14 ਸਭਨਾਂ ਨਾਲ ਮੇਲ-ਮਿਲਾਪ ਰੱਖੋ ਅਤੇ ਪਵਿੱਤਰਤਾਈ ਦੀ ਭਾਲ ਕਰੋ ਜਿਹ ਦੇ ਬਿਨ੍ਹਾਂ ਕੋਈ ਪ੍ਰਭੂ ਨੂੰ ਨਾ ਵੇਖੇਗਾ। 15 ਵੇਖਣਾ ਭਈ ਕੋਈ ਪਰਮੇਸ਼ੁਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਨਾ ਹੋਵੇ ਭਈ ਕੋਈ ਕੁੜੱਤਣ ਦੀ ਜੜ੍ਹ ਫੁੱਟ ਕੇ ਦੁੱਖ ਦੇਵੇ ਅਤੇ ਉਹ ਦੇ ਕਾਰਨ ਬਹੁਤਿਆਂ ਦਾ ਜੀਵਨ ਭਰਿਸ਼ਟ ਹੋ ਜਾਵੇ। 16 ਅਤੇ ਨਾ ਹੋਵੇ ਭਈ ਕੋਈ ਹਰਾਮਕਾਰ ਅਥਵਾ ਏਸਾਉ ਦੀ ਤਰ੍ਹਾਂ ਕੁਧਰਮੀ ਹੋਵੇ ਜਿਸ ਨੇ ਇੱਕ ਵੇਲੇ ਦੇ ਭੋਜਨ ਲਈ ਆਪਣੇ ਪਹਿਲੌਠੇ ਦਾ ਹੋਣ ਦਾ ਹੱਕ ਵੇਚ ਸੁੱਟਿਆ। 17 ਕਿਉਂ ਜੋ ਤੁਸੀਂ ਜਾਣਦੇ ਹੋ ਕਿ ਬਾਅਦ ਵਿੱਚ ਜਦੋਂ ਉਹ ਨੇ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ ਵੀ ਤਾਂ ਉਹ ਅਪਰਵਾਨ ਹੋਇਆ, ਕਿਉਂਕਿ ਉਹ ਨੂੰ ਤੋਬਾ ਕਰਨ ਦਾ ਮੌਕਾ ਨਾ ਮਿਲਿਆ ਭਾਵੇਂ ਉਹ ਨੇ ਹੰਝੂ ਵਹਾ ਕੇ ਉਹ ਨੂੰ ਭਾਲਿਆ।
18 ਤੁਸੀਂ ਤਾਂ ਉਸ ਪਹਾੜ ਕੋਲ ਨਹੀਂ ਆਏ ਹੋ ਜਿਹ ਨੂੰ ਹੱਥ ਲਾਇਆ ਜਾਵੇ, ਜਿਹੜਾ ਅੱਗ ਨਾਲ ਬਲ ਉੱਠਿਆ, ਨਾ ਕਾਲੀ ਘਟਾ, ਨਾ ਘੁੱਪ ਹਨ੍ਹੇਰੇ, ਨਾ ਝੱਖੜ-ਝੋਲੇ, 19 ਨਾ ਤੁਰ੍ਹੀ ਦੇ ਸ਼ਬਦ, ਨਾ ਗੱਲਾਂ ਦੀ ਅਵਾਜ਼ ਕੋਲ ਜਿਹ ਦੇ ਸੁਣਨ ਵਾਲਿਆਂ ਨੇ ਅਰਦਾਸ ਕੀਤੀ ਕਿ ਹੋਰ ਬਚਨ ਸਾਨੂੰ ਨਾ ਆਖਿਆ ਜਾਵੇ! 20 ਕਿਉਂ ਜੋ ਉਹ ਉਸ ਹੁਕਮ ਨੂੰ ਸਹਾਰ ਨਾ ਸਕੇ ਭਈ ਜੇ ਪਸ਼ੂ ਵੀ ਪਰਬਤ ਨੂੰ ਛੂਹੇ ਤਾਂ ਵੱਟਿਆਂ ਨਾਲ ਮਾਰਿਆ ਜਾਵੇ। 21 ਅਤੇ ਉਹ ਜੋ ਦਿਖਾਈ ਦਿੱਤਾ ਸੋ ਅਜਿਹਾ ਭਿਆਨਕ ਸੀ ਜੋ ਮੂਸਾ ਨੇ ਆਖਿਆ ਕਿ ਮੈਂ ਬਹੁਤ ਹੀ ਡਰਦਾ ਅਤੇ ਥਰ-ਥਰ ਕੰਬਦਾ ਹਾਂ! 22 ਸਗੋਂ ਤੁਸੀਂ ਸੀਯੋਨ ਦੇ ਪਹਾੜ ਕੋਲ ਆਏ ਹੋ ਅਤੇ ਅੱਤ ਮਹਾਨ ਪਰਮੇਸ਼ੁਰ ਦੀ ਨਗਰੀ ਸਵਰਗੀ ਯਰੂਸ਼ਲਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਕੋਲ। 23 ਅਤੇ ਪਲੋਠਿਆਂ ਦੀ ਕਲੀਸਿਯਾ ਕੋਲ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਪਰਮੇਸ਼ੁਰ ਕੋਲ ਜਿਹੜਾ ਸਾਰਿਆਂ ਦਾ ਨਿਆਂ ਕਰਨ ਵਾਲਾ ਹੈ ਅਤੇ ਸਿੱਧ ਕੀਤਿਆਂ ਹੋਇਆ ਧਰਮੀਆਂ ਦੇ ਆਤਮਿਆਂ ਕੋਲ। 24 ਅਤੇ ਯਿਸੂ ਕੋਲ ਜਿਹੜਾ ਨਵੇਂ ਨੇਮ ਦਾ ਵਿਚੋਲਾ ਹੈ ਅਤੇ ਛਿੜਕੇ ਹੋਏ ਲਹੂ ਦੇ ਕੋਲ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਰਦਾ ਹੈ। 25 ਵੇਖੋ, ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ, ਕਿਉਂਕਿ ਜਦੋਂ ਉਹ ਨਾ ਬਚੇ ਜਿਨ੍ਹਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ, ਤਾਂ ਉਸ ਤੋਂ ਕਿਵੇਂ ਬਚਾਂਗੇ ਜਿਹੜਾ ਸਵਰਗ ਉੱਤੋਂ ਚਿਤਾਰਦਾ ਹੈ। 26 ਜਿਹ ਦੇ ਸ਼ਬਦ ਨੇ ਉਸ ਵੇਲੇ ਧਰਤੀ ਨੂੰ ਹਿਲਾ ਦਿੱਤਾ ਪਰ ਹੁਣ ਉਹ ਨੇ ਇਹ ਕਹਿ ਕੇ ਬਚਨ ਦਿੱਤਾ ਹੈ ਭਈ ਫੇਰ ਇੱਕ ਵਾਰੀ ਮੈਂ ਕੇਵਲ ਧਰਤੀ ਨੂੰ ਹੀ ਨਹੀਂ ਸਗੋਂ ਅਕਾਸ਼ ਨੂੰ ਵੀ ਹਿਲਾ ਦਿਆਂਗਾ। 27 ਅਤੇ ਇਹ ਜਿਹੜਾ ਬਚਨ ਹੈ ਕਿ ਫੇਰ ਇੱਕ ਵਾਰੀ, ਇਹ ਦੱਸਦਾ ਹੈ ਕਿ ਬਣਾਈਆਂ ਹੋਈਆਂ ਵਸਤਾਂ ਵਾਂਗੂੰ ਉਹ ਵਸਤਾਂ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ ਸੋ ਟਲ ਜਾਣਗੀਆਂ, ਤਾਂ ਜੋ ਉਹ ਵਸਤਾਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ ਬਣੀਆਂ ਰਹਿਣ। 28 ਸੋ ਜਦੋਂ ਸਾਨੂੰ ਇੱਕ ਰਾਜ ਮਿਲਿਆ ਜਿਹੜਾ ਹਿਲਾਇਆ ਨਹੀਂ ਜਾਂਦਾ ਤਾਂ ਆਓ, ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਡਰ ਨਾਲ ਪਰਮੇਸ਼ੁਰ ਦੀ ਉਹ ਬੰਦਗੀ ਕਰੀਏ ਜੋ ਉਹ ਦੇ ਮਨ ਨੂੰ ਚੰਗੀ ਲੱਗੇ, 29 ਕਿਉਂ ਜੋ ਸਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ।
<- ਇਬਰਾਨੀਆਂ ਨੂੰ 11ਇਬਰਾਨੀਆਂ ਨੂੰ 13 ->