Link to home pageLanguagesLink to all Bible versions on this site
3
ਮਨੁੱਖ ਦੇ ਪਾਪੀ ਹੋ ਜਾਣ ਦਾ ਵਰਨਣ
1 ਸੱਪ ਸਭ ਜੰਗਲੀ ਜਾਨਵਰਾਂ ਨਾਲੋਂ, ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ, ਚਲਾਕ ਸੀ ਅਤੇ ਉਸ ਨੇ ਇਸਤਰੀ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ-ਮੁੱਚ ਆਖਿਆ ਹੈ ਕਿ ਬਾਗ਼ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਓ? 2 ਇਸਤਰੀ ਨੇ ਸੱਪ ਨੂੰ ਆਖਿਆ, ਬਾਗ਼ ਦੇ ਸਾਰੇ ਰੁੱਖਾਂ ਦੇ ਫਲ ਤਾਂ ਅਸੀਂ ਖਾ ਸਕਦੇ ਹਾਂ 3 ਪਰ ਜਿਹੜਾ ਰੁੱਖ ਬਾਗ਼ ਦੇ ਵਿਚਕਾਰ ਹੈ ਉਸ ਦੇ ਫਲ ਨੂੰ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ ਨਾ ਉਹ ਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। 4 ਪਰ ਸੱਪ ਨੇ ਇਸਤਰੀ ਨੂੰ ਆਖਿਆ ਕਿ ਤੁਸੀਂ ਕਦੀ ਨਹੀਂ ਮਰੋਗੇ। 5 ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਫਲ ਨੂੰ ਖਾਓਗੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਦੀ ਤਰ੍ਹਾਂ ਭਲੇ ਬੁਰੇ ਦੀ ਸਮਝ ਵਾਲੇ ਹੋ ਜਾਓਗੇ। 6 ਜਦ ਇਸਤਰੀ ਨੇ ਵੇਖਿਆ ਕਿ ਉਸ ਰੁੱਖ ਦਾ ਫਲ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਸ ਰੁੱਖ ਦਾ ਫਲ ਬੁੱਧ ਦੇਣ ਦੇ ਯੋਗ ਹੈ ਤਾਂ ਉਸ ਨੇ ਉਹ ਦੇ ਫਲ ਨੂੰ ਲਿਆ ਤੇ ਆਪ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਧਾ। 7 ਤਦ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਨੇ ਜਾਣ ਲਿਆ, ਜੋ ਅਸੀਂ ਨੰਗੇ ਹਾਂ ਇਸ ਲਈ ਉਨ੍ਹਾਂ ਨੇ ਹੰਜ਼ੀਰ ਦੇ ਪੱਤੇ ਸੀਉਂਕੇ ਆਪਣੇ ਲਈ ਬਸਤਰ ਬਣਾ ਲਏ। 8 ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਅਵਾਜ਼ ਸੁਣੀ, ਜਦ ਉਹ ਬਾਗ਼ ਵਿੱਚ ਸ਼ਾਮ ਦੇ ਠੰਡੇ ਵੇਲੇ ਚਲਦਾ ਫਿਰਦਾ ਸੀ। ਉਸ ਆਦਮੀ ਅਤੇ ਉਹ ਦੀ ਪਤਨੀ ਨੇ ਆਪਣੇ ਨੂੰ ਬਾਗ਼ ਦੇ ਰੁੱਖਾਂ ਦੇ ਵਿਚਕਾਰ ਯਹੋਵਾਹ ਪਰਮੇਸ਼ੁਰ ਦੇ ਸਾਹਮਣਿਓਂ ਆਪਣੇ ਆਪ ਨੂੰ ਲੁਕਾ ਲਿਆ। 9 ਤਦ ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈਂ? 10 ਉਸ ਨੇ ਆਖਿਆ, ਮੈਂ ਬਾਗ਼ ਵਿੱਚ ਤੇਰੀ ਅਵਾਜ਼ ਸੁਣ ਕੇ ਡਰ ਗਿਆ ਕਿਉਂ ਜੋ ਮੈਂ ਨੰਗਾ ਸੀ ਇਸ ਲਈ ਮੈਂ ਆਪਣੇ ਆਪ ਨੂੰ ਲੁਕਾ ਲਿਆ। 11 ਉਸ ਨੇ ਪੁੱਛਿਆ, ਤੈਨੂੰ ਕਿਸ ਨੇ ਦੱਸਿਆ ਜੋ ਤੂੰ ਨੰਗਾ ਹੈਂ? ਜਿਸ ਰੁੱਖ ਤੋਂ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਦਾ ਫਲ ਨਾ ਖਾਵੀਂ ਕੀ ਤੂੰ ਉਸ ਦਾ ਫਲ ਖਾਧਾ ਹੈ? 12 ਫੇਰ ਆਦਮ ਨੇ ਜਵਾਬ ਦਿੱਤਾ ਕਿ ਜਿਹੜੀ ਇਸਤਰੀ ਤੂੰ ਮੈਨੂੰ ਦਿੱਤੀ, ਉਸ ਨੇ ਉਸ ਰੁੱਖ ਦਾ ਫਲ ਮੈਨੂੰ ਦਿੱਤਾ ਇਸ ਲਈ ਮੈਂ ਖਾ ਲਿਆ। 13 ਤਦ ਯਹੋਵਾਹ ਪਰਮੇਸ਼ੁਰ ਨੇ ਇਸਤਰੀ ਨੂੰ ਆਖਿਆ, ਤੂੰ ਇਹ ਕੀ ਕੀਤਾ? ਇਸਤਰੀ ਨੇ ਆਖਿਆ, ਸੱਪ ਨੇ ਮੈਨੂੰ ਭਰਮਾਇਆ ਤਦ ਮੈਂ ਉਸ ਫਲ ਨੂੰ ਖਾਧਾ।
ਪਰਮੇਸ਼ੁਰ ਦਾ ਨਿਆਂ
14 ਫੇਰ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ, ਕਿਉਂ ਜੋ ਤੂੰ ਇਹ ਕੀਤਾ ਹੈ, ਇਸ ਕਾਰਨ ਤੂੰ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈਂ। ਤੂੰ ਆਪਣੇ ਪੇਟ ਦੇ ਭਾਰ ਚੱਲੇਂਗਾ ਅਤੇ ਤੂੰ ਸਾਰੀ ਜ਼ਿੰਦਗੀ ਮਿੱਟੀ ਖਾਇਆ ਕਰੇਗਾ। 15 ਮੈਂ ਤੇਰੇ ਅਤੇ ਇਸਤਰੀ ਵਿੱਚ, ਤੇਰੀ ਸੰਤਾਨ ਤੇ ਇਸਤਰੀ ਦੀ ਸੰਤਾਨ ਵਿੱਚ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਂਗਾ ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ। 16 ਉਸ ਨੇ ਇਸਤਰੀ ਨੂੰ ਆਖਿਆ ਕਿ ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਂਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ। 17 ਫੇਰ ਉਸ ਨੇ ਆਦਮ ਨੂੰ ਆਖਿਆ ਕਿਉਂਕਿ ਤੂੰ ਆਪਣੀ ਪਤਨੀ ਦੀ ਗੱਲ ਸੁਣੀ ਅਤੇ ਉਸ ਰੁੱਖ ਦਾ ਫਲ ਖਾਧਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਤੋਂ ਨਾ ਖਾਵੀਂ ਇਸ ਲਈ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ। ਤੂੰ ਇਸ ਦੀ ਉਪਜ ਆਪਣੀ ਸਾਰੀ ਜ਼ਿੰਦਗੀ ਦੁੱਖ ਨਾਲ ਖਾਇਆ ਕਰੇਂਗਾ। 18 ਉਹ ਤੇਰੇ ਲਈ ਕੰਡੇ, ਕੰਡਿਆਲੇ ਉਪਜਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ। 19 ਤੂੰ ਮੱਥੇ ਦੇ ਪਸੀਨੇ ਨਾਲ ਰੋਟੀ ਖਾਇਆ ਕਰੇਂਗਾ ਜਦ ਤੱਕ ਤੂੰ ਮਿੱਟੀ ਵਿੱਚ ਫੇਰ ਨਾ ਮਿਲ ਜਾਵੇਂ ਕਿਉਂ ਜੋ ਤੂੰ ਉਸ ਵਿੱਚੋਂ ਹੀ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਹੀ ਮੁੜ ਜਾਵੇਂਗਾ। 20 ਆਦਮ ਨੇ ਆਪਣੀ ਪਤਨੀ ਦਾ ਨਾਮ ਹੱਵਾਹ[a] ਰੱਖਿਆ ਕਿਉਂ ਜੋ ਉਹ ਸਾਰੇ ਜੀਉਂਦਿਆਂ ਦੀ ਮਾਤਾ ਹੋਈ। 21 ਯਹੋਵਾਹ ਪਰਮੇਸ਼ੁਰ ਨੇ ਆਦਮ ਅਤੇ ਉਹ ਦੀ ਪਤਨੀ ਲਈ ਚਮੜੇ ਦੇ ਬਸਤਰ ਬਣਾ ਕੇ ਉਨ੍ਹਾਂ ਨੂੰ ਪਹਿਨਾਏ।
ਬਾਗ਼ ਵਿੱਚੋਂ ਕੱਢਿਆ ਜਾਣਾ
22 ਤਦ ਯਹੋਵਾਹ ਪਰਮੇਸ਼ੁਰ ਨੇ ਆਖਿਆ, ਵੇਖੋ ਮਨੁੱਖ ਭਲੇ ਬੁਰੇ ਦੀ ਸਮਝ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਖਾ ਲਵੇ ਅਤੇ ਸਦਾ ਜੀਉਂਦਾ ਰਹੇ। 23 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਉਹ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਰਚਿਆ ਗਿਆ ਸੀ। 24 ਇਸ ਲਈ ਉਸ ਨੇ ਆਦਮ ਨੂੰ ਕੱਢ ਦਿੱਤਾ ਅਤੇ ਉਸ ਨੇ ਅਦਨ ਦੇ ਬਾਗ਼ ਦੇ ਪੂਰਬ ਵੱਲ ਦੂਤਾਂ ਨੂੰ ਅਤੇ ਚਾਰ ਚੁਫ਼ੇਰੇ ਘੁੰਮਣ ਵਾਲੀ ਅੱਗ ਦੀ ਤਲਵਾਰ ਨੂੰ ਰੱਖਿਆ ਤਾਂ ਜੋ ਓਹ ਜੀਵਨ ਦੇ ਰੁੱਖ ਦੇ ਰਾਹ ਦੀ ਰਾਖੀ ਕਰਨ।

<- ਉਤਪਤ 2ਉਤਪਤ 4 ->