Link to home pageLanguagesLink to all Bible versions on this site
21
ਇਸਹਾਕ ਦਾ ਜਨਮ
1 ਯਹੋਵਾਹ ਨੇ ਜਿਵੇਂ ਆਖਿਆ ਸੀ, ਉਸੇ ਤਰ੍ਹਾਂ ਸਾਰਾਹ ਉੱਤੇ ਨਜ਼ਰ ਕੀਤੀ ਅਤੇ ਉਸ ਲਈ ਆਪਣੇ ਬਚਨ ਦੇ ਅਨੁਸਾਰ ਕੀਤਾ। 2 ਸਾਰਾਹ ਗਰਭਵਤੀ ਹੋਈ ਅਤੇ ਉਸੇ ਨਿਯੁਕਤ ਸਮੇਂ ਤੇ ਜੋ ਪਰਮੇਸ਼ੁਰ ਨੇ ਠਹਿਰਾਇਆ ਸੀ, ਅਬਰਾਹਾਮ ਲਈ ਉਸ ਦੇ ਬੁਢੇਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ। 3 ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਸਾਰਾਹ ਨੇ ਜਨਮ ਦਿੱਤਾ ਸੀ, ਇਸਹਾਕ*ਉਹ ਹੱਸਿਆ ਰੱਖਿਆ। 4 ਅਤੇ ਜਦ ਅਬਰਾਹਾਮ ਦਾ ਪੁੱਤਰ ਇਸਹਾਕ ਅੱਠ ਦਿਨ ਦਾ ਹੋ ਗਿਆ, ਤਦ ਉਸਨੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਉਸ ਦੀ ਸੁੰਨਤ ਕਰਾਈ। 5 ਅਬਰਾਹਾਮ ਸੌ ਸਾਲ ਦਾ ਸੀ, ਜਦ ਉਸ ਦਾ ਪੁੱਤਰ ਇਸਹਾਕ ਜੰਮਿਆ। 6 ਅਤੇ ਸਾਰਾਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਅਨੰਦ ਕੀਤਾ ਹੈ ਅਤੇ ਸਾਰੇ ਸੁਣਨ ਵਾਲੇ ਮੇਰੇ ਨਾਲ ਅਨੰਦ ਮਨਾਉਣਗੇ। 7 ਉਸ ਨੇ ਆਖਿਆ, ਕੀ ਕੋਈ ਅਬਰਾਹਾਮ ਨੂੰ ਆਖ ਸਕਦਾ ਸੀ ਕਿ ਸਾਰਾਹ ਪੁੱਤਰਾਂ ਨੂੰ ਦੁੱਧ ਚੁੰਘਾਏਗੀ? ਵੇਖੋ ਕਿਉਂਕਿ ਮੈਂ ਉਸ ਦੇ ਬੁਢੇਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ। 8 ਉਹ ਮੁੰਡਾ ਵੱਧਦਾ ਗਿਆ ਅਤੇ ਉਹ ਦਾ ਦੁੱਧ ਛੁਡਾਇਆ ਗਿਆ ਅਤੇ ਅਬਰਾਹਾਮ ਨੇ ਇਸਹਾਕ ਦੇ ਦੁੱਧ ਛੁਡਾਉਣ ਦੇ ਦਿਨ ਵੱਡੀ ਦਾਵਤ ਕੀਤੀ।
ਹਾਜਰਾ ਅਤੇ ਇਸਮਾਏਲ ਦਾ ਕੱਢਿਆ ਜਾਣਾ
9 ਸਾਰਾਹ ਨੇ ਹਾਜ਼ਰਾ ਦੇ ਪੁੱਤਰ ਨੂੰ ਜਿਸ ਨੂੰ ਉਹ ਨੇ ਅਬਰਾਹਾਮ ਲਈ ਜਨਮ ਦਿੱਤਾ ਸੀ ਮਖ਼ੌਲ ਕਰਦੇ ਹੋਏ ਵੇਖਿਆ। 10 ਇਸ ਲਈ ਉਸ ਨੇ ਅਬਰਾਹਾਮ ਨੂੰ ਆਖਿਆ, ਇਸ ਦਾਸੀ ਅਤੇ ਇਹ ਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਇਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਨੇ ਨਾਲ ਵਾਰਿਸ ਨਹੀਂ ਹੋਵੇਗਾ।
ਅਬਰਾਹਾਮ ਅਤੇ ਅਬੀਮਲਕ ਦੇ ਵਿਚਕਾਰ ਸਮਝੌਤਾ
11 ਆਪਣੇ ਪੁੱਤਰ ਦੇ ਕਾਰਨ ਅਬਰਾਹਾਮ ਦੀ ਨਿਗਾਹ ਵਿੱਚ ਇਹ ਗੱਲ ਬਹੁਤ ਬੁਰੀ ਲੱਗੀ। 12 ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਇਹ ਗੱਲ ਇਸ ਮੁੰਡੇ ਅਤੇ ਤੇਰੀ ਦਾਸੀ ਦੇ ਵਿਖੇ ਤੇਰੀ ਨਜ਼ਰ ਵਿੱਚ ਬੁਰੀ ਨਾ ਲੱਗੇ। ਜੋ ਕੁਝ ਸਾਰਾਹ ਨੇ ਤੈਨੂੰ ਆਖਿਆ ਹੈ ਤੂੰ ਉਹ ਦੀ ਮੰਨ ਕਿਉਂ ਜੋ ਤੇਰੀ ਅੰਸ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ। 13 ਮੈਂ ਉਸ ਦਾਸੀ ਦੇ ਪੁੱਤਰ ਤੋਂ ਵੀ ਇੱਕ ਕੌਮ ਬਣਾਵਾਂਗਾ ਕਿਉਂਕਿ ਉਹ ਵੀ ਤੇਰੀ ਅੰਸ ਹੈ। 14 ਤਦ ਅਬਰਾਹਾਮ ਸਵੇਰੇ ਜਲਦੀ ਉੱਠਿਆ, ਰੋਟੀ ਅਤੇ ਪਾਣੀ ਦੀ ਇੱਕ ਮੇਸ਼ੇਕ ਲੈ ਕੇ ਹਾਜ਼ਰਾ ਦੇ ਮੋਢਿਆਂ ਉੱਤੇ ਰੱਖ ਦਿੱਤੀ ਅਤੇ ਮੁੰਡਾ ਵੀ ਦੇ ਦਿੱਤਾ ਤਦ ਉਹ ਚਲੀ ਗਈ ਅਤੇ ਬਏਰਸ਼ਬਾ ਦੀ ਉਜਾੜ ਵਿੱਚ ਭਟਕਦੀ ਰਹੀ। 15 ਜਦ ਮੇਸ਼ੇਕ ਵਿੱਚੋਂ ਪਾਣੀ ਮੁੱਕ ਗਿਆ ਤਾਂ ਉਸ ਨੇ ਮੁੰਡੇ ਨੂੰ ਇੱਕ ਝਾੜੀ ਦੇ ਹੇਠ ਸੁੱਟ ਦਿੱਤਾ। 16 ਆਪ ਸਾਹਮਣੇ ਇੱਕ ਤੀਰ ਦੀ ਮਾਰ ਦੀ ਦੂਰੀ ਉੱਤੇ ਜਾ ਬੈਠੀ, ਕਿਉਂ ਜੋ ਉਸ ਨੇ ਆਖਿਆ, ਮੈਂ ਬੱਚੇ ਦੀ ਮੌਤ ਨਾ ਵੇਖਾਂ, ਸੋ ਉਹ ਸਾਹਮਣੇ ਦੂਰ ਬੈਠ ਕੇ ਉੱਚੀ-ਉੱਚੀ ਰੋਣ ਲੱਗ ਪਈ। 17 ਤਦ ਪਰਮੇਸ਼ੁਰ ਨੇ ਉਸ ਮੁੰਡੇ ਦੇ ਰੋਣ ਦੀ ਅਵਾਜ਼ ਸੁਣ ਲਈ ਅਤੇ ਪਰਮੇਸ਼ੁਰ ਦੇ ਦੂਤ ਨੇ ਅਕਾਸ਼ ਤੋਂ ਹਾਜ਼ਰਾ ਨੂੰ ਪੁਕਾਰ ਕੇ ਆਖਿਆ, ਹਾਜ਼ਰਾ ਤੈਨੂੰ ਕੀ ਹੋਇਆ? ਨਾ ਡਰ, ਕਿਉਂਕਿ ਪਰਮੇਸ਼ੁਰ ਨੇ ਮੁੰਡੇ ਦੀ ਅਵਾਜ਼ ਜਿੱਥੇ ਉਹ ਪਿਆ ਹੈ ਉੱਥੋਂ ਸੁਣ ਲਈ ਹੈ। 18 ਉੱਠ ਅਤੇ ਮੁੰਡੇ ਨੂੰ ਚੁੱਕ ਲੈ ਅਤੇ ਆਪਣੇ ਹੱਥਾਂ ਵਿੱਚ ਸਾਂਭ ਕਿਉਂਕਿ ਮੈਂ ਇਸ ਨੂੰ ਵੀ ਇੱਕ ਵੱਡੀ ਕੌਮ ਬਣਾਵਾਂਗਾ। 19 ਤਦ ਪਰਮੇਸ਼ੁਰ ਨੇ ਉਸ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਪਾਣੀ ਦਾ ਇੱਕ ਖੂਹ ਵੇਖਿਆ ਅਤੇ ਉਹ ਜਾ ਕੇ ਮੇਸ਼ੇਕ ਨੂੰ ਪਾਣੀ ਨਾਲ ਭਰ ਲੈ ਆਈ ਅਤੇ ਮੁੰਡੇ ਨੂੰ ਪਿਲਾਇਆ। 20 ਪਰਮੇਸ਼ੁਰ ਉਸ ਮੁੰਡੇ ਦੇ ਅੰਗ-ਸੰਗ ਸੀ ਅਤੇ ਉਹ ਵੱਧਦਾ ਗਿਆ, ਉਜਾੜ ਵਿੱਚ ਰਿਹਾ ਅਤੇ ਵੱਡਾ ਹੋ ਕੇ ਤੀਰ-ਅੰਦਾਜ਼ ਬਣਿਆ। 21 ਉਹ ਪਾਰਾਨ ਦੀ ਉਜਾੜ ਵਿੱਚ ਰਹਿੰਦਾ ਸੀ ਅਤੇ ਉਸ ਦੀ ਮਾਤਾ ਮਿਸਰ ਦੇਸ਼ ਵਿੱਚੋਂ ਇੱਕ ਪਤਨੀ ਉਸ ਦੇ ਲਈ ਲੈ ਆਈ। 22 ਫੇਰ ਉਸ ਸਮੇਂ ਅਜਿਹਾ ਹੋਇਆ ਕਿ ਅਬੀਮਲਕ ਅਤੇ ਉਸ ਦੀ ਸੈਨਾਂ ਦੇ ਸਰਦਾਰ ਫ਼ੀਕੋਲ ਨੇ ਅਬਰਾਹਾਮ ਨੂੰ ਆਖਿਆ ਕਿ ਜੋ ਕੁਝ ਤੂੰ ਕਰਦਾ ਹੈਂ, ਉਸ ਵਿੱਚ ਪਰਮੇਸ਼ੁਰ ਤੇਰੇ ਸੰਗ ਹੈ। 23 ਹੁਣ ਤੂੰ ਮੇਰੇ ਨਾਲ ਪਰਮੇਸ਼ੁਰ ਦੀ ਸਹੁੰ ਖਾਹ ਕਿ ਤੂੰ ਮੇਰੇ ਨਾਲ, ਮੇਰੇ ਪੁੱਤਰਾਂ, ਅਤੇ ਮੇਰੇ ਪੋਤਿਆਂ ਨਾਲ ਧੋਖਾ ਨਾ ਕਰੇਂਗਾ। ਸਗੋਂ ਉਸ ਕਿਰਪਾ ਦੇ ਅਨੁਸਾਰ ਜੋ ਮੈਂ ਤੇਰੇ ਉੱਤੇ ਕੀਤੀ ਹੈ, ਤੂੰ ਵੀ ਮੇਰੇ ਉੱਤੇ ਕਰੇਂਗਾ, ਇਸ ਦੇਸ਼ ਉੱਤੇ ਜਿਸ ਵਿੱਚ ਤੂੰ ਪਰਦੇਸੀ ਹੋ ਕੇ ਰਿਹਾ ਹੈਂ। 24 ਅਬਰਾਹਾਮ ਨੇ ਆਖਿਆ, ਮੈਂ ਸਹੁੰ ਖਾਵਾਂਗਾ। 25 ਤਦ ਅਬਰਾਹਾਮ ਨੇ ਅਬੀਮਲਕ ਨੂੰ ਇੱਕ ਖੂਹ ਦਾ ਉਲਾਂਭਾ ਦਿੱਤਾ, ਜਿਹੜਾ ਉਸ ਦੇ ਨੌਕਰਾਂ ਨੇ ਜ਼ੋਰ ਨਾਲ ਖੋਹ ਲਿਆ ਸੀ। 26 ਤਦ ਅਬੀਮਲਕ ਨੇ ਆਖਿਆ, ਮੈਨੂੰ ਪਤਾ ਨਹੀਂ ਕਿ ਇਹ ਕੰਮ ਕਿਸ ਨੇ ਕੀਤਾ ਅਤੇ ਤੂੰ ਵੀ ਮੈਨੂੰ ਨਹੀਂ ਦੱਸਿਆ। ਮੈਂ ਅੱਜ ਤੋਂ ਪਹਿਲਾਂ ਇਸ ਦੇ ਬਾਰੇ ਸੁਣਿਆ ਵੀ ਨਹੀਂ। 27 ਤਦ ਅਬਰਾਹਾਮ ਨੇ ਭੇਡਾਂ ਗਾਈਆਂ ਅਤੇ ਬਲ਼ਦ ਲੈ ਕੇ ਅਬੀਮਲਕ ਨੂੰ ਦੇ ਦਿੱਤੇ ਅਤੇ ਦੋਵਾਂ ਨੇ ਆਪੋ ਵਿੱਚ ਨੇਮ ਬੰਨਿਆ। 28 ਅਬਰਾਹਾਮ ਨੇ ਭੇਡਾਂ ਦੀਆਂ ਸੱਤ ਲੇਲੀਆਂ ਲੈ ਕੇ ਵੱਖਰੀਆਂ ਕਰ ਲਈਆਂ 29 ਤਦ ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ, ਇਨ੍ਹਾਂ ਸੱਤਾਂ ਵੱਖਰੀਆਂ ਕੀਤੀਆਂ ਹੋਈਆਂ ਲੇਲੀਆਂ ਦਾ ਕੀ ਮਤਲਬ ਹੈ? 30 ਉਸ ਨੇ ਆਖਿਆ, ਤੂੰ ਇਹ ਸੱਤ ਲੇਲੀਆਂ ਮੇਰੇ ਹੱਥੋਂ ਲੈ ਲੈ ਤਾਂ ਜੋ ਇਹ ਮੇਰੀਆਂ ਗਵਾਹ ਹੋਣ ਭਈ ਇਹ ਖੂਹ ਮੈਂ ਪੁੱਟਿਆ ਹੈ। 31 ਕਿਉਂ ਜੋ ਉੱਥੇ ਉਨ੍ਹਾਂ ਦੋਹਾਂ ਨੇ ਸਹੁੰ ਖਾਧੀ ਸੀ, ਇਸ ਲਈ ਉਸ ਥਾਂ ਦਾ ਨਾਮ ਬਏਰਸ਼ਬਾ ਪੈ ਗਿਆ। 32 ਜਦ ਉਨ੍ਹਾਂ ਨੇ ਬਏਰਸ਼ਬਾ ਵਿੱਚ ਨੇਮ ਬੰਨ੍ਹਿਆ ਅਤੇ ਅਬੀਮਲਕ ਅਤੇ ਉਸ ਦੀ ਸੈਨਾਂ ਦਾ ਸਰਦਾਰ ਫ਼ੀਕੋਲ ਉੱਠੇ ਅਤੇ ਫ਼ਲਿਸਤੀਆਂ ਦੇ ਦੇਸ਼ ਨੂੰ ਮੁੜ ਗਏ। 33 ਫਿਰ ਉਸ ਨੇ ਬਏਰਸ਼ਬਾ ਵਿੱਚ ਝਾਊ ਦਾ ਇੱਕ ਰੁੱਖ ਲਾਇਆ ਅਤੇ ਉੱਥੇ ਯਹੋਵਾਹ ਅੱਗੇ ਜੋ ਅਟੱਲ ਪਰਮੇਸ਼ੁਰ ਹੈ ਪ੍ਰਾਰਥਨਾ ਕੀਤੀ। 34 ਅਬਰਾਹਾਮ ਬਹੁਤਿਆਂ ਦਿਨਾਂ ਤੱਕ ਫ਼ਲਿਸਤੀਆਂ ਦੇ ਦੇਸ਼ ਵਿੱਚ ਪਰਦੇਸੀ ਹੋ ਕੇ ਰਿਹਾ।

<- ਉਤਪਤ 20ਉਤਪਤ 22 ->