Link to home pageLanguagesLink to all Bible versions on this site
25
ਅਬਰਾਹਾਮ ਦੇ ਹੋਰ ਵੰਸ਼ਜ
1 ਇਤ 1:32, 33

1 ਅਬਰਾਹਾਮ ਨੇ ਇੱਕ ਹੋਰ ਪਤਨੀ ਵਿਆਹ ਲਈ, ਜਿਸ ਦਾ ਨਾਮ ਕਤੂਰਾਹ ਸੀ। 2 ਉਸ ਨੇ ਜਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸ਼ਬਾਕ ਅਤੇ ਸ਼ੁਆਹ ਨੂੰ ਜਨਮ ਦਿੱਤਾ। 3 ਯਾਕਸਾਨ ਤੋਂ ਸ਼ਬਾ ਅਤੇ ਦਦਾਨ ਜੰਮੇ ਅਤੇ ਦਦਾਨ ਦੇ ਪੁੱਤਰ ਅੱਸੂਰਿਮ, ਲਟੂਸਿਮ ਅਤੇ ਲਉੱਮਿਮ ਸਨ। 4 ਮਿਦਯਾਨ ਦੇ ਪੁੱਤਰ ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਅ ਸਨ। ਇਹ ਸਭ ਕਤੂਰਾਹ ਦੇ ਪੁੱਤਰ ਸਨ। 5 ਅਬਰਾਹਾਮ ਨੇ ਸਭ ਕੁਝ ਜੋ ਉਸ ਦਾ ਸੀ, ਇਸਹਾਕ ਨੂੰ ਦੇ ਦਿੱਤਾ, 6 ਪਰ ਆਪਣੀਆਂ ਰਖ਼ੈਲਾਂ ਦੇ ਪੁੱਤਰਾਂ ਨੂੰ ਅਬਰਾਹਾਮ ਨੇ ਕੁਝ ਸੁਗ਼ਾਤਾਂ ਦੇ ਕੇ ਆਪਣੇ ਪੁੱਤਰ ਇਸਹਾਕ ਦੇ ਕੋਲੋਂ ਪੂਰਬ ਵੱਲ, ਪੂਰਬ ਦੇ ਦੇਸ਼ ਵਿੱਚ ਆਪਣੇ ਜੀਉਂਦੇ ਜੀ ਭੇਜ ਦਿੱਤਾ।

ਅਬਰਾਹਾਮ ਦੀ ਮੌਤ
7 ਅਬਰਾਹਾਮ ਦੀ ਕੁੱਲ ਉਮਰ ਇੱਕ ਸੌ ਪੰਝੱਤਰ ਸਾਲ ਦੀ ਹੋਈ। 8 ਅਬਰਾਹਾਮ ਚੰਗੇ ਬਿਰਧਪੁਣੇ ਵਿੱਚ ਅਰਥਾਤ ਪੂਰੇ ਬੁਢਾਪੇ ਵਿੱਚ ਆਪਣੇ ਪ੍ਰਾਣ ਤਿਆਗ ਕੇ ਮਰ ਗਿਆ ਅਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ। 9 ਤਦ ਉਸ ਦੇ ਪੁੱਤਰਾਂ ਇਸਹਾਕ ਅਤੇ ਇਸਮਾਏਲ ਨੇ ਉਸ ਨੂੰ ਮਕਫ਼ੇਲਾਹ ਦੀ ਗੁਫ਼ਾ ਵਿੱਚ, ਜੋ ਹਿੱਤੀ ਸੋਹਰ ਦੇ ਪੁੱਤਰ ਅਫ਼ਰੋਨ ਦੀ ਪੈਲੀ ਵਿੱਚ ਹੈ, ਜਿਹੜਾ ਮਮਰੇ ਦੇ ਸਾਹਮਣੇ ਹੈ, ਦੱਬ ਦਿੱਤਾ। 10 ਅਰਥਾਤ ਉਸ ਜ਼ਮੀਨ ਵਿੱਚ ਜਿਹੜੀ ਅਬਰਾਹਾਮ ਨੇ ਹੇਤ ਦੇ ਪੁੱਤਰਾਂ ਤੋਂ ਮੁੱਲ ਲਈ ਸੀ, ਉੱਥੇ ਹੀ ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾਹ ਦੱਬੇ ਗਏ। 11 ਅਬਰਾਹਾਮ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਉਸ ਦੇ ਪੁੱਤਰ ਇਸਹਾਕ ਨੂੰ ਬਰਕਤ ਦਿੱਤੀ ਅਤੇ ਇਸਹਾਕ ਬਏਰ-ਲਹਈ-ਰੋਈ ਕੋਲ ਰਹਿੰਦਾ ਸੀ।
ਇਸਮਾਏਲ ਦੀ ਵੰਸ਼ਾਵਲੀ
1 ਇਤ 1:28-31

12 ਅਬਰਾਹਾਮ ਦੇ ਪੁੱਤਰ ਇਸਮਾਏਲ, ਜਿਸ ਨੂੰ ਸਾਰਾਹ ਦੀ ਦਾਸੀ ਮਿਸਰੀ ਹਾਜ਼ਰਾ ਨੇ ਅਬਰਾਹਾਮ ਲਈ ਜਣਿਆ, ਉਸ ਦੀ ਵੰਸ਼ਾਵਲੀ ਇਹ ਹੈ। 13 ਇਸਮਾਏਲ ਦੇ ਪੁੱਤਰਾਂ ਦੇ ਨਾਮ ਅਤੇ ਉਨ੍ਹਾਂ ਦੀ ਵੰਸ਼ਾਵਲੀ ਇਹ ਹੈ: ਇਸਮਾਏਲ ਦਾ ਪਹਿਲੌਠਾ ਪੁੱਤਰ ਨਬਾਯੋਤ, ਫਿਰ ਕੇਦਾਰ, ਅਦਬਏਲ ਅਤੇ ਮਿਬਸਾਮ, 14 ਮਿਸ਼ਮਾ, ਦੂਮਾਹ, ਮੱਸਾ, 15 ਹਦਦ, ਤੇਮਾ, ਯਤੂਰ, ਨਾਫ਼ੀਸ਼ ਅਤੇ ਕੇਦਮਾਹ। 16 ਇਹ ਇਸਮਾਏਲ ਦੇ ਪੁੱਤਰ ਸਨ, ਅਤੇ ਇਨ੍ਹਾਂ ਦੇ ਨਾਮਾਂ ਦੇ ਅਨੁਸਾਰ ਉਨ੍ਹਾਂ ਦੇ ਪਿੰਡਾਂ ਅਤੇ ਉਨ੍ਹਾਂ ਦੀਆਂ ਛਾਉਣੀਆਂ ਦੇ ਨਾਮ ਵੀ ਰੱਖੇ ਗਏ ਅਤੇ ਇਹ ਬਾਰਾਂ ਹੀ ਆਪਣੇ-ਆਪਣੇ ਗੋਤਾਂ ਦੇ ਪ੍ਰਧਾਨ ਹੋਏ। 17 ਇਸਮਾਏਲ ਦੀ ਕੁੱਲ ਉਮਰ ਇੱਕ ਸੌ ਸੈਂਤੀ ਸਾਲ ਹੋਈ ਤਦ ਉਹ ਪ੍ਰਾਣ ਤਿਆਗ ਕੇ ਮਰ ਗਿਆ ਅਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ। 18 ਉਸਦਾ ਵੰਸ਼ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ, ਜਿਹੜਾ ਅੱਸ਼ੂਰ ਵੱਲ ਜਾਂਦਿਆਂ ਮਿਸਰ ਦੇ ਸਾਹਮਣੇ ਹੈ, ਵੱਸ ਗਿਆ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਨਮੁਖ[a] ਵੱਸ ਗਏ।

ਇਸਹਾਕ ਦੇ ਪੁੱਤਰਾਂ ਦਾ ਜਨਮ
19 ਇਹ ਅਬਰਾਹਾਮ ਦੇ ਪੁੱਤਰ ਇਸਹਾਕ ਦੀ ਵੰਸ਼ਾਵਲੀ ਹੈ: ਅਬਰਾਹਾਮ ਤੋਂ ਇਸਹਾਕ ਜੰਮਿਆ, 20 ਅਤੇ ਇਸਹਾਕ ਚਾਲ੍ਹੀ ਸਾਲ ਦਾ ਹੋਇਆ ਜਦ ਉਹ ਰਿਬਕਾਹ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਆਇਆ, ਜਿਹੜੀ ਪਦਨ ਅਰਾਮ ਦੇ ਵਾਸੀ ਬਥੂਏਲ ਅਰਾਮੀ ਦੀ ਧੀ ਸੀ ਅਤੇ ਲਾਬਾਨ ਅਰਾਮੀ ਦੀ ਭੈਣ ਸੀ। 21 ਇਸਹਾਕ ਨੇ ਯਹੋਵਾਹ ਕੋਲੋਂ ਆਪਣੀ ਪਤਨੀ ਲਈ ਬੇਨਤੀ ਕੀਤੀ ਕਿਉਂ ਜੋ ਉਹ ਬਾਂਝ ਸੀ, ਤਦ ਯਹੋਵਾਹ ਨੇ ਉਸ ਦੀ ਬੇਨਤੀ ਸੁਣੀ ਅਤੇ ਰਿਬਕਾਹ ਉਸ ਦੀ ਪਤਨੀ ਗਰਭਵਤੀ ਹੋਈ। 22 ਬੱਚੇ ਉਸ ਦੀ ਕੁੱਖ ਵਿੱਚ ਇੱਕ ਦੂਜੇ ਨਾਲ ਘੁਲਦੇ ਸਨ, ਤਦ ਉਸ ਨੇ ਆਖਿਆ, ਜੇਕਰ ਮੇਰੀ ਹਾਲਤ ਇਸੇ ਤਰ੍ਹਾਂ ਹੀ ਰਹੀ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ? ਤਦ ਉਹ ਯਹੋਵਾਹ ਕੋਲੋਂ ਪੁੱਛਣ ਗਈ।
23 ਤਦ ਯਹੋਵਾਹ ਨੇ ਉਸ ਨੂੰ ਆਖਿਆ,
ਤੇਰੀ ਕੁੱਖ ਵਿੱਚ ਦੋ ਕੌਮਾਂ ਹਨ
ਅਤੇ ਤੇਰੀ ਕੁੱਖੋਂ ਹੀ
ਓਹ ਦੋਵੇਂ ਜਾਤੀਆਂ ਵੱਖਰੀਆਂ ਹੋ ਜਾਣਗੀਆਂ
ਅਤੇ ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵੰਤ ਹੋਵੇਗੀ
ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ।

24 ਜਦ ਉਸ ਦੇ ਜਣਨ ਦੇ ਦਿਨ ਪੂਰੇ ਹੋਏ ਤਾਂ ਵੇਖੋ ਉਸ ਦੀ ਕੁੱਖ ਵਿੱਚ ਜੁੜਵਾਂ ਬੱਚੇ ਸਨ। 25 ਪਹਿਲੌਠਾ ਸਾਰੇ ਦਾ ਸਾਰਾ ਲਾਲ ਜੱਤ ਵਾਲੇ ਬਸਤਰ ਵਰਗਾ ਬਾਹਰ ਨਿੱਕਲਿਆ, ਇਸ ਲਈ ਉਨ੍ਹਾਂ ਨੇ ਉਸ ਦਾ ਨਾਮ ਏਸਾਓ[b] ਰੱਖਿਆ। 26 ਉਸ ਦੇ ਬਾਅਦ ਉਸ ਦਾ ਭਰਾ ਨਿੱਕਲਿਆ ਅਤੇ ਉਸ ਦੇ ਹੱਥ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ, ਤਾਂ ਉਸ ਦਾ ਨਾਮ ਯਾਕੂਬ ਰੱਖਿਆ ਗਿਆ। ਜਦ ਰਿਬਕਾਹ ਨੇ ਉਨ੍ਹਾਂ ਨੂੰ ਜਨਮ ਦਿੱਤਾ ਉਸ ਸਮੇਂ ਇਸਹਾਕ ਸੱਠ ਸਾਲ ਦਾ ਸੀ।

ਏਸਾਓ ਦੁਆਰਾ ਪਹਿਲੌਠੇ ਹੋਣ ਦੇ ਅਧਿਕਾਰ ਨੂੰ ਵੇਚਣਾ
27 ਉਹ ਮੁੰਡੇ ਵੱਡੇ ਹੋਏ। ਏਸਾਓ ਨਿਪੁੰਨ ਸ਼ਿਕਾਰੀ ਬਣਿਆ ਅਤੇ ਮੈਦਾਨ ਵਿੱਚ ਰਹਿਣ ਵਾਲਾ ਸੀ ਅਤੇ ਯਾਕੂਬ ਭੋਲਾ-ਭਾਲਾ ਅਤੇ ਤੰਬੂਆਂ ਵਿੱਚ ਰਹਿਣ ਵਾਲਾ ਸੀ। 28 ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਲਈ ਸ਼ਿਕਾਰ ਫੜ੍ਹ ਕੇ ਲਿਆਉਂਦਾ ਸੀ ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ। 29 ਇੱਕ ਦਿਨ ਯਾਕੂਬ ਦਾਲ ਪਕਾ ਰਿਹਾ ਸੀ ਅਤੇ ਏਸਾਓ ਮੈਦਾਨ ਵਿੱਚੋਂ ਥੱਕਿਆ ਹੋਇਆ ਆਇਆ। 30 ਤਦ ਏਸਾਓ ਨੇ ਯਾਕੂਬ ਨੂੰ ਆਖਿਆ, ਇਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਨੂੰ ਦੇ, ਕਿਉਂ ਜੋ ਮੈਂ ਥੱਕਿਆ ਹੋਇਆ ਹਾਂ। ਇਸੇ ਕਾਰਨ ਉਸ ਦਾ ਨਾਮ ਅਦੋਮ ਪੈ ਗਿਆ। 31 ਯਾਕੂਬ ਨੇ ਆਖਿਆ, ਤੂੰ ਅੱਜ ਆਪਣਾ ਪਹਿਲੌਠਾ ਹੋਣ ਦੇ ਹੱਕ ਨੂੰ ਮੈਨੂੰ ਵੇਚ ਦੇ। 32 ਏਸਾਓ ਨੇ ਆਖਿਆ, ਵੇਖ, ਮੈਂ ਮਰ ਰਿਹਾ ਹਾਂ। ਇਹ ਪਹਿਲੌਠਾ ਹੋਣਾ ਮੇਰੇ ਕਿਸ ਕੰਮ ਦਾ ਹੈ? 33 ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲ ਸਹੁੰ ਖਾਹ, ਤਾਂ ਉਸ ਨੇ ਸਹੁੰ ਖਾਧੀ ਅਤੇ ਆਪਣੇ ਪਹਿਲੌਠੇ ਹੋਣ ਦਾ ਹੱਕ ਯਾਕੂਬ ਕੋਲ ਵੇਚ ਦਿੱਤਾ। 34 ਤਦ ਯਾਕੂਬ ਨੇ ਏਸਾਓ ਨੂੰ ਰੋਟੀ ਅਤੇ ਦਾਲ ਦਿੱਤੀ ਅਤੇ ਉਸ ਨੇ ਖਾਧਾ ਪੀਤਾ ਅਤੇ ਉੱਠ ਕੇ ਆਪਣੇ ਰਾਹ ਚਲਾ ਗਿਆ। ਇਸ ਤਰ੍ਹਾਂ ਏਸਾਓ ਨੇ ਆਪਣੇ ਪਹਿਲੌਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ।

<- ਉਤਪਤ 24ਉਤਪਤ 26 ->