Link to home pageLanguagesLink to all Bible versions on this site

ਅਜ਼ਰਾ
ਲੇਖਕ
ਯਹੂਦੀ ਪਰੰਪਰਾ ਅਨੁਸਾਰ ਅਜਰਾ ਇਸ ਪੁਸਤਕ ਦਾ ਲੇਖਕ ਹੈ। ਅਸਲ ਵਿੱਚ ਅਜਰਾ ਸਿੱਧੇ ਤੌਰ ਤੇ ਮੁੱਖ ਜਾਜਕ ਹਾਰੂਨ ਦੇ ਵੰਸ਼ ਵਿੱਚੋਂ ਸੀ, ਇਸ ਲਈ ਉਹ ਆਪਣੇ ਆਪ ਵਿੱਚ ਇੱਕ ਜਾਜਕ ਅਤੇ ਸ਼ਾਸਤਰੀ ਸੀ। ਪਰਮੇਸ਼ੁਰ ਅਤੇ ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰਤੀ ਉਸ ਦੇ ਜੋਸ਼ ਨੇ ਅਜਰਾ ਨੂੰ ਅਰਤਹਸਸਤਾ ਰਾਜੇ ਦੇ ਫ਼ਾਰਸੀ ਸਾਮਰਾਜ ਉੱਤੇ ਸ਼ਾਸਨ ਦੇ ਦੌਰਾਨ ਇਸਰਾਏਲ ਦੇ ਇੱਕ ਸਮੂਹ ਦੀ ਅਗਵਾਈ ਕਰਕੇ ਉਹ ਨੂੰ ਇਸਰਾਏਲ ਵਾਪਸ ਲੈ ਕੇ ਆਉਣ ਲਈ ਉਭਾਰਿਆ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 457-440 ਈ. ਪੂ. ਦੇ ਵਿਚਕਾਰ ਲਿਖੀ ਗਈ।
ਬਾਬਲ ਤੋਂ ਵਾਪਸ ਆਉਣ ਤੋਂ ਬਾਅਦ ਇਹ ਪੁਸਤਕ ਯਹੂਦਾਹ ਵਿੱਚ ਲਿਖੀ ਗਈ ਸੀ, ਸ਼ਾਇਦ ਯਰੂਸ਼ਲਮ ਦੇ ਇਲਾਕੇ ਵਿੱਚ।
ਪ੍ਰਾਪਤ ਕਰਤਾ
ਇਹ ਪੁਸਤਕ ਉਨ੍ਹਾਂ ਸਾਰੇ ਇਸਰਾਏਲੀਆਂ ਲਈ ਲਿਖੀ ਗਈ ਜੋ ਗੁਲਾਮੀ ਤੋਂ ਯਰੂਸ਼ਲਮ ਵਾਪਸ ਆਏ ਸਨ ਅਤੇ ਭਵਿੱਖ ਵਿੱਚ ਬਾਈਬਲ ਨੂੰ ਪੜ੍ਹਨ ਵਾਲੇ ਸਾਰੇ ਪਾਠਕਾਂ ਲਈ।
ਉਦੇਸ਼
ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਵੱਲ ਵਾਪਸ ਮੋੜਨ ਲਈ ਅਜਰਾ ਨੂੰ ਇੱਕ ਉਦਾਹਰਣ ਵੱਜੋਂ ਇਸਤੇਮਾਲ ਕੀਤਾ, ਸਰੀਰਕ ਤੌਰ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ ਵੱਲ ਮੋੜ ਕੇ ਲਿਆਉਣ ਦੇ ਦੁਆਰਾ ਅਤੇ ਆਤਮਿਕ ਤੌਰ ਤੇ ਉਨ੍ਹਾਂ ਦੇ ਪਾਪਾਂ ਤੋਂ ਤੋਬਾ ਕਰਵਾਉਣ ਦੇ ਦੁਆਰਾ। ਜਦੋਂ ਅਸੀਂ ਪ੍ਰਭੂ ਦੇ ਕੰਮ ਕਰਦੇ ਹਾਂ ਤਾਂ ਅਸੀਂ ਅਵਿਸ਼ਵਾਸੀ ਲੋਕਾਂ ਅਤੇ ਆਤਮਿਕ ਤਾਕਤਾਂ ਵੱਲੋਂ ਵਿਰੋਧ ਦੀ ਉਮੀਦ ਕਰ ਸਕਦੇ ਹਾਂ, ਜੇਕਰ ਅਸੀਂ ਸਮੇਂ ਤੋਂ ਪਹਿਲਾਂ ਤਿਆਰੀ ਕਰਦੇ ਹਾਂ, ਤਾਂ ਅਸੀਂ ਵਿਰੋਧ ਦਾ ਸਾਹਮਣਾ ਕਰਨ ਲਈ ਵਧੀਆ ਤਰੀਕੇ ਨਾਲ ਤਿਆਰ ਹੁੰਦੇ ਹਾਂ। ਵਿਸ਼ਵਾਸ ਨਾਲ ਅਸੀਂ ਰੁਕਾਵਟ ਪਾਉਣ ਵਾਲੀਆਂ ਚੀਜ਼ਾਂ ਨੂੰ ਸਾਡੀ ਤਰੱਕੀ ਨੂੰ ਰੋਕਣ ਨਹੀਂ ਦੇਵਾਂਗੇ। ਅਜਰਾ ਦੀ ਪੁਸਤਕ ਸਾਨੂੰ ਇੱਕ ਬਹੁਤ ਮਹੱਤਵਪੂਰਣ ਗੱਲ ਯਾਦ ਕਰਾਉਂਦੀ ਹੈ ਕਿ ਨਿਰਾਸ਼ਾ ਅਤੇ ਡਰ ਉਹ ਸਭ ਤੋਂ ਵੱਡੀਆਂ ਦੋ ਰੁਕਾਵਟਾਂ ਹਨ ਜੋ ਪਰਮੇਸ਼ੁਰ ਦੀ ਯੋਜਨਾ ਨੂੰ ਸਾਡੇ ਜੀਵਨ ਵਿੱਚ ਪੂਰਾ ਹੋਣ ਤੋਂ ਰੋਕਦੀਆਂ ਹਨ।
ਵਿਸ਼ਾ-ਵਸਤੂ
ਦੁਬਾਰਾ ਵਸਾਉਣਾ
ਰੂਪ-ਰੇਖਾ
1. ਜ਼ਰੁੱਬਾਬਲ ਦੇ ਨਾਲ ਪਹਿਲੀ ਵਾਪਸੀ — 1:1-6:22
2. ਅਜ਼ਰਾ ਦੇ ਨਾਲ ਦੂਸਰੀ ਵਾਪਸੀ — 7:1-10:44

1
ਰਾਜੇ ਕੋਰਸ਼ ਦੀ ਘੋਸ਼ਣਾ: ਯਹੂਦੀਆਂ ਦੀ ਵਾਪਸੀ
1 ਫ਼ਾਰਸ ਦੇ ਰਾਜੇ ਕੋਰਸ਼ ਦੇ ਰਾਜ ਦੇ ਪਹਿਲੇ ਸਾਲ ਵਿੱਚ ਯਹੋਵਾਹ ਨੇ ਫ਼ਾਰਸ ਦੇ ਰਾਜਾ ਕੋਰਸ਼ ਦਾ ਮਨ ਉਭਾਰਿਆ, ਤਾਂ ਜੋ ਯਿਰਮਿਯਾਹ ਦੇ ਰਾਹੀਂ ਯਹੋਵਾਹ ਦਾ ਬਚਨ ਪੂਰਾ ਹੋਵੇ ਅਤੇ ਉਸ ਨੇ ਆਪਣੇ ਸਾਰੇ ਰਾਜ ਵਿੱਚ ਇਹ ਮੁਨਾਦੀ ਕਰਵਾਈ ਅਤੇ ਲਿਖਤ ਰੂਪ ਵਿੱਚ ਵੀ ਦੇ ਦਿੱਤਾ:

2 “ਫ਼ਾਰਸ ਦਾ ਰਾਜਾ ਕੋਰਸ਼ ਇਹ ਫਰਮਾਉਂਦਾ ਹੈ, ਅਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਾਰੇ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਆਪ ਮੈਨੂੰ ਹਿਦਾਇਤ ਦਿੱਤੀ ਹੈ ਕਿ ਯਹੂਦਾਹ ਦੇ ਯਰੂਸ਼ਲਮ ਵਿੱਚ ਉਸ ਦੇ ਲਈ ਇੱਕ ਭਵਨ ਬਣਾਵਾਂ। 3 ਉਸ ਦੀ ਸਾਰੀ ਪਰਜਾ ਅਰਥਾਤ ਤੁਹਾਡੇ ਵਿੱਚੋਂ ਕੌਣ ਤਿਆਰ ਹੈ? ਉਸ ਦਾ ਪਰਮੇਸ਼ੁਰ ਉਸ ਦੇ ਅੰਗ-ਸੰਗ ਹੋਵੇ! ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਭਵਨ ਨੂੰ, ਜੋ ਯਰੂਸ਼ਲਮ ਵਿੱਚ ਹੈ ਬਣਾਵੇ - ਉਹੋ ਪਰਮੇਸ਼ੁਰ ਹੈ l 4 ਅਤੇ ਜੋ ਕੋਈ ਕਿਸੇ ਸਥਾਨ ਵਿੱਚ ਰਹਿ ਗਿਆ ਹੋਵੇ, ਜਿੱਥੇ ਉਸ ਦੀ ਵੱਸੋਂ ਹੋਵੇ ਤਾਂ ਉਸ ਥਾਂ ਦੇ ਲੋਕ ਚਾਂਦੀ, ਸੋਨਾ, ਧਨ ਤੇ ਪਸ਼ੂ ਦੇ ਕੇ ਉਸ ਦੀ ਸਹਾਇਤਾ ਕਰਨ ਨਾਲ ਹੀ ਉਹ ਪਰਮੇਸ਼ੁਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ, ਆਪਣੀ ਖੁਸ਼ੀ ਦੀਆਂ ਭੇਟਾਂ ਵੀ ਨਾਲ ਦੇਣ।”

5 ਤਦ ਯਹੂਦਾਹ ਅਤੇ ਬਿਨਯਾਮੀਨ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂ ਅਤੇ ਜਾਜਕ ਅਤੇ ਲੇਵੀ ਅਤੇ ਉਹ ਸਭ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਉਭਾਰਿਆ ਸੀ ਉੱਠੇ ਕਿ ਜਾ ਕੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਨੂੰ ਬਣਾਉਣ 6 ਅਤੇ ਉਨ੍ਹਾਂ ਸਾਰਿਆਂ ਨੇ ਜੋ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਸਨ, ਖੁਸ਼ੀ ਨਾਲ ਦਿੱਤੀਆਂ ਹੋਈਆਂ ਭੇਟਾਂ ਤੋਂ ਬਿਨ੍ਹਾਂ, ਚਾਂਦੀ ਅਤੇ ਸੋਨੇ ਦੇ ਭਾਂਡੇ ਅਤੇ ਧਨ ਅਤੇ ਪਸ਼ੂ ਅਤੇ ਕੀਮਤੀ ਵਸਤੂਆਂ ਦੇ ਕੇ ਉਨ੍ਹਾਂ ਦੇ ਹੱਥ ਤਕੜੇ ਕੀਤੇ।

7 ਕੋਰਸ਼ ਰਾਜਾ ਨੇ ਵੀ ਯਹੋਵਾਹ ਦੇ ਭਵਨ ਦੇ ਉਨ੍ਹਾਂ ਭਾਂਡਿਆ ਨੂੰ ਕਢਵਾਇਆ, ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਤੋਂ ਲੈ ਆਇਆ ਸੀ ਅਤੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਹੋਇਆ ਸੀ। 8 ਇਹਨਾਂ ਭਾਂਡਿਆਂ ਨੂੰ, ਫ਼ਾਰਸ ਦੇ ਰਾਜਾ ਕੋਰਸ਼ ਨੇ ਮਿਥਰਦਾਥ ਖ਼ਜ਼ਾਨਚੀ ਦੇ ਦੁਆਰਾ ਕਢਵਾਇਆ ਅਤੇ ਗਿਣ ਕੇ ਯਹੂਦਾਹ ਦੇ ਰਾਜਕੁਮਾਰ ਸ਼ੇਸ਼ਬੱਸਰ ਨੂੰ ਦੇ ਦਿੱਤਾ 9 ਅਤੇ ਉਨ੍ਹਾਂ ਦੀ ਗਿਣਤੀ ਇਹ ਸੀ - ਸੋਨੇ ਦੇ ਤੀਹ ਥਾਲ, ਚਾਂਦੀ ਦੇ ਇੱਕ ਹਜ਼ਾਰ ਥਾਲ ਅਤੇ ਉਨੱਤੀ ਛੁਰੀਆਂ, 10 ਸੋਨੇ ਦੇ ਤੀਹ ਕਟੋਰਦਾਨ, ਚਾਂਦੀ ਦੇ ਇੱਕੋ ਜਿਹੇ ਚਾਰ ਸੌ ਦਸ ਕੌਲੇ ਅਤੇ ਦੂਜੇ ਭਾਂਡੇ ਇੱਕ ਹਜ਼ਾਰ।

11 ਕੁੱਲ ਮਿਲਾ ਕੇ, ਸੋਨੇ ਅਤੇ ਚਾਂਦੀ ਦੇ ਸਾਰੇ ਭਾਂਡੇ, ਪੰਜ ਹਜ਼ਾਰ ਚਾਰ ਸੌ ਸਨ। ਸ਼ੇਸ਼ਬੱਸਰ ਇਨ੍ਹਾਂ ਸਾਰਿਆਂ ਭਾਂਡਿਆਂ ਨੂੰ ਬਾਬਲ ਤੋਂ ਯਰੂਸ਼ਲਮ ਨੂੰ ਮੁੜਨ ਵਾਲੇ ਗ਼ੁਲਾਮਾਂ ਨਾਲ ਲੈ ਆਇਆ।

ਅਜ਼ਰਾ 2 ->