Link to home pageLanguagesLink to all Bible versions on this site
13
ਅਬਰਾਮ ਅਤੇ ਲੂਤ ਦੇ ਅਲੱਗ ਹੋਣ ਦਾ ਵਰਣਨ
1 ਤਦ ਅਬਰਾਮ ਆਪਣੀ ਪਤਨੀ ਅਤੇ ਸਭ ਕੁਝ ਜੋ ਉਹ ਦੇ ਕੋਲ ਸੀ ਅਤੇ ਲੂਤ ਨੂੰ ਵੀ ਆਪਣੇ ਨਾਲ ਲੈ ਕੇ ਮਿਸਰ ਤੋਂ ਕਨਾਨ ਦੇ ਦੱਖਣ ਵੱਲ ਗਿਆ। 2 ਅਬਰਾਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸੀ। 3 ਉਹ ਦੱਖਣ ਤੋਂ ਸਫ਼ਰ ਕਰਦਾ ਬੈਤਏਲ ਦੀ ਉਸ ਥਾਂ ਤੱਕ ਪਹੁੰਚਿਆ ਜਿੱਥੇ ਉਸ ਨੇ ਪਹਿਲਾਂ ਆਪਣਾ ਤੰਬੂ ਬੈਤਏਲ ਅਤੇ ਅਈ ਦੇ ਵਿਚਕਾਰ ਲਾਇਆ ਸੀ। 4 ਇਹ ਸਥਾਨ ਉਸ ਜਗਵੇਦੀ ਦਾ ਹੈ, ਜੋ ਉਸ ਨੇ ਪਹਿਲਾਂ ਬਣਾਈ ਸੀ ਅਤੇ ਉੱਥੇ ਅਬਰਾਮ ਨੇ ਯਹੋਵਾਹ ਨੂੰ ਪੁਕਾਰਿਆ ਸੀ। 5 ਲੂਤ ਦੇ ਕੋਲ ਵੀ ਜਿਹੜਾ ਅਬਰਾਮ ਨਾਲ ਚੱਲਦਾ ਸੀ, ਇੱਜੜ, ਗਾਈਆਂ-ਬਲ਼ਦ ਅਤੇ ਪਰਿਵਾਰ ਦੇ ਲੋਕ[a] ਸਨ। 6 ਇਸ ਲਈ ਉਸ ਦੇਸ਼ ਵਿੱਚ ਉਨ੍ਹਾਂ ਦੋਵਾਂ ਦੇ ਇਕੱਠੇ ਰਹਿਣ ਲਈ ਸਥਾਨ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਇੰਨ੍ਹਾਂ ਮਾਲ-ਧਨ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। 7 ਅਬਰਾਮ ਅਤੇ ਲੂਤ ਦੇ ਆਜੜੀਆਂ ਵਿਚਕਾਰ ਝਗੜਾ ਹੋ ਗਿਆ। ਉਸ ਸਮੇਂ ਕਨਾਨੀ ਅਤੇ ਫ਼ਰਿੱਜ਼ੀ ਲੋਕ ਉਸ ਦੇਸ਼ ਵਿੱਚ ਵੱਸਦੇ ਸਨ। 8 ਅਬਰਾਮ ਨੇ ਲੂਤ ਨੂੰ ਆਖਿਆ, ਮੇਰੇ ਅਤੇ ਤੇਰੇ ਵਿੱਚ, ਅਤੇ ਮੇਰੇ ਅਤੇ ਤੇਰੇ ਆਜੜੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ, ਕਿਉਂ ਜੋ ਅਸੀਂ ਭਰਾ ਹਾਂ। ਭਲਾ, ਸਾਰਾ ਦੇਸ਼ ਤੇਰੇ ਅੱਗੇ ਨਹੀਂ ਹੈ? 9 ਇਸ ਲਈ ਮੈਥੋਂ ਵੱਖਰਾ ਹੋ ਜਾ। ਜੇ ਤੂੰ ਖੱਬੇ ਪਾਸੇ ਜਾਵੇਂ, ਤਾਂ ਮੈਂ ਸੱਜੇ ਪਾਸੇ ਜਾਂਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ, ਤਾਂ ਮੈਂ ਖੱਬੇ ਪਾਸੇ ਜਾਂਵਾਂਗਾ। 10 ਤਦ ਲੂਤ ਨੇ ਆਪਣੀਆਂ ਅੱਖਾਂ ਚੁੱਕ ਕੇ ਯਰਦਨ ਨਦੀ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਸਿੰਜਿਆ ਹੋਇਆ ਸੀ। ਇਸ ਤੋਂ ਪਹਿਲਾਂ ਕਿ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਨੂੰ ਨਾਸ ਕੀਤਾ, ਤਦ ਤੱਕ ਉਹ ਯਹੋਵਾਹ ਦੇ ਬਾਗ਼ ਵਰਗਾ ਸੀ ਸਗੋਂ ਸੋਆਰ ਨੂੰ ਜਾਂਦੇ ਹੋਏ ਮਿਸਰ ਦੇਸ਼ ਵਰਗਾ ਉਪਜਾਊ ਸੀ। 11 ਇਸ ਲਈ ਲੂਤ ਨੇ ਆਪਣੇ ਲਈ ਯਰਦਨ ਦਾ ਸਾਰਾ ਮੈਦਾਨ ਚੁਣ ਲਿਆ ਅਤੇ ਪੂਰਬ ਵੱਲ ਚੱਲਿਆ ਗਿਆ ਅਤੇ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ। 12 ਅਬਰਾਮ ਕਨਾਨ ਦੇਸ਼ ਵਿੱਚ ਵੱਸਿਆ ਪਰ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਵੱਸਿਆ ਅਤੇ ਸਦੂਮ ਦੇ ਕੋਲ ਆਪਣਾ ਤੰਬੂ ਲਾਇਆ। 13 ਸਦੂਮ ਦੇ ਲੋਕ ਯਹੋਵਾਹ ਦੇ ਅੱਗੇ ਵੱਡੇ ਦੁਸ਼ਟ ਅਤੇ ਮਹਾਂ ਪਾਪੀ ਸਨ।
ਅਬਰਾਮ ਹਬਰੋਨ ਨੂੰ ਜਾਂਦਾ ਹੈ
14 ਜਦ ਅਬਰਾਮ ਲੂਤ ਤੋਂ ਅਲੱਗ ਹੋ ਗਿਆ ਤਾਂ ਯਹੋਵਾਹ ਨੇ ਅਬਰਾਮ ਨੂੰ ਆਖਿਆ, ਆਪਣੀਆਂ ਅੱਖਾਂ ਚੁੱਕ ਕੇ ਇਸ ਸਥਾਨ ਤੋਂ ਜਿੱਥੇ ਤੂੰ ਹੁਣ ਹੈਂ, ਉੱਤਰ-ਦੱਖਣ ਅਤੇ ਪੂਰਬ-ਪੱਛਮ ਵੱਲ ਵੇਖ, 15 ਕਿਉਂਕਿ ਇਹ ਸਾਰੀ ਧਰਤੀ ਜੋ ਤੂੰ ਵੇਖਦਾ ਹੈਂ, ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਸਦਾ ਲਈ ਦੇ ਦਿਆਂਗਾ। 16 ਮੈਂ ਤੇਰੀ ਅੰਸ ਧਰਤੀ ਦੀ ਧੂੜ ਵਰਗੀ ਅਜਿਹੀ ਵਧਾਵਾਂਗਾ ਕਿ ਜੇ ਕੋਈ ਮਨੁੱਖ ਧਰਤੀ ਦੀ ਧੂੜ ਨੂੰ ਗਿਣ ਸਕੇ, ਤਾਂ ਉਹ ਤੇਰੀ ਅੰਸ ਨੂੰ ਵੀ ਗਿਣ ਸਕੇਗਾ। 17 ਉੱਠ ਅਤੇ ਇਸ ਦੇਸ਼ ਦੀ ਲੰਬਾਈ ਚੌੜਾਈ ਵਿੱਚ ਤੁਰ ਫਿਰ ਕਿਉਂ ਜੋ ਮੈਂ ਇਹ ਤੈਨੂੰ ਦੇ ਦਿਆਂਗਾ। 18 ਇਸ ਤੋਂ ਬਾਅਦ ਅਬਰਾਮ ਨੇ ਆਪਣਾ ਤੰਬੂ ਪੁੱਟਿਆ ਅਤੇ ਮਮਰੇ ਦੇ ਬਲੂਤਾਂ ਕੋਲ, ਜਿਹੜੇ ਹਬਰੋਨ ਵਿੱਚ ਹਨ, ਜਾ ਵੱਸਿਆ ਅਤੇ ਉੱਥੇ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ।

<- ਉਤਪਤ 12ਉਤਪਤ 14 ->