Link to home pageLanguagesLink to all Bible versions on this site
7
ਇਸਰਾਏਲ ਦੀ ਸਜ਼ਾ ਨੇੜੇ ਹੈ
1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ, 2 ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਸਰਾਏਲ ਦੇਸ ਨੂੰ ਇਸ ਤਰ੍ਹਾਂ ਆਖਦਾ ਹੈ, ਇਹ ਅੰਤ ਹੈ! ਦੇਸ ਦੀਆਂ ਚਾਰੇ ਹੱਦਾਂ ਉੱਤੇ ਅੰਤ ਆ ਪਹੁੰਚਿਆ ਹੈ। 3 ਹੁਣ ਤੇਰੇ ਉੱਤੇ ਅੰਤ ਆਇਆ ਅਤੇ ਮੈਂ ਆਪਣਾ ਕ੍ਰੋਧ ਤੇਰੇ ਉੱਤੇ ਭੇਜਾਂਗਾ ਅਤੇ ਤੇਰੇ ਚਾਲ-ਚੱਲਣ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ; ਫਿਰ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਫੇਰ ਲਿਆਵਾਂਗਾ। 4 ਮੇਰੀ ਨਿਗਾਹ ਤੇਰੇ ਉੱਤੇ ਨਾ ਆਵੇਗੀ ਅਤੇ ਮੈਂ ਤੇਰੇ ਉੱਤੇ ਤਰਸ ਨਹੀਂ ਕਰਾਂਗਾ, ਸਗੋਂ ਮੈਂ ਤੇਰੇ ਚਾਲ-ਚੱਲਣ ਦਾ ਫਲ ਤੈਨੂੰ ਦੇਵਾਂਗਾ ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਹੋਣਗੇ, ਤਾਂ ਜੋ ਤੁਸੀਂ ਜਾਣੋ ਜੋ ਮੈਂ ਯਹੋਵਾਹ ਹਾਂ! 5 ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਇੱਕ ਬਿਪਤਾ! ਹਾਂ, ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ! 6 ਅੰਤ ਆ ਪਹੁੰਚਿਆ, ਹਾਂ, ਅੰਤ ਆ ਪਹੁੰਚਿਆ! ਅੰਤ ਤੇਰੇ ਵਿਰੁੱਧ ਜਾਗ ਉੱਠਿਆ! ਵੇਖ, ਉਹ ਆ ਪਹੁੰਚਿਆ ਹੈ! 7 ਹੇ ਧਰਤੀ ਦੇ ਰਹਿਣ ਵਾਲੇ! ਤੇਰੀ ਵਾਰੀ ਆ ਗਈ! ਸਮਾਂ ਆ ਗਿਆ ਹੈ! ਵਿਨਾਸ਼ ਦਾ ਦਿਨ ਆ ਗਿਆ ਹੈ, ਪਹਾੜਾਂ ਉੱਤੇ ਅੱਗੇ ਤੋਂ ਅਨੰਦ ਨਹੀਂ ਹੋਵੇਗਾ। 8 ਹੁਣ ਮੈਂ ਛੇਤੀ ਹੀ ਆਪਣਾ ਕਹਿਰ ਤੇਰੇ ਉੱਤੇ ਡੋਲ੍ਹਾਂਗਾ ਅਤੇ ਆਪਣਾ ਕ੍ਰੋਧ ਤੇਰੇ ਵਿਰੁੱਧ ਪੂਰਾ ਕਰਾਂਗਾ, ਜਦ ਮੈਂ ਤੇਰੀਆਂ ਚਾਲਾਂ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਲਿਆਵਾਂਗਾ। 9 ਮੇਰੀ ਦਯਾ ਦੀ ਨਿਗਾਹ ਤੇਰੇ ਉੱਤੇ ਨਾ ਹੋਵੇਗੀ, ਨਾ ਮੈਂ ਤਰਸ ਖਾਵਾਂਗਾ। ਜਿਹਾ ਤੂੰ ਕੀਤਾ ਤਿਵੇਂ ਮੈਂ ਤੇਰੇ ਨਾਲ ਕਰਾਂਗਾ; ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਆਉਣਗੇ ਤਾਂ ਕਿ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ ਜੋ ਮਾਰਦਾ ਹਾਂ। 10 ਵੇਖ, ਉਹ ਦਿਨ ਵੇਖ! ਉਹ ਆ ਪਹੁੰਚਿਆ ਹੈ, ਤੇਰੀ ਸ਼ਾਮਤ ਆ ਗਈ, ਸੋਟੀ ਵਿੱਚ ਕਲੀਆਂ ਨਿੱਕਲੀਆਂ, ਘਮੰਡ ਵਿੱਚ ਡੋਡੀਆਂ ਲੱਗੀਆਂ ਹਨ। 11 ਜ਼ੁਲਮ ਵੱਧ ਕੇ ਦੁਸ਼ਟਪੁਣੇ ਲਈ ਸੋਟੀ ਬਣ ਗਿਆ। ਹੁਣ ਉਹਨਾਂ ਵਿੱਚੋਂ ਕੋਈ ਨਹੀਂ ਬਚੇਗਾ, ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ ਅਤੇ ਨਾ ਉਹਨਾਂ ਵਿੱਚੋਂ ਕਿਸੇ ਦਾ ਆਦਰ ਰਹੇਗਾ। 12 ਸਮਾਂ ਆ ਪਹੁੰਚਿਆ, ਦਿਨ ਨੇੜੇ ਹੈ, ਨਾ ਮੁੱਲ ਲੈਣ ਵਾਲਾ ਖੁਸ਼ ਹੋਵੇ, ਨਾ ਵੇਚਣ ਵਾਲਾ ਉਦਾਸ, ਕਿਉਂ ਜੋ ਉਹਨਾਂ ਦੀ ਸਾਰੀ ਭੀੜ ਉੱਤੇ ਕਹਿਰ ਟੁੱਟਣ ਵਾਲਾ ਹੈ। 13 ਕੋਈ ਵੀ ਵੇਚਣ ਵਾਲਾ ਭਾਵੇਂ ਜੀਉਂਦਾ ਰਹੇ ਤਾਂ ਵੀ ਆਪਣੀ ਵਿਕੀ ਹੋਈ ਚੀਜ਼ ਦੇ ਕੋਲ ਨਹੀਂ ਮੁੜੇਗਾ, ਕਿਉਂਕਿ ਦਰਸ਼ਣ ਸਾਰੀ ਹੀ ਭੀੜ ਦੇ ਵਿਰੁੱਧ ਹੈ; ਉਹ ਨਹੀਂ ਮੁੜਨਗੇ, ਇਸ ਪਾਪ ਦੇ ਵਿੱਚ ਰਹਿਣ ਵਾਲਾ ਕੋਈ ਵੀ ਮਨੁੱਖ ਮਜ਼ਬੂਤ ਨਹੀਂ ਕੀਤਾ ਜਾਵੇਗਾ। 14 ਉਹਨਾਂ ਨੇ ਤੁਰ੍ਹੀ ਵਜਾਈ ਅਤੇ ਸਭ ਕੁਝ ਤਿਆਰ ਕੀਤਾ ਹੈ ਪਰ ਕੋਈ ਲੜਾਈ ਲਈ ਨਹੀਂ ਤੁਰਦਾ, ਕਿਉਂ ਜੋ ਮੇਰਾ ਤੇਜ਼ ਕਹਿਰ ਉਸ ਸਾਰੀ ਭੀੜ ਉੱਤੇ ਹੈ।
ਇਸਰਾਏਲ ਦੇ ਪਾਪਾਂ ਦੀ ਸਜ਼ਾ
15 ਬਾਹਰ ਤਲਵਾਰ ਹੈ ਅਤੇ ਅੰਦਰ ਮਰੀ ਤੇ ਕਾਲ ਹਨ। ਜਿਹੜਾ ਖੇਤ ਵਿੱਚ ਹੈ, ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਜਿਹੜਾ ਸ਼ਹਿਰ ਵਿੱਚ ਹੈ, ਕਾਲ ਤੇ ਮਰੀ ਨਾਲ ਮਾਰਿਆ ਜਾਵੇਗਾ। 16 ਪਰ ਜਿਹੜੇ ਉਹਨਾਂ ਵਿੱਚੋਂ ਭੱਜ ਜਾਣਗੇ, ਉਹ ਬਚ ਜਾਣਗੇ, ਅਤੇ ਵਾਦੀਆਂ ਦੀਆਂ ਘੁੱਗੀਆਂ ਵਾਂਗੂੰ ਪਹਾੜਾਂ ਉੱਤੇ ਰਹਿਣਗੇ, ਸਾਰੇ ਦੇ ਸਾਰੇ ਕੀਰਨੇ ਪਾਉਣਗੇ, ਹਰੇਕ ਆਪਣੇ ਔਗੁਣਾਂ ਦੇ ਕਾਰਨ ਕੀਰਨੇ ਪਾਵੇਗਾ। 17 ਸਾਰੇ ਹੱਥ ਨਿਰਬਲ ਹੋਣਗੇ ਅਤੇ ਸਾਰੇ ਗੋਡੇ ਪਾਣੀ ਵਾਂਗੂੰ ਕਮਜ਼ੋਰ ਹੋ ਜਾਣਗੇ। 18 ਉਹ ਲੱਕ ਉੱਤੇ ਤੱਪੜ ਕੱਸਣਗੇ ਅਤੇ ਭੈਅ ਉਹਨਾਂ ਉੱਤੇ ਛਾ ਜਾਵੇਗਾ; ਸਾਰਿਆਂ ਦੇ ਮੂੰਹ ਉੱਤੇ ਨਮੋਸ਼ੀ ਹੋਵੇਗੀ ਅਤੇ ਉਹਨਾਂ ਦੇ ਸਿਰ ਗੰਜੇ ਹੋ ਜਾਣਗੇ। 19 ਉਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਹਨਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਰਗਾ ਹੋਵੇਗਾ। ਯਹੋਵਾਹ ਦੇ ਕਹਿਰ ਦੇ ਦਿਨ ਉਹਨਾਂ ਦੀ ਚਾਂਦੀ ਅਤੇ ਉਹਨਾਂ ਦਾ ਸੋਨਾ ਉਹਨਾਂ ਨੂੰ ਨਹੀਂ ਬਚਾ ਸਕੇਗਾ। ਉਸ ਨਾਲ ਉਹਨਾਂ ਦੀਆਂ ਜਾਨਾਂ ਸੁਖੀ ਨਹੀਂ ਹੋਣਗੀਆਂ, ਨਾ ਉਹਨਾਂ ਦੇ ਢਿੱਡ ਭਰਨਗੇ, ਕਿਉਂ ਜੋ ਉਹ ਉਹਨਾਂ ਦੇ ਠੋਕਰ ਖਾਣ ਅਤੇ ਪਾਪ ਦਾ ਕਾਰਨ ਸੀ। 20 ਉਹਨਾਂ ਨੇ ਆਪਣੇ ਸੋਹਣੇ ਗਹਿਣੇ ਹੰਕਾਰ ਲਈ ਵਰਤੇ ਅਤੇ ਉਹਨਾਂ ਨੇ ਉਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਅਤੇ ਭੈੜੀਆਂ ਵਸਤਾਂ ਬਣਾਈਆਂ, ਇਸ ਲਈ ਮੈਂ ਉਸ ਨੂੰ ਉਹਨਾਂ ਦੇ ਲਈ ਅਸ਼ੁੱਧ ਵਸਤੂ ਠਹਿਰਾਇਆ। 21 ਮੈਂ ਉਹਨਾਂ ਗਹਿਣਿਆਂ ਨੂੰ ਲੁੱਟਣ ਦੇ ਲਈ ਪਰਦੇਸੀਆਂ ਦੇ ਹੱਥ ਵਿੱਚ ਅਤੇ ਲੁੱਟ ਦੇ ਲਈ ਧਰਤੀ ਦੇ ਦੁਸ਼ਟਾਂ ਦੇ ਹੱਥ ਵਿੱਚ ਦੇ ਦਿਆਂਗਾ, ਉਹ ਉਹਨਾਂ ਨੂੰ ਭਰਿਸ਼ਟ ਕਰਨਗੇ। 22 ਮੈਂ ਆਪਣਾ ਮੂੰਹ ਉਹਨਾਂ ਵੱਲੋਂ ਫੇਰ ਲਵਾਂਗਾ, ਜਦ ਉਹ ਮੇਰੇ ਪਵਿੱਤਰ ਸਥਾਨ ਨੂੰ ਭਰਿਸ਼ਟ ਕਰਨਗੇ। ਉਸ ਵਿੱਚ ਲੁਟੇਰੇ ਆਉਣਗੇ ਅਤੇ ਉਹ ਨੂੰ ਭਰਿਸ਼ਟ ਕਰਨਗੇ। 23 ਸੰਗਲ ਬਣਾ, ਇਸ ਲਈ ਕਿ ਦੇਸ ਕਤਲ ਦੇ ਅਪਰਾਧਾਂ ਨਾਲ ਭਰਿਆ ਹੋਇਆ ਹੈ ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ। 24 ਇਸ ਲਈ ਮੈਂ ਬੁਰੀਆਂ ਕੌਮਾਂ ਨੂੰ ਲਿਆਵਾਂਗਾ ਅਤੇ ਉਹ ਉਹਨਾਂ ਦੇ ਘਰਾਂ ਦੇ ਮਾਲਕ ਬਣਨਗੇ, ਮੈਂ ਜ਼ੋਰਾਵਰਾਂ ਦਾ ਘਮੰਡ ਮਿਟਾ ਦਿਆਂਗਾ ਅਤੇ ਉਹਨਾਂ ਦੇ ਪਵਿੱਤਰ ਸਥਾਨ ਭਰਿਸ਼ਟ ਕੀਤੇ ਜਾਣਗੇ। 25 ਤਬਾਹੀ ਆਉਂਦੀ ਹੈ ਅਤੇ ਉਹ ਸ਼ਾਂਤੀ ਨੂੰ ਲੱਭਣਗੇ, ਪਰ ਉਹ ਹੈ ਨਹੀਂ। 26 ਬਿਪਤਾ ਤੇ ਬਿਪਤਾ ਅਤੇ ਅਫ਼ਵਾਹ ਤੇ ਅਫ਼ਵਾਹ ਆਉਂਦੀ ਹੈ। ਤਦ ਉਹ ਨਬੀ ਕੋਲੋਂ ਦਰਸ਼ਣ ਭਾਲਣਗੇ, ਪਰ ਜਾਜਕ ਕੋਲੋਂ ਬਿਵਸਥਾ ਅਤੇ ਬਜ਼ੁਰਗਾਂ ਕੋਲੋਂ ਸਲਾਹ ਜਾਂਦੀ ਰਹੇਗੀ। 27 ਰਾਜਾ ਸੋਗ ਕਰੇਗਾ, ਸ਼ਹਿਜ਼ਾਦਾ ਵਿਰਾਨੀ ਪਹਿਨੇਗਾ ਅਤੇ ਪਰਜਾ ਦੇ ਹੱਥ ਕੰਬਣਗੇ। ਮੈਂ ਉਹਨਾਂ ਦੇ ਚਾਲ ਚਲਣਾਂ ਦੇ ਅਨੁਸਾਰ ਉਹਨਾਂ ਨਾਲ ਵਰਤਾਵਾ ਕਰਾਂਗਾ ਅਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਉਹਨਾਂ ਦਾ ਨਿਆਂ ਕਰਾਂਗਾ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾਹ ਹਾਂ।

<- ਹਿਜ਼ਕੀਏਲ 6ਹਿਜ਼ਕੀਏਲ 8 ->