1 ਯੂਸੁਫ਼ ਗਿਆ ਅਤੇ ਫ਼ਿਰਊਨ ਨੂੰ ਦੱਸਿਆ, ਮੇਰਾ ਪਿਤਾ ਅਤੇ ਭਰਾ, ਉਨ੍ਹਾਂ ਦੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ, ਕਨਾਨ ਦੇਸ਼ ਤੋਂ ਆ ਗਏ ਹਨ ਅਤੇ ਵੇਖੋ, ਓਹ ਗੋਸ਼ਨ ਦੇਸ਼ ਵਿੱਚ ਹਨ। 2 ਤਦ ਉਸਨੇ ਆਪਣੇ ਭਰਾਵਾਂ ਵਿੱਚੋਂ ਪੰਜ ਮਨੁੱਖ ਲੈ ਕੇ ਫ਼ਿਰਊਨ ਦੇ ਸਨਮੁਖ ਖੜ੍ਹੇ ਕੀਤੇ। 3 ਫ਼ਿਰਊਨ ਨੇ ਉਹ ਦੇ ਭਰਾਵਾਂ ਨੂੰ ਆਖਿਆ, ਕੀ ਕੰਮ ਹੈ? ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਤੁਹਾਡੇ ਦਾਸ ਅਯਾਲੀ ਹਨ ਅਸੀਂ ਵੀ ਅਤੇ ਸਾਡੇ ਪਿਓ ਦਾਦੇ ਵੀ। 4 ਫੇਰ ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਅਸੀਂ ਇਸ ਦੇਸ਼ ਵਿੱਚ ਪਰਦੇਸੀ ਹੋ ਕੇ ਵੱਸਣ ਲਈ ਆਏ ਹਾਂ ਕਿਉਂ ਜੋ ਤੁਹਾਡੇ ਦਾਸਾਂ ਦੇ ਇੱਜੜਾਂ ਲਈ ਕੋਈ ਚਰਾਈ ਨਹੀਂ, ਕਿਉਂ ਜੋ ਕਨਾਨ ਦੇਸ਼ ਵਿੱਚ ਡਾਢਾ ਕਾਲ ਪਿਆ ਹੋਇਆ ਹੈ ਸੋ ਹੁਣ ਆਪਣੇ ਦਾਸਾਂ ਨੂੰ ਗੋਸ਼ਨ ਦੇਸ਼ ਵਿੱਚ ਰਹਿਣ ਦੀ ਆਗਿਆ ਦਿਓ। 5 ਤਦ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ। 6 ਮਿਸਰ ਦੇਸ਼ ਤੇਰੇ ਅੱਗੇ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਵਿੱਚ ਵਸਾ ਅਰਥਾਤ ਗੋਸ਼ਨ ਦੇ ਦੇਸ਼ ਵਿੱਚ ਵੱਸਣ ਦੇ ਅਤੇ ਜੇਕਰ ਤੂੰ ਜਾਣਦਾ ਹੈਂ ਜੋ ਉਨ੍ਹਾਂ ਵਿੱਚ ਸਿਆਣੇ ਮਨੁੱਖ ਹਨ ਤਾਂ ਉਨ੍ਹਾਂ ਨੂੰ ਮੇਰੇ ਮਾਲ ਡੰਗਰ ਉੱਤੇ ਠਹਿਰਾ ਦੇ। 7 ਤਦ ਯੂਸੁਫ਼ ਨੇ ਆਪਣੇ ਪਿਤਾ ਯਾਕੂਬ ਨੂੰ ਲਿਆਂਦਾ ਅਤੇ ਫ਼ਿਰਊਨ ਦੇ ਸਨਮੁਖ ਖੜ੍ਹਾ ਕੀਤਾ ਅਤੇ ਯਾਕੂਬ ਨੇ ਫ਼ਿਰਊਨ ਨੂੰ ਬਰਕਤ ਦਿੱਤੀ। 8 ਫ਼ਿਰਊਨ ਨੇ ਯਾਕੂਬ ਨੂੰ ਆਖਿਆ, ਤੁਹਾਡੀ ਉਮਰ ਕਿੰਨ੍ਹੀ ਹੈ? 9 ਯਾਕੂਬ ਨੇ ਫ਼ਿਰਊਨ ਨੂੰ ਆਖਿਆ, ਮੇਰੇ ਮੁਸਾਫ਼ਰੀ ਦੇ ਦਿਨ ਇੱਕ ਸੌ ਤੀਹ ਸਾਲ ਹਨ। ਮੇਰੇ ਜੀਵਨ ਦੇ ਦਿਨ ਥੋੜ੍ਹੇ ਅਤੇ ਦੁੱਖ ਨਾਲ ਭਰੇ ਹੋਏ ਸਨ, ਅਤੇ ਮੇਰੇ ਪਿਓ ਦਾਦਿਆਂ ਦੇ ਮੁਸਾਫ਼ਰੀ ਦੇ ਜੀਵਨ ਦੇ ਸਾਲਾਂ ਦੇ ਬਰਾਬਰ ਨਹੀਂ ਹੋਏ ਹਨ। 10 ਫੇਰ ਯਾਕੂਬ ਫ਼ਿਰਊਨ ਨੂੰ ਬਰਕਤ ਦੇ ਕੇ ਫ਼ਿਰਊਨ ਦੇ ਹਜ਼ੂਰੋਂ ਨਿੱਕਲ ਆਇਆ। 11 ਯੂਸੁਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਵਸਾਇਆ ਅਤੇ ਉਨ੍ਹਾਂ ਨੂੰ ਮਿਸਰ ਦੇਸ਼ ਦੀ ਸਭ ਤੋਂ ਚੰਗੀ ਧਰਤੀ ਅਰਥਾਤ ਰਾਮਸੇਸ ਦੀ ਧਰਤੀ ਵਿੱਚ, ਜਿਵੇਂ ਫ਼ਿਰਊਨ ਨੇ ਹੁਕਮ ਦਿੱਤਾ ਸੀ, ਵਿਰਾਸਤ ਵਿੱਚ ਦਿੱਤੀ। 12 ਅਤੇ ਯੂਸੁਫ਼ ਆਪਣੇ ਪਿਤਾ, ਅਤੇ ਆਪਣੇ ਭਰਾਵਾਂ, ਆਪਣੇ ਪਿਤਾ ਦੇ ਘਰਾਣੇ ਦੀ, ਉਨ੍ਹਾਂ ਦੇ ਬੱਚਿਆਂ ਦੀ ਲੋੜ ਅਨੁਸਾਰ ਭੋਜਨ ਮੁਹੱਈਆ ਕਰ ਕੇ ਪਾਲਣਾ ਕਰਦਾ ਸੀ।
- a ਇਕੱਠੇ ਕੀਤਾ