Link to home pageLanguagesLink to all Bible versions on this site
8
ਪਰਮੇਸ਼ੁਰ ਦੇ ਬਾਰੇ ਹਿਜ਼ਕੀਏਲ ਦਾ ਦੂਸਰਾ ਦਰਸ਼ਣ
8:1-10:22
ਯਰੂਸ਼ਲਮ ਦੇ ਵਿੱਚ ਮੂਰਤੀ ਪੂਜਾ
1 ਛੇਵੇਂ ਸਾਲ ਦੇ ਛੇਵੇਂ ਮਹੀਨੇ ਦੀ ਪੰਜ ਤਾਰੀਖ਼ ਨੂੰ ਇਸ ਤਰ੍ਹਾਂ ਹੋਇਆ ਕਿ ਮੈਂ ਆਪਣੇ ਘਰ ਵਿੱਚ ਬੈਠਾ ਸੀ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਅੱਗੇ ਬੈਠੇ ਸਨ ਕਿ ਉੱਥੇ ਪ੍ਰਭੂ ਯਹੋਵਾਹ ਦਾ ਹੱਥ ਮੇਰੇ ਉੱਤੇ ਆਇਆ। 2 ਮੈਂ ਵੇਖਿਆ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੱਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੱਕ ਚਾਨਣ ਦੀ ਚਮਕ ਦਿਖਾਈ ਦਿੱਤੀ, ਜਿਸ ਦਾ ਰੰਗ ਚਮਕਦੇ ਹੋਏ ਪਿੱਤਲ ਵਰਗਾ ਸੀ। 3 ਉਸ ਨੇ ਇੱਕ ਹੱਥ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਪਰਮੇਸ਼ੁਰ ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ, ਅਤੇ ਮੈਨੂੰ ਪਰਮੇਸ਼ੁਰ ਦੇ ਦਰਸ਼ਣ ਵਿੱਚ ਯਰੂਸ਼ਲਮ ਵਿੱਚ ਉੱਤਰ ਵੱਲ ਅੰਦਰਲੇ ਵੇਹੜੇ ਦੇ ਫਾਟਕ ਤੇ ਲੈ ਆਇਆ, ਜਿੱਥੇ ਉਸ ਮੂਰਤੀ ਦਾ ਟਿਕਾਣਾ ਸੀ ਜਿਹੜੀ ਅਣਖ ਭੜਕਾਉਂਦੀ ਸੀ। 4 ਵੇਖੋ, ਉੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਸੇ ਤਰ੍ਹਾਂ ਸੀ, ਜੋ ਦਰਸ਼ਣ ਮੈਂ ਉਸ ਮੈਦਾਨ ਵਿੱਚ ਵੇਖਿਆ ਸੀ। 5 ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਆਪਣੀਆਂ ਅੱਖਾਂ ਉਤਰ ਵੱਲ ਚੁੱਕ। ਤਦ ਮੈਂ ਉਤਰ ਵੱਲ ਆਪਣੀਆਂ ਅੱਖਾਂ ਚੁੱਕੀਆਂ, ਤਾਂ ਵੇਖੋ, ਉਤਰ ਵੱਲ ਜਗਵੇਦੀ ਦੇ ਦਰਵਾਜ਼ੇ ਉੱਪਰ ਅਣਖ ਦੀ ਉਹੀ ਮੂਰਤੀ ਰਸਤੇ ਵਿੱਚ ਸੀ। 6 ਉਸ ਨੇ ਮੈਨੂੰ ਕਿਹਾ, ਹੇ ਮਨੁੱਖ ਦੇ ਪੁੱਤਰ! ਤੂੰ ਉਹਨਾਂ ਦੇ ਕੰਮ ਵੇਖਦਾ ਹੈਂ ਅਰਥਾਤ ਵੱਡੇ-ਵੱਡੇ ਘਿਣਾਉਣੇ ਕੰਮ, ਜਿਹੜੇ ਇਸਰਾਏਲ ਦਾ ਘਰਾਣਾ ਇੱਥੇ ਕਰਦਾ ਹੈ, ਤਾਂ ਜੋ ਮੈਂ ਆਪਣੇ ਪਵਿੱਤਰ ਸਥਾਨ ਤੋਂ ਦੂਰ ਚਲਾ ਜਾਂਵਾਂ, ਪਰ ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ। 7 ਤਦ ਉਹ ਮੈਨੂੰ ਵੇਹੜੇ ਦੇ ਦਰਵਾਜ਼ੇ ਤੇ ਲਿਆਇਆ, ਤਾਂ ਮੈਂ ਵੇਖਿਆ ਕਿ ਕੰਧ ਦੇ ਵਿੱਚ ਇੱਕ ਛੇਕ ਹੈ। 8 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਕੰਧ ਨੂੰ ਤੋੜ ਅਤੇ ਜਦੋਂ ਮੈਂ ਕੰਧ ਨੂੰ ਤੋੜਿਆ, ਤਾਂ ਵੇਖੋ ਇੱਕ ਦਰਵਾਜ਼ਾ ਸੀ। 9 ਫੇਰ ਉਸ ਨੇ ਮੈਨੂੰ ਆਖਿਆ, ਅੰਦਰ ਜਾ ਅਤੇ ਵੇਖ ਕਿ ਕਿਸ ਤਰ੍ਹਾਂ ਦੇ ਘਿਣਾਉਣੇ ਕੰਮ ਉਹ ਇੱਥੇ ਕਰਦੇ ਹਨ! 10 ਤਦ ਮੈਂ ਅੰਦਰ ਜਾ ਕੇ ਦੇਖਿਆ ਤਾਂ ਵੇਖੋ, ਹਰ ਕਿਸਮ ਦੇ ਸਾਰੇ ਘਿੱਸਰਨ ਵਾਲੇ ਅਤੇ ਪਲੀਤ ਪਸ਼ੂਆਂ ਦੀਆਂ ਸਾਰੀਆਂ ਮੂਰਤਾਂ ਅਤੇ ਇਸਰਾਏਲ ਦੇ ਘਰਾਣੇ ਦੇ ਬੁੱਤ ਆਲੇ-ਦੁਆਲੇ ਦੀ ਕੰਧ ਉੱਤੇ ਬਣੇ ਹੋਏ ਹਨ। 11 ਇਸਰਾਏਲ ਦੇ ਘਰਾਣੇ ਦੇ ਸੱਤਰ ਬਜ਼ੁਰਗ ਉਹਨਾਂ ਅੱਗੇ ਖਲੋਤੇ ਹਨ ਅਤੇ ਸ਼ਾਫਾਨ ਦਾ ਪੁੱਤਰ ਯਅਜ਼ਨਯਾਹ ਉਹਨਾਂ ਦੇ ਵਿਚਕਾਰ ਖਲੋਤਾ ਹੈ। ਹਰੇਕ ਦੇ ਹੱਥ ਵਿੱਚ ਇੱਕ ਧੂਪਦਾਨ ਹੈ ਅਤੇ ਧੂਫ਼ ਦੇ ਬੱਦਲ ਦੀ ਸੁਗੰਧ ਉੱਠ ਰਹੀ ਹੈ। 12 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਹਨ੍ਹੇਰੇ ਵਿੱਚ ਅਰਥਾਤ ਆਪਣੀ-ਆਪਣੀ ਚਿੱਤਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ? ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ। 13 ਉਸ ਨੇ ਮੈਨੂੰ ਇਹ ਵੀ ਕਿਹਾ, ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ, ਜੋ ਉਹ ਕਰਦੇ ਹਨ। 14 ਤਦ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਉੱਤਰੀ ਦਰਵਾਜ਼ੇ ਤੇ ਲੈ ਆਇਆ ਤਾਂ ਵੇਖੋ, ਉੱਥੇ ਔਰਤਾਂ ਬੈਠੀਆਂ ਤੰਮੂਜ ਨੂੰ ਰੋ ਰਹੀਆਂ ਹਨ। 15 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਕੀ ਤੂੰ ਇਹ ਵੇਖਿਆ ਹੈ? ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ। 16 ਫਿਰ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ, ਅਤੇ ਵੇਖੋ, ਯਹੋਵਾਹ ਦੀ ਹੈਕਲ ਦੇ ਦਰਵਾਜ਼ੇ ਉੱਤੇ ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਲੱਗਭਗ ਪੱਚੀ ਮਨੁੱਖ ਸਨ, ਜਿਹਨਾਂ ਦੀ ਪਿੱਠ ਯਹੋਵਾਹ ਦੀ ਹੈਕਲ ਵੱਲ ਅਤੇ ਉਹਨਾਂ ਦੇ ਮੂੰਹ ਪੂਰਬ ਵੱਲ ਸਨ ਅਤੇ ਪੂਰਬ ਵੱਲ ਮੂੰਹ ਕਰ ਕੇ ਸੂਰਜ ਨੂੰ ਮੱਥਾ ਟੇਕ ਰਹੇ ਸਨ। 17 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ ਹੈ? ਯਹੂਦਾਹ ਦੇ ਘਰਾਣੇ ਲਈ ਇਹ ਨਿੱਕੀ ਜਿਹੀ ਗੱਲ ਹੈ, ਕਿ ਉਹ ਅਜਿਹੇ ਘਿਣਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ, ਕਿਉਂ ਜੋ ਉਹਨਾਂ ਨੇ ਤਾਂ ਦੇਸ ਨੂੰ ਜ਼ੁਲਮ ਨਾਲ ਭਰ ਦਿੱਤਾ ਅਤੇ ਫਿਰ ਮੈਨੂੰ ਕ੍ਰੋਧ ਦਿਵਾਇਆ, ਅਤੇ ਵੇਖ, ਉਹ ਆਪਣੇ ਨੱਕ ਨਾਲ ਡਾਲੀਆਂ ਲਗਾਉਂਦੇ ਹਨ। 18 ਇਸ ਲਈ ਮੈਂ ਵੀ ਕਹਿਰ ਨਾਲ ਵਰਤਾਓ ਕਰਾਂਗਾ, ਮੈਂ ਦਯਾ ਨਹੀਂ ਕਰਾਂਗਾ ਅਤੇ ਮੈਂ ਕਦੇ ਵੀ ਤਰਸ ਨਾ ਕਰਾਂਗਾ, ਅਤੇ ਭਾਵੇਂ ਉਹ ਚੀਕ-ਚੀਕ ਕੇ ਮੇਰੇ ਕੰਨਾਂ ਤੱਕ ਆਪਣੀ ਪੁਕਾਰ ਪਹੁੰਚਾਉਣ, ਤਾਂ ਵੀ ਉਹਨਾਂ ਦੀ ਨਹੀਂ ਸੁਣਾਂਗਾ।

<- ਹਿਜ਼ਕੀਏਲ 7ਹਿਜ਼ਕੀਏਲ 9 ->