਖਦਾਇਕ ਨਤੀਜਿਆਂ, ਹਮਲੇ ਅਤੇ ਗੁਲਾਮੀ ਦੀ ਚੇਤਾਵਨੀ ਦਿੱਤੀ। ਪਰਮੇਸ਼ੁਰ ਮਨੁੱਖਾਂ ਵਰਗਾ ਨਹੀਂ ਹੈ ਜੋ ਵਫ਼ਾਦਾਰੀ ਦਾ ਵਾਅਦਾ ਕਰਦੇ ਹਨ ਅਤੇ ਫਿਰ ਇਸ ਨੂੰ ਤੋੜ ਦਿੰਦੇ ਹਨ। ਇਸਰਾਏਲ ਦੇ ਵਿਸ਼ਵਾਸਘਾਤ ਦੇ ਬਾਵਜੂਦ, ਪਰਮੇਸ਼ੁਰ ਨੇ ਉਹਨਾਂ ਨੂੰ ਪਿਆਰ ਕਰਨਾ ਜਾਰੀ ਰੱਖਿਆ, ਅਤੇ ਉਨ੍ਹਾਂ ਦੀ ਬਹਾਲੀ ਲਈ ਇੱਕ ਰਸਤਾ ਪ੍ਰਦਾਨ ਕੀਤਾ। ਹੋਸ਼ੇਆ ਅਤੇ ਗੋਮਰ ਦੇ ਵਿਆਹ ਦੀ ਪ੍ਰਤੀਕ ਪੇਸ਼ਕਾਰੀ ਦੇ ਜ਼ਰੀਏ, ਪਰਮੇਸ਼ੁਰ ਦਾ ਮੂਰਤੀ-ਪੂਜਕ ਕੌਮ ਇਸਰਾਏਲ ਦੇ ਪ੍ਰਤੀ ਪ੍ਰੇਮ ਪਾਪ, ਨਿਆਂ ਅਤੇ ਮਾਫ਼ ਕਰਨ ਵਾਲੇ ਪ੍ਰੇਮ ਦੇ ਵਿਸ਼ਿਆਂ ਦੇ ਵਿਚਕਾਰ ਇੱਕ ਬਹੁਤ ਵੱਡੇ ਪ੍ਰਤੀਕ ਦੇ ਰੂਪ ਵਿੱਚ ਦਿਖਾਇਆ ਗਿਆ ਹੈ।
ਵਿਸ਼ਾ-ਵਸਤੂ
ਵਿਸ਼ਵਾਸਘਾਤ
ਰੂਪ-ਰੇਖਾ
1. ਹੋਸ਼ੇਆ ਦੀ ਵਿਸ਼ਵਾਸਘਾਤੀ ਪਤਨੀ — 1:1-11
2. ਇਸਰਾਏਲ ਲਈ ਪਰਮੇਸ਼ੁਰ ਦੀ ਸਜ਼ਾ ਅਤੇ ਨਿਆਂ — 2:1-23
3. ਪਰਮੇਸ਼ੁਰ ਆਪਣੇ ਲੋਕਾਂ ਨੂੰ ਛੁਡਾਉਂਦਾ ਹੈ — 3:1-5
4. ਇਸਰਾਏਲੀਆਂ ਦੀ ਸਜ਼ਾ ਅਤੇ ਵਿਸ਼ਵਾਸਘਾਤ — 4:1-10:15
5. ਪਰਮੇਸ਼ੁਰ ਦਾ ਪ੍ਰੇਮ ਅਤੇ ਇਸਰਾਏਲੀਆਂ ਨੂੰ ਬਹਾਲ ਕਰਨਾ — 11:1-14:9

1 ਇਹ ਯਹੋਵਾਹ ਦੀ ਉਹ ਬਾਣੀ ਹੈ, ਜਿਹੜੀ ਬੇਰੀ ਦੇ ਪੁੱਤਰ ਹੋਸ਼ੇਆ ਨੂੰ ਉਸ ਸਮੇਂ ਆਈ, ਜਦੋਂ ਯਹੂਦਾਹ ਦੇ ਉੱਤੇ ਰਾਜਾ ਉੱਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦਾ ਰਾਜ ਸੀ ਅਤੇ ਇਸਰਾਏਲ ਦੇ ਉੱਤੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦਾ ਰਾਜ ਸੀ।

ਹੋਸ਼ੇਆ ਦੀ ਪਤਨੀ ਅਤੇ ਬੱਚੇ
2 ਜਦ ਯਹੋਵਾਹ ਪਹਿਲਾਂ ਹੋਸ਼ੇਆ ਦੇ ਰਾਹੀਂ ਬੋਲਿਆ, ਤਾਂ ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, ਜਾ ਕੇ ਇੱਕ ਵੇਸਵਾ ਔਰਤ ਨਾਲ ਵਿਆਹ ਕਰ। ਉਹ ਵਿਭਚਾਰ ਦੇ ਬੱਚਿਆਂ ਨੂੰ ਜਨਮ ਦੇਵੇਗੀ। ਕਿਉਂ ਜੋ ਦੇਸ ਨੇ ਯਹੋਵਾਹ ਨੂੰ ਛੱਡ ਕੇ ਵੱਡਾ ਵਿਭਚਾਰ ਕੀਤਾ ਹੈ। 3 ਤਾਂ ਉਸ ਨੇ ਜਾ ਕੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ। ਉਹ ਗਰਭਵਤੀ ਹੋਈ ਅਤੇ ਉਹ ਦੇ ਲਈ ਪੁੱਤਰ ਨੂੰ ਜਨਮ ਦਿੱਤਾ।

4 ਯਹੋਵਾਹ ਨੇ ਉਹ ਨੂੰ ਆਖਿਆ, ਉਸ ਦਾ ਨਾਮ ਯਿਜ਼ਰਏਲ[a] ਰੱਖ, ਕਿਉਂ ਜੋ ਥੋੜ੍ਹੇ ਸਮੇਂ ਵਿੱਚ ਮੈਂ ਯਿਜ਼ਰਏਲ ਦੇ ਖ਼ੂਨ ਦੀ ਸਜ਼ਾ ਯੇਹੂ ਦੇ ਘਰਾਣੇ ਉੱਤੇ ਲਿਆਵਾਂਗਾ ਅਤੇ ਇਸਰਾਏਲ ਦੇ ਘਰਾਣੇ ਦੇ ਰਾਜ ਨੂੰ ਖ਼ਤਮ ਕਰ ਦਿਆਂਗਾ[b]5 ਫਿਰ ਉਸੇ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਇਸਰਾਏਲ ਦਾ ਧਣੁੱਖ ਯਿਜ਼ਰਏਲ ਦੀ ਵਾਦੀ ਵਿੱਚ ਭੰਨ ਸੁੱਟਾਂਗਾ।

6 ਉਹ ਫੇਰ ਗਰਭਵਤੀ ਹੋਈ ਅਤੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸ ਨੇ ਉਹ ਨੂੰ ਆਖਿਆ, ਇਸ ਦਾ ਨਾਮ “ਲੋ-ਰੁਹਾਮਾਹ[c]” ਰੱਖ, ਕਿਉਂ ਜੋ ਮੈਂ ਫਿਰ ਇਸਰਾਏਲ ਦੇ ਘਰਾਣੇ ਉੱਤੇ ਹੋਰ ਰਹਿਮ ਨਹੀਂ ਕਰਾਂਗਾ ਅਤੇ ਉਹਨਾਂ ਨੂੰ ਕਦੇ ਵੀ ਮਾਫ਼ ਨਾ ਕਰਾਂਗਾ। 7 ਪਰ ਮੈਂ ਯਹੂਦਾਹ ਦੇ ਘਰਾਣੇ ਉੱਤੇ ਰਹਿਮ ਕਰਾਂਗਾ ਅਤੇ ਮੈਂ ਉਹਨਾਂ ਨੂੰ ਧਣੁੱਖ, ਤਲਵਾਰ, ਲੜਾਈ, ਘੋੜਿਆਂ ਜਾਂ ਸਵਾਰਾਂ ਨਾਲ ਨਾ ਬਚਾਵਾਂਗਾ, ਸਗੋਂ ਯਹੋਵਾਹ ਉਹਨਾਂ ਦੇ ਪਰਮੇਸ਼ੁਰ ਦੇ ਦੁਆਰਾ ਬਚਾਵਾਂਗਾ।

8 ਲੋ-ਰੁਹਾਮਾਹ ਦਾ ਦੁੱਧ ਛੁਡਾਉਣ ਤੋਂ ਬਾਅਦ ਉਹ ਇਸਤਰੀ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ। 9 ਤਾਂ ਉਸ ਨੂੰ ਆਖਿਆ, ਇਹ ਦਾ ਨਾਮ “ਲੋ-ਅੰਮੀ[d]” ਰੱਖ, ਕਿਉਂ ਜੋ ਤੁਸੀਂ ਮੇਰੀ ਪਰਜਾ ਨਹੀਂ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਨਹੀਂ ਹਾਂ।

ਇਸਰਾਏਲ ਦੀ ਪੁਨਰ ਸਥਾਪਨਾ
10 ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗੂੰ ਹੋਵੇਗੀ, ਜਿਹੜੀ ਮਿਣੀ ਅਤੇ ਗਿਣੀ ਨਹੀਂ ਜਾ ਸਕਦੀ। ਇਸ ਤਰ੍ਹਾਂ ਹੋਵੇਗਾ ਕਿ ਜਿੱਥੇ ਉਨ੍ਹਾਂ ਨੂੰ ਇਹ ਆਖਿਆ ਗਿਆ ਸੀ, “ਤੁਸੀਂ ਮੇਰੀ ਪਰਜਾ ਨਹੀਂ ਹੋ” ਉੱਥੇ ਹੀ ਉਹਨਾਂ ਨੂੰ ਆਖਿਆ ਜਾਵੇਗਾ, “ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤਰ ਹੋ।” 11 ਯਹੂਦੀ ਅਤੇ ਇਸਰਾਏਲੀ ਫਿਰ ਇਕੱਠੇ ਹੋਣਗੇ ਅਤੇ ਉਹ ਆਪਣੇ ਲਈ ਇੱਕ ਆਗੂ ਠਹਿਰਾਉਣਗੇ। ਉਹ ਇਸ ਦੇਸ ਵਿੱਚੋਂ ਉਤਾਹਾਂ ਜਾਣਗੇ, ਕਿਉਂ ਜੋ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ[e]

ਹੋਸ਼ੇਆ 2 ->