Link to home pageLanguagesLink to all Bible versions on this site

1 ਇਸ ਤਰ੍ਹਾਂ ਅਕਾਸ਼ ਅਤੇ ਧਰਤੀ ਅਤੇ ਉਨ੍ਹਾਂ ਦੀ ਸਾਰੀ ਵੱਸੋਂ ਦੀ ਸਿਰਜਣਾ ਪੂਰੀ ਕੀਤੀ ਗਈ। 2 ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਸੰਪੂਰਨ ਕੀਤਾ, ਅਤੇ ਉਸਨੇ ਸੱਤਵੇਂ ਦਿਨ ਆਪਣਿਆਂ ਸਾਰਿਆਂ ਕਾਰਜਾਂ ਤੋਂ ਅਰਾਮ ਕੀਤਾ। 3 ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਸ ਦਿਨ ਨੂੰ ਪਵਿੱਤਰ ਠਹਿਰਾਇਆ ਕਿਉਂ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਉਸ ਨੇ ਰਚਿਆ ਸੀ, ਆਰਾਮ ਕੀਤਾ।

ਮਨੁੱਖ ਦੀ ਉਤਪਤੀ
4 ਇਹ ਅਕਾਸ਼ ਅਤੇ ਧਰਤੀ ਦੀ ਸਿਰਜਣਾ ਦਾ ਵਰਣਨ ਹੈ ਜਦ ਓਹ ਉਤਪੰਨ ਹੋਏ ਅਰਥਾਤ ਜਿਸ ਦਿਨ ਯਹੋਵਾਹ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ। 5 ਮੈਦਾਨ ਦਾ ਕੋਈ ਪੌਦਾ ਅਜੇ ਧਰਤੀ ਉੱਤੇ ਨਹੀਂ ਸੀ, ਨਾ ਹੀ ਖੇਤ ਦਾ ਕੋਈ ਸਾਗ ਪੱਤ ਅਜੇ ਉਪਜਿਆ ਸੀ ਕਿਉਂ ਜੋ ਯਹੋਵਾਹ ਪਰਮੇਸ਼ੁਰ ਨੇ ਧਰਤੀ ਉੱਤੇ ਮੀਂਹ ਨਹੀਂ ਵਰ੍ਹਾਇਆ ਸੀ ਅਤੇ ਨਾ ਹੀ ਜ਼ਮੀਨ ਨੂੰ ਵਾਹੁਣ ਲਈ ਕੋਈ ਮਨੁੱਖ ਸੀ। 6 ਪਰ ਧੁੰਦ ਧਰਤੀ ਤੋਂ ਉੱਠ ਕੇ ਸਾਰੀ ਜ਼ਮੀਨ ਨੂੰ ਸਿੰਜਦੀ ਸੀ। 7 ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਇਸ ਤਰ੍ਹਾਂ ਮਨੁੱਖ ਜੀਉਂਦਾ ਪ੍ਰਾਣੀ ਬਣ ਗਿਆ। 8 ਤਦ ਯਹੋਵਾਹ ਪਰਮੇਸ਼ੁਰ ਨੇ ਪੂਰਬ ਵੱਲ ਇੱਕ ਬਾਗ਼ ਅਦਨ ਵਿੱਚ ਲਾਇਆ ਅਤੇ ਉੱਥੇ ਉਸ ਨੇ ਉਸ ਮਨੁੱਖ ਨੂੰ, ਜਿਸ ਨੂੰ ਉਸ ਨੇ ਰਚਿਆ ਸੀ, ਰੱਖ ਦਿੱਤਾ। 9 ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਦਾ ਹਰੇਕ ਰੁੱਖ ਜਿਹੜਾ ਵੇਖਣ ਵਿੱਚ ਮਨਭਾਉਣਾ ਸੀ ਅਤੇ ਜਿਸ ਦਾ ਫਲ ਖਾਣ ਵਿੱਚ ਚੰਗਾ ਸੀ, ਉਗਾਏ ਅਤੇ, ਬਾਗ਼ ਦੇ ਵਿਚਕਾਰ ਜੀਵਨ ਦਾ ਰੁੱਖ ਤੇ ਭਲੇ ਬੁਰੇ ਦੇ ਗਿਆਨ ਦਾ ਰੁੱਖ ਵੀ ਉਗਾਇਆ। 10 ਇੱਕ ਨਦੀ ਉਸ ਬਾਗ਼ ਨੂੰ ਸਿੰਜਣ ਲਈ ਅਦਨ ਤੋਂ ਨਿੱਕਲੀ ਅਤੇ ਉੱਥੋਂ ਚਾਰ ਹਿੱਸਿਆਂ ਵਿੱਚ ਵੰਡੀ ਗਈ। 11 ਇੱਕ ਦਾ ਨਾਮ ਪੀਸੋਨ ਹੈ, ਜਿਹੜੀ ਸਾਰੇ ਹਵੀਲਾਹ ਦੇਸ਼ ਨੂੰ ਘੇਰਦੀ ਹੈ ਜਿੱਥੇ ਸੋਨਾ ਹੈ 12 ਅਤੇ ਉਸ ਦੇਸ਼ ਦਾ ਸੋਨਾ ਚੰਗਾ ਹੈ, ਉੱਥੇ ਮੋਤੀ ਤੇ ਸੁਲੇਮਾਨੀ ਪੱਥਰ ਵੀ ਪਾਏ ਜਾਂਦੇ ਹਨ। 13 ਦੂਜੀ ਨਦੀ ਦਾ ਨਾਮ ਗੀਹੋਨ ਹੈ, ਜਿਹੜੀ ਸਾਰੇ ਕੂਸ਼[a] ਦੇਸ਼ ਨੂੰ ਘੇਰਦੀ ਹੈ। 14 ਤੀਜੀ ਨਦੀ ਦਾ ਨਾਮ ਹਿੱਦਕਲ ਹੈ, ਜਿਹੜੀ ਅੱਸ਼ੂਰ ਦੇ ਪੂਰਬ ਵੱਲ ਵਗਦੀ ਹੈ ਅਤੇ ਚੌਥੀ ਨਦੀ ਦਾ ਨਾਮ ਫ਼ਰਾਤ ਹੈ। 15 ਯਹੋਵਾਹ ਪਰਮੇਸ਼ੁਰ ਨੇ ਉਸ ਮਨੁੱਖ ਨੂੰ ਲੈ ਕੇ ਅਦਨ ਦੇ ਬਾਗ਼ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ। 16 ਤਦ ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਆਗਿਆ ਦਿੱਤੀ ਕਿ ਤੂੰ ਬਾਗ਼ ਦੇ ਹਰੇਕ ਰੁੱਖ ਦਾ ਫਲ ਬੇਝਿਜਕ ਖਾ ਸਕਦਾ ਹੈ, 17 ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ, ਤੂੰ ਜ਼ਰੂਰ ਮਰੇਂਗਾ। 18 ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਇਹ ਚੰਗਾ ਨਹੀਂ ਕਿ ਮਨੁੱਖ ਇਕੱਲਾ ਰਹੇ ਇਸ ਲਈ ਮੈਂ ਉਸ ਦੇ ਲਈ ਉਸ ਦੇ ਵਰਗੀ ਇੱਕ ਸਹਾਇਕ ਬਣਾਵਾਂਗਾ। 19 ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਉਹ ਵੇਖੇ ਜੋ ਉਹ ਕਿਵੇਂ ਉਨ੍ਹਾਂ ਨੂੰ ਸੱਦੇਗਾ ਅਤੇ ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ, ਉਹੀ ਉਹ ਦਾ ਨਾਮ ਹੋ ਗਿਆ। 20 ਇਸ ਤਰ੍ਹਾਂ ਆਦਮ ਨੇ ਸਾਰੇ ਪਸ਼ੂਆਂ, ਅਕਾਸ਼ ਦੇ ਪੰਛੀਆਂ, ਅਤੇ ਜੰਗਲ ਦੇ ਸਾਰੇ ਜਾਨਵਰਾਂ ਦਾ ਨਾਮ ਰੱਖਿਆ, ਪਰ ਮਨੁੱਖ[b] ਲਈ ਅਜੇ ਕੋਈ ਸਹਾਇਕਣ ਉਹ ਦੇ ਵਰਗੀ ਨਾ ਮਿਲੀ। 21 ਤਦ ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਗੂਹੜੀ ਨੀਂਦ ਵਿੱਚ ਪਾ ਦਿੱਤਾ, ਸੋ ਉਹ ਸੌਂ ਗਿਆ ਅਤੇ ਪਰਮੇਸ਼ੁਰ ਨੇ ਉਹ ਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਲਈ ਅਤੇ ਉਹ ਦੀ ਥਾਂ ਮਾਸ ਭਰ ਦਿੱਤਾ। 22 ਯਹੋਵਾਹ ਪਰਮੇਸ਼ੁਰ ਨੇ ਉਸ ਪਸਲੀ ਤੋਂ ਜਿਹੜੀ ਉਸ ਨੇ ਮਨੁੱਖ ਵਿੱਚੋਂ ਕੱਢੀ ਸੀ, ਇੱਕ ਨਾਰੀ ਬਣਾਈ ਅਤੇ ਉਹ ਨੂੰ ਮਨੁੱਖ ਕੋਲ ਲੈ ਆਇਆ। 23 ਤਦ ਮਨੁੱਖ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ, ਮੇਰੇ ਮਾਸ ਵਿੱਚੋਂ ਮਾਸ ਹੈ ਇਸ ਕਾਰਨ ਇਹ ਨਾਰੀ ਅਖਵਾਏਗੀ ਕਿਉਂ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ। 24 ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ। 25 ਆਦਮੀ ਅਤੇ ਉਹ ਦੀ ਪਤਨੀ ਦੋਵੇਂ ਨੰਗੇ ਸਨ, ਪਰ ਉਹ ਸੰਗਦੇ ਨਹੀਂ ਸਨ।

<- ਉਤਪਤ 1ਉਤਪਤ 3 ->