Link to home pageLanguagesLink to all Bible versions on this site
3
ਜਗਵੇਦੀ ਦਾ ਪੁਨਰ ਨਿਰਮਾਣ
1 ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪੋ ਆਪਣੇ ਨਗਰਾਂ ਵਿੱਚ ਵੱਸ ਗਏ ਸਨ ਤਾਂ ਲੋਕ ਇੱਕ ਮਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ। 2 ਤਦ ਯੇਸ਼ੂਆ, ਯੋਸਾਦਾਕ ਦਾ ਪੁੱਤਰ ਆਪਣੇ ਜਾਜਕ ਭਰਾਵਾਂ ਦੇ ਨਾਲ ਅਤੇ ਸ਼ਅਲਤੀਏਲ ਦਾ ਪੁੱਤਰ ਜ਼ਰੂੱਬਾਬਲ ਅਤੇ ਉਸ ਦੇ ਭਰਾ ਉੱਠ ਖਲੋਤੇ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਸ ਦੇ ਉੱਤੇ ਹੋਮ ਬਲੀਆਂ ਚੜ੍ਹਾਉਣ ਜਿਸ ਤਰ੍ਹਾਂ ਪਰਮੇਸ਼ੁਰ ਦੇ ਦਾਸ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਸੀ। 3 ਤਦ ਉਨ੍ਹਾਂ ਨੇ ਜਗਵੇਦੀ ਨੂੰ ਉਸ ਦੇ ਸਥਾਨ ਉੱਤੇ ਬਣਾਇਆ ਕਿਉਂ ਜੋ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਦੇਸਾਂ ਦੇ ਲੋਕਾਂ ਦਾ ਡਰ ਸੀ ਅਤੇ ਉਹ ਉਸ ਦੇ ਉੱਤੇ ਯਹੋਵਾਹ ਲਈ ਹੋਮ ਬਲੀਆਂ ਅਰਥਾਤ ਸਵੇਰ ਅਤੇ ਸ਼ਾਮ ਦੀਆਂ ਹੋਮ ਬਲੀਆਂ ਚੜ੍ਹਾਉਣ ਲੱਗੇ। 4 ਅਤੇ ਉਨ੍ਹਾਂ ਨੇ ਬਿਵਸਥਾ ਵਿੱਚ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ ਅਤੇ ਹਰ ਰੋਜ਼ ਦੀਆਂ ਹੋਮ ਬਲੀਆਂ, ਇੱਕ-ਇੱਕ ਦਿਨ ਦੀ ਗਿਣਤੀ ਅਤੇ ਹੁਕਮਨਾਮੇ ਦੇ ਅਨੁਸਾਰ ਚੜ੍ਹਾਈਆਂ। 5 ਇਸ ਤੋਂ ਬਾਦ ਸਦਾ ਦੀ ਹੋਮ ਬਲੀ ਅਤੇ ਅਮੱਸਿਆ ਅਤੇ ਯਹੋਵਾਹ ਦੇ ਸਾਰੇ ਠਹਿਰਾਏ ਹੋਏ ਤਿਉਹਾਰਾਂ ਅਤੇ ਪਵਿੱਤਰ ਕੀਤੀਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਅਤੇ ਹਰ ਪੁਰਸ਼ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਹੋਵਾਹ ਨੂੰ ਚੜ੍ਹਾਉਂਦਾ ਸੀ। 6 ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੋਂ, ਉਹ ਯਹੋਵਾਹ ਨੂੰ ਹੋਮ ਬਲੀਆਂ ਚੜ੍ਹਾਉਣ ਲੱਗੇ ਪਰ ਯਹੋਵਾਹ ਦੇ ਭਵਨ ਦੀ ਨੀਂਹ ਹੁਣ ਤੱਕ ਨਹੀਂ ਰੱਖੀ ਗਈ ਸੀ। 7 ਅਤੇ ਉਨ੍ਹਾਂ ਨੇ ਰਾਜ ਮਿਸਤਰੀਆਂ ਅਤੇ ਤਰਖਾਣਾਂ ਨੂੰ ਰੁਪਿਆ ਦਿੱਤਾ ਅਤੇ ਸੀਦੋਨੀਆਂ ਤੇ ਸੂਰੀਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਅਤੇ ਤੇਲ ਦਿੱਤਾ, ਤਾਂ ਜੋ ਉਹ ਫ਼ਾਰਸ ਦੇ ਰਾਜਾ ਕੋਰਸ਼ ਦੇ ਦਿੱਤੇ ਹੋਏ ਪੱਤਰ ਅਨੁਸਾਰ ਲਬਾਨੋਨ ਤੋਂ ਦਿਆਰ ਦੀ ਲੱਕੜੀ, ਸਮੁੰਦਰ ਦੇ ਰਾਹ ਤੋਂ ਯਾਫ਼ਾ ਨੂੰ ਲਿਆਉਣ।
ਭਵਨ ਦੇ ਪੁਨਰ ਨਿਰਮਾਣ ਦਾ ਕੰਮ ਸ਼ੁਰੂ
8 ਤਦ ਉਹਨਾਂ ਦੇ ਪਰਮੇਸ਼ੁਰ ਦੇ ਭਵਨ ਵਿੱਚ ਜੋ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਬਾਅਦ, ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਾਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਜਾਜਕ ਭਰਾਵਾਂ ਨੇ ਅਤੇ ਲੇਵੀਆਂ ਅਤੇ ਹੋਰ ਸਾਰੇ ਜੋ ਗ਼ੁਲਾਮੀ ਤੋਂ ਮੁੜ ਕੇ ਯਰੂਸ਼ਲਮ ਆਏ ਸਨ, ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ ਵੀਹ ਸਾਲ ਦੇ ਜਾਂ ਉਸ ਤੋਂ ਉੱਪਰ ਦੇ ਸਨ ਪਰਮੇਸ਼ੁਰ ਦੇ ਭਵਨ ਦੇ ਕੰਮ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ। 9 ਤਦ ਯੇਸ਼ੂਆ ਅਤੇ ਉਸ ਦੇ ਪੁੱਤਰ ਤੇ ਭਰਾ ਅਤੇ ਕਦਮੀਏਲ ਅਤੇ ਉਸ ਦੇ ਪੁੱਤਰ, ਜਿਹੜੇ ਯਹੂਦਾਹ[a] ਦੇ ਵੰਸ਼ ਤੋਂ ਸਨ, ਅਤੇ ਹੇਨਾਦਾਦ ਦੇ ਪੁੱਤਰ ਤੇ ਭਰਾ ਵੀ ਜਿਹੜੇ ਲੇਵੀ ਸਨ, ਮਿਲ ਕੇ ਉੱਠੇ ਤਾਂ ਜੋ ਪਰਮੇਸ਼ੁਰ ਦੇ ਭਵਨ ਵਿੱਚ ਕਾਰੀਗਰਾਂ ਦੀ ਦੇਖਭਾਲ ਕਰਨ। 10 ਜਦੋਂ ਰਾਜ ਮਿਸਤਰੀਆਂ ਨੇ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ, ਤਾਂ ਜਾਜਕ ਆਪਣੇ ਬਸਤਰ ਪਾ ਕੇ ਅਤੇ ਤੁਰ੍ਹੀਆਂ ਲੈ ਕੇ ਅਤੇ ਆਸਾਫ਼ ਦੇ ਵੰਸ਼ ਦੇ ਲੇਵੀ ਛੈਣੇ ਲੈ ਕੇ ਖੜੇ ਹੋਏ ਤਾਂ ਜੋ ਇਸਰਾਏਲ ਦੇ ਰਾਜਾ ਦਾਊਦ ਦੇ ਹੁਕਮ ਅਨੁਸਾਰ ਯਹੋਵਾਹ ਦੀ ਉਸਤਤ ਕਰਨ। 11 ਅਤੇ ਉਹ ਯਹੋਵਾਹ ਦੀ ਉਸਤਤ ਅਤੇ ਧੰਨਵਾਦ ਇਹ ਕਹਿ ਕੇ ਕਰਨ ਲੱਗੇ, “ਉਹ ਭਲਾ ਹੈ, ਅਤੇ ਉਸ ਦੀ ਦਯਾ ਇਸਰਾਏਲ ਉੱਤੇ ਸਦੀਪਕ ਕਾਲ ਦੀ ਹੈ!” ਯਹੋਵਾਹ ਦੀ ਉਸਤਤ ਕਰਦੇ ਹੋਏ ਸਾਰੇ ਲੋਕ ਉੱਚੀ ਅਵਾਜ਼ ਵਿੱਚ ਲਲਕਾਰੇ, ਇਸ ਲਈ ਜੋ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ। 12 ਪਰੰਤੂ ਜਾਜਕਾਂ ਅਤੇ ਲੇਵੀਆਂ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਲੋਕ, ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ, ਜਿਸ ਵੇਲੇ ਇਸ ਭਵਨ ਦੀ ਨੀਂਹ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਰੱਖੀ ਗਈ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਏ, ਅਤੇ ਬਹੁਤੇ ਅਨੰਦ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ। 13 ਇਸ ਲਈ ਲੋਕ, ਅਨੰਦ ਦੀ ਲਲਕਾਰ, ਅਤੇ ਪਰਜਾ ਦੇ ਰੋਣ ਦੀ ਅਵਾਜ਼ ਵਿੱਚ ਫ਼ਰਕ ਨਾ ਕਰ ਸਕੇ, ਕਿਉਂ ਜੋ ਲੋਕ ਉੱਚੀ-ਉੱਚੀ ਲਲਕਾਰਦੇ ਸਨ ਅਤੇ ਰੌਲ਼ਾ ਦੂਰ ਤੱਕ ਸੁਣਾਈ ਦਿੰਦਾ ਸੀ!

<- ਅਜ਼ਰਾ 2ਅਜ਼ਰਾ 4 ->