Link to home pageLanguagesLink to all Bible versions on this site
6
ਮਨੁੱਖ ਜਾਤੀ ਦੀ ਦੁਸ਼ਟਤਾ
1 ਫਿਰ ਜਦ ਮਨੁੱਖ ਧਰਤੀ ਉੱਤੇ ਵਧਣ ਲੱਗ ਪਏ ਅਤੇ ਉਨ੍ਹਾਂ ਤੋਂ ਧੀਆਂ ਜੰਮੀਆਂ। 2 ਤਦ ਪਰਮੇਸ਼ੁਰ ਦੇ ਪੁੱਤਰਾਂ[a] ਨੇ ਮਨੁੱਖ ਦੀਆਂ ਧੀਆਂ ਨੂੰ ਵੇਖਿਆ ਕਿ ਉਹ ਸੋਹਣੀਆਂ ਹਨ, ਤਦ ਉਨ੍ਹਾਂ ਨੇ ਉਨ੍ਹਾਂ ਸਾਰੀਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਏ। 3 ਯਹੋਵਾਹ ਨੇ ਆਖਿਆ, ਮੇਰਾ ਆਤਮਾ[b] ਮਨੁੱਖ ਦੇ ਵਿਰੁੱਧ ਸਦਾ ਤੱਕ ਵਾਦ-ਵਿਵਾਦ ਨਹੀਂ ਕਰਦਾ ਰਹੇਗਾ ਕਿਉਂਕਿ ਉਹ ਸਰੀਰ ਹੀ ਹੈ, ਉਸ ਦੀ ਉਮਰ ਇੱਕ ਸੌ ਵੀਹ ਸਾਲਾਂ ਦੀ ਹੋਵੇਗੀ। 4 ਉਨ੍ਹਾਂ ਦਿਨਾਂ ਵਿੱਚ ਧਰਤੀ ਉੱਤੇ ਦੈਂਤ[c] ਵੱਸਦੇ ਸਨ ਅਤੇ ਇਸ ਤੋਂ ਬਾਅਦ ਜਦ ਪਰਮੇਸ਼ੁਰ ਦੇ ਪੁੱਤਰ ਆਦਮੀ ਦੀਆਂ ਧੀਆਂ ਕੋਲ ਆਏ ਅਤੇ ਉਨ੍ਹਾਂ ਨੇ ਉਨ੍ਹਾਂ ਲਈ ਜੋ ਪੁੱਤਰ ਜਣੇ ਉਹ ਸੂਰਬੀਰ ਸਨ ਜਿਹੜੇ ਸ਼ੁਰੂ ਤੋਂ ਪ੍ਰਸਿੱਧ ਹੋਏ। 5 ਫੇਰ ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵੱਧ ਗਈ ਹੈ ਅਤੇ ਉਨ੍ਹਾਂ ਦੇ ਮਨ ਵਿੱਚ ਪੈਦਾ ਹੋਣ ਵਾਲਾ ਹਰੇਕ ਵਿਚਾਰ ਬੁਰਿਆਈ ਨਾਲ ਭਰਿਆ ਹੁੰਦਾ ਹੈ। 6 ਯਹੋਵਾਹ ਧਰਤੀ ਉੱਤੇ ਆਦਮੀ ਦੀ ਸਿਰਜਣਾ ਕਰਕੇ ਪਛਤਾਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ। 7 ਤਦ ਯਹੋਵਾਹ ਨੇ ਆਖਿਆ, ਮੈਂ ਆਦਮੀ ਨੂੰ ਜਿਸ ਦੀ ਮੈਂ ਰਚਨਾ ਕੀਤੀ, ਹੈ, ਆਦਮੀ, ਡੰਗਰ, ਘਿੱਸਰਨ ਵਾਲੇ ਅਤੇ ਅਕਾਸ਼ ਦੇ ਪੰਛੀਆਂ ਨੂੰ ਵੀ ਧਰਤੀ ਦੇ ਉੱਤੋਂ ਮਿਟਾ ਦਿਆਂਗਾ, ਕਿਉਂ ਜੋ ਮੈਂ ਉਨ੍ਹਾਂ ਨੂੰ ਬਣਾ ਕੇ ਪਛਤਾਉਂਦਾ ਹਾਂ। 8 ਪਰ ਨੂਹ ਉੱਤੇ ਯਹੋਵਾਹ ਦੀ ਕਿਰਪਾ ਹੋਈ।
ਨੂਹ
9 ਇਹ ਨੂਹ ਦੀ ਵੰਸ਼ਾਵਲੀ ਹੈ। ਨੂਹ ਇੱਕ ਧਰਮੀ ਮਨੁੱਖ ਸੀ, ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ-ਨਾਲ ਚਲਦਾ ਸੀ। 10 ਨੂਹ ਦੇ ਤਿੰਨ ਪੁੱਤਰ ਸਨ ਅਰਥਾਤ ਸ਼ੇਮ, ਹਾਮ ਅਤੇ ਯਾਫ਼ਥ। 11 ਧਰਤੀ ਪਰਮੇਸ਼ੁਰ ਦੇ ਅੱਗੇ ਵਿਗੜੀ ਹੋਈ ਸੀ ਅਤੇ ਜ਼ੁਲਮ ਨਾਲ ਭਰੀ ਹੋਈ ਸੀ। 12 ਤਦ ਪਰਮੇਸ਼ੁਰ ਨੇ ਧਰਤੀ ਨੂੰ ਵੇਖਿਆ ਅਤੇ ਵੇਖੋ ਉਹ ਵਿਗੜੀ ਹੋਈ ਸੀ, ਕਿਉਂ ਜੋ ਸਾਰੇ ਮਨੁੱਖਾਂ ਨੇ ਆਪਣੇ ਚਾਲ-ਚਲਣ ਨੂੰ ਧਰਤੀ ਉੱਤੇ ਵਿਗਾੜ ਲਿਆ ਸੀ। 13 ਪਰਮੇਸ਼ੁਰ ਨੇ ਨੂਹ ਨੂੰ ਆਖਿਆ, ਮੈਂ ਸਾਰੇ ਪ੍ਰਾਣੀਆਂ ਨੂੰ ਨਾਸ ਕਰਨ ਦਾ ਵਿਚਾਰ ਕਰ ਲਿਆ ਹੈ ਕਿਉਂ ਜੋ ਧਰਤੀ ਉਨ੍ਹਾਂ ਦੇ ਕਾਰਨ ਬੁਰਿਆਈ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸਮੇਤ ਨਾਸ ਕਰ ਦਿਆਂਗਾ। 14 ਤੂੰ ਗੋਫ਼ਰ ਦੀ ਲੱਕੜੀ ਤੋਂ ਆਪਣੇ ਲਈ ਇੱਕ ਕਿਸ਼ਤੀ ਬਣਾ। ਤੂੰ ਉਸ ਕਿਸ਼ਤੀ ਵਿੱਚ ਕੋਠੜੀਆਂ ਬਣਾਈਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ। 15 ਉਹ ਨੂੰ ਇਸੇ ਤਰ੍ਹਾਂ ਬਣਾਈਂ, ਭਈ ਕਿਸ਼ਤੀ ਦੀ ਲੰਬਾਈ ਤਿੰਨ ਸੌ ਹੱਥ, ਉਹ ਦੀ ਚੌੜਾਈ ਪੰਜਾਹ ਹੱਥ ਅਤੇ ਉਹ ਦੀ ਉਚਾਈ ਤੀਹ ਹੱਥ ਹੋਵੇ। 16 ਤੂੰ ਕਿਸ਼ਤੀ ਵਿੱਚ ਇੱਕ ਖਿੜਕੀ ਬਣਾਈਂ ਅਤੇ ਉਸ ਦੇ ਇੱਕ ਹੱਥ ਉੱਪਰੋਂ ਉਸ ਦੀ ਛੱਤ ਬਣਾਈਂ ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈਂ ਅਤੇ ਉਸ ਦੀਆਂ ਤਿੰਨ ਮੰਜ਼ਲਾਂ ਬਣਾਈਂ। 17 ਵੇਖ ਮੈਂ, ਹਾਂ, ਮੈਂ ਹੀ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ ਤਾਂ ਜੋ ਸਾਰੇ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਨ ਦਾ ਸਾਹ ਹੈ, ਅਕਾਸ਼ ਦੇ ਹੇਠੋਂ ਨਾਸ ਕਰ ਦਿਆਂ। ਉਹ ਸਭ ਕੁਝ ਜਿਹੜਾ ਧਰਤੀ ਉੱਤੇ ਹੈ, ਪ੍ਰਾਣ ਛੱਡ ਦੇਵੇਗਾ। 18 ਪਰ ਮੈਂ ਆਪਣਾ ਨੇਮ ਤੇਰੇ ਨਾਲ ਬੰਨ੍ਹਾਂਗਾ। ਤੂੰ ਕਿਸ਼ਤੀ ਵਿੱਚ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਨਾਲ ਜਾਵੀਂ। 19 ਤੂੰ ਸਾਰੇ ਜੀਉਂਦੇ ਪ੍ਰਾਣੀਆਂ ਵਿੱਚੋਂ ਇੱਕ-ਇੱਕ ਜੋੜਾ ਅਰਥਾਤ ਨਰ ਅਤੇ ਮਾਦਾ ਕਿਸ਼ਤੀ ਵਿੱਚ ਲੈ ਲਈਂ ਤਾਂ ਜੋ ਤੂੰ ਉਨ੍ਹਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇਂ। 20 ਪੰਛੀਆਂ ਦੀ ਹਰੇਕ ਪ੍ਰਜਾਤੀ, ਡੰਗਰ ਦੀ ਹਰੇਕ ਪ੍ਰਜਾਤੀ, ਅਤੇ ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਵਿੱਚੋਂ ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਸਾਰਿਆਂ ਵਿੱਚੋਂ ਇੱਕ-ਇੱਕ ਜੋੜਾ ਤੇਰੇ ਨਾਲ ਆਉਣਗੇ ਤਾਂ ਜੋ ਉਹ ਤੇਰੇ ਨਾਲ ਜੀਉਂਦੇ ਰਹਿਣ। 21 ਤੂੰ ਆਪਣੇ ਲਈ ਹਰ ਪ੍ਰਕਾਰ ਦੇ ਭੋਜਨ ਪਦਾਰਥਾਂ ਵਿੱਚੋਂ ਕੁਝ ਲੈ ਲੈ ਅਤੇ ਉਸ ਨੂੰ ਆਪਣੇ ਕੋਲ ਇਕੱਠਾ ਕਰ। ਉਹ ਤੇਰੇ ਲਈ ਅਤੇ ਉਨ੍ਹਾਂ ਦੇ ਲਈ ਭੋਜਨ ਹੋਵੇਗਾ। 22 ਤਦ ਨੂਹ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ ਸੀ।

<- ਉਤਪਤ 5ਉਤਪਤ 7 ->