Link to home pageLanguagesLink to all Bible versions on this site
33
ਹਿਜ਼ਕੀਏਲ ਇਸਰਾਏਲ ਦਾ ਰਖਵਾਲਾ
ਹਿਜ਼ਕੀਏਲ 3:16-21

1 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੇ ਪੁੱਤਰਾਂ ਨੂੰ ਬੋਲ ਅਤੇ ਤੂੰ ਉਹਨਾਂ ਨੂੰ ਆਖ, ਜਦੋਂ ਮੈਂ ਕਿਸੇ ਧਰਤੀ ਉੱਤੇ ਤਲਵਾਰ ਲਿਆਵਾਂ ਅਤੇ ਉੱਥੋਂ ਦੇ ਲੋਕੀ ਆਪਣੇ ਵਿੱਚੋਂ ਇੱਕ ਮਨੁੱਖ ਨੂੰ ਲੈਣ ਅਤੇ ਉਹ ਨੂੰ ਆਪਣਾ ਰਾਖ਼ਾ ਬਣਾਉਣ। 3 ਉਹ ਤਲਵਾਰ ਨੂੰ ਆਪਣੀ ਧਰਤੀ ਤੇ ਆਉਂਦਾ ਵੇਖ ਕੇ ਨਰਸਿੰਗਾ ਫੂਕੇ ਅਤੇ ਲੋਕਾਂ ਨੂੰ ਚੌਕਸ ਕਰੇ। 4 ਤਦ ਜਿਹੜਾ ਕੋਈ ਨਰਸਿੰਗੇ ਦੀ ਅਵਾਜ਼ ਸੁਣੇ ਅਤੇ ਚੌਕਸ ਨਾ ਹੋਵੇ। ਤਲਵਾਰ ਆਏ ਅਤੇ ਉਹ ਨੂੰ ਲੈ ਜਾਵੇ, ਤਾਂ ਉਹ ਦਾ ਖ਼ੂਨ ਉਹ ਦੇ ਆਪਣੇ ਸਿਰ ਤੇ ਹੋਵੇਗਾ। 5 ਉਹ ਨੇ ਨਰਸਿੰਗੇ ਦੀ ਅਵਾਜ਼ ਸੁਣੀ ਤੇ ਚੌਕਸ ਨਾ ਹੋਇਆ। ਉਹ ਦਾ ਖ਼ੂਨ ਉਸੇ ਉੱਤੇ ਹੋਵੇਗਾ ਪਰ ਜੇਕਰ ਉਹ ਖ਼ਬਰਦਾਰ ਹੁੰਦਾ, ਤਾਂ ਆਪਣੀ ਜਾਨ ਬਚਾਉਂਦਾ। 6 ਪਰ ਜੇਕਰ ਰਾਖ਼ਾ ਤਲਵਾਰ ਨੂੰ ਆਉਂਦਾ ਵੇਖੇ, ਪਰ ਨਰਸਿੰਗੇ ਨਾ ਫੂਕੇ ਅਤੇ ਲੋਕ ਖ਼ਬਰਦਾਰ ਨਾ ਕੀਤੇ ਜਾਣ। ਤਲਵਾਰ ਆਵੇ ਅਤੇ ਉਹਨਾਂ ਵਿੱਚੋਂ ਕਿਸੇ ਦੇ ਪ੍ਰਾਣ ਲੈ ਜਾਵੇ, ਤਾਂ ਉਹ ਆਪਣੇ ਔਗੁਣ ਕਰਕੇ ਲਿਆ ਗਿਆ, ਪਰ ਮੈਂ ਉਹ ਦਾ ਖ਼ੂਨ ਰਾਖੇ ਦੇ ਹੱਥੋਂ ਮੰਗਾਂਗਾ। 7 ਇਸ ਲਈ ਤੂੰ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖ਼ਾ ਠਹਿਰਾਇਆ ਹੈ। ਮੇਰੇ ਮੂੰਹ ਦਾ ਵਾਕ ਸੁਣ ਅਤੇ ਮੇਰੀ ਵੱਲੋਂ ਉਹਨਾਂ ਨੂੰ ਚੌਕਸ ਕਰ। 8 ਜਦੋਂ ਮੈਂ ਕਿਸੇ ਦੁਸ਼ਟ ਨੂੰ ਆਖਾਂ, ਦੁਸ਼ਟਾ! ਤੂੰ ਜ਼ਰੂਰ ਮਰੇਂਗਾ, ਉਸ ਵੇਲੇ ਜੇਕਰ ਤੂੰ ਦੁਸ਼ਟ ਨੂੰ ਨਾ ਬੋਲੇਂ ਅਤੇ ਉਹ ਨੂੰ ਉਹ ਦੇ ਰਾਹ ਤੋਂ ਚੌਕਸ ਨਾ ਕਰੇਂ, ਤਾਂ ਉਹ ਦੁਸ਼ਟ ਤਾਂ ਆਪਣੇ ਔਗੁਣ ਵਿੱਚ ਮਰੇਗਾ, ਪਰ ਮੈਂ ਤੇਰੇ ਹੱਥੋਂ ਉਸ ਦੇ ਖ਼ੂਨ ਦੀ ਪੁੱਛ ਕਰਾਂਗਾ। 9 ਪਰ ਜੇ ਤੂੰ ਉਸ ਦੁਸ਼ਟ ਨੂੰ ਚੌਕਸ ਕਰੇਂ ਕਿ ਉਹ ਆਪਣੀ ਰਾਹ ਤੋਂ ਮੁੜ ਆਵੇ ਅਤੇ ਜੇ ਉਹ ਆਪਣੀ ਰਾਹ ਤੋਂ ਨਾ ਮੁੜੇ, ਤਾਂ ਉਹ ਆਪਣੀ ਬਦੀ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਛੁਡਾ ਲਈ।

ਵਿਅਕਤੀਗਤ ਜ਼ਿੰਮੇਵਾਰੀ
10 ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨੂੰ ਆਖ, ਤੁਸੀਂ ਇਹ ਆਖਦੇ ਹੋ ਕਿ ਸਾਡੇ ਅਪਰਾਧ ਅਤੇ ਸਾਡੇ ਪਾਪ ਸਾਡੇ ਉੱਤੇ ਹਨ ਅਤੇ ਅਸੀਂ ਉਹਨਾਂ ਵਿੱਚ ਗਲਦੇ ਜਾਂਦੇ ਹਾਂ, ਇਸ ਲਈ ਅਸੀਂ ਕਿਵੇਂ ਜੀਉਂਦੇ ਰਹਾਂਗੇ? 11 ਤੂੰ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ, ਸਗੋਂ ਇਸ ਵਿੱਚ ਮੈਂ ਖੁਸ਼ ਹੁੰਦਾ ਹਾਂ ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਮੁੜੋ। ਤੁਸੀਂ ਆਪਣੇ ਭੈੜੇ ਰਾਹ ਤੋਂ ਮੁੜੋ! ਤੁਸੀਂ ਕਿਉਂ ਮਰੋਗੇ? 12 ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀ ਸੰਤਾਨ ਨੂੰ ਆਖ ਕਿ ਧਰਮੀ ਦਾ ਧਰਮ ਉਸ ਦੇ ਅਪਰਾਧ ਦੇ ਦਿਨ ਉਹ ਨੂੰ ਨਾ ਛੁਡਾਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ, ਜਿਸ ਦਿਨ ਉਹ ਦੁਸ਼ਟਤਾ ਤੋਂ ਮੁੜ ਆਵੇ ਤਾਂ ਉਹ ਦੇ ਵਿੱਚ ਨਹੀਂ ਡਿੱਗੇਗਾ ਅਤੇ ਧਰਮੀ ਜਦੋਂ ਪਾਪ ਕਰੇ, ਤਾਂ ਉਹ ਦੇ ਕਾਰਨ ਜੀਉਂਦਾ ਨਾ ਰਹਿ ਸਕੇਗਾ। 13 ਜਦੋਂ ਮੈਂ ਧਰਮੀ ਨੂੰ ਆਖਾਂ ਕਿ ਤੂੰ ਜ਼ਰੂਰ ਜੀਉਂਦਾ ਰਹੇਂਗਾ, ਜੇਕਰ ਉਹ ਆਪਣੇ ਧਰਮ ਤੇ ਭਰੋਸਾ ਕਰ ਕੇ ਕੁਕਰਮ ਕਰੇ, ਤਾਂ ਉਹ ਦੇ ਸਾਰੇ ਧਰਮ ਦੇ ਕੰਮ ਚੇਤੇ ਨਾ ਕੀਤੇ ਜਾਣਗੇ ਅਤੇ ਉਹ ਉਹਨਾਂ ਦੋਸ਼ਾਂ ਦੇ ਕਾਰਨ ਜੋ ਉਹ ਨੇ ਕੀਤੇ ਹਨ, ਮਰੇਗਾ। 14 ਜਦੋਂ ਮੈਂ ਦੁਸ਼ਟ ਨੂੰ ਆਖਾਂ, ਤੂੰ ਜ਼ਰੂਰ ਮਰੇਂਗਾ, ਜੇਕਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਤੇ ਧਰਮ ਹੈ। 15 ਜੇਕਰ ਉਹ ਦੁਸ਼ਟ ਗਹਿਣੇ ਰੱਖਿਆ ਮਾਲ ਮੋੜ ਦੇਵੇ ਅਤੇ ਲੁੱਟ ਜੋ ਉਸ ਲੁੱਟੀ ਹੈ, ਵਾਪਸ ਦੇਵੇ ਅਤੇ ਜੀਵਨ ਦੀਆਂ ਬਿਧੀਆਂ ਵਿੱਚ ਤੁਰੇ। ਫਿਰ ਬਦੀ ਨਾ ਕਰੇ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਹੀਂ ਮਰੇਗਾ। 16 ਤਦ ਸਾਰੇ ਪਾਪ ਜੋ ਉਹ ਨੇ ਕੀਤੇ ਹਨ, ਉਸ ਦੇ ਵਿਰੁੱਧ ਚੇਤੇ ਨਹੀਂ ਕੀਤੇ ਜਾਣਗੇ। ਉਸ ਨੇ ਉਹੀ ਕੀਤਾ ਜੋ ਨਿਆਂ ਅਤੇ ਧਰਮ ਹੈ, ਉਹ ਜ਼ਰੂਰ ਜੀਉਂਦਾ ਰਹੇਗਾ। 17 ਪਰ ਤੇਰੇ ਲੋਕਾਂ ਦੀ ਸੰਤਾਨ ਆਖਦੀ ਹੈ ਕਿ ਪ੍ਰਭੂ ਦਾ ਰਾਹ ਇੱਕੋ ਜਿਹਾ ਨਹੀਂ ਹੈ, ਪਰ ਉਹਨਾਂ ਦਾ ਆਪਣਾ ਹੀ ਰਾਹ ਇੱਕੋ ਜਿਹਾ ਨਹੀਂ ਹੈ। 18 ਜੇਕਰ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ, ਤਾਂ ਉਹ ਉਸ ਦੇ ਵਿੱਚ ਮਰੇਗਾ। 19 ਜੇਕਰ ਦੁਸ਼ਟ ਆਪਣੇ ਦੁਸ਼ਟਤਾ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਅਤੇ ਧਰਮ ਹੈ, ਤਾਂ ਉਸ ਦੇ ਕਾਰਨ ਜੀਉਂਦਾ ਰਹੇਗਾ। 20 ਫੇਰ ਵੀ ਤੁਸੀਂ ਆਖਦੇ ਹੋ ਕਿ ਪ੍ਰਭੂ ਦਾ ਰਾਹ ਇੱਕੋ ਜਿਹਾ ਨਹੀਂ ਹੈ! ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੇ ਵਿੱਚੋਂ ਹਰੇਕ ਦੇ ਚਾਲ-ਚੱਲਣ ਅਨੁਸਾਰ ਤੁਹਾਡਾ ਨਿਆਂ ਕਰਾਂਗਾ।
ਯਰੂਸ਼ਲਮ ਦੇ ਪਤਨ ਦੀ ਖ਼ਬਰ
21 ਸਾਡੀ ਗੁਲਾਮੀ ਦੇ ਬਾਰਵੇਂ ਸਾਲ ਦੇ ਦਸਵੇਂ ਮਹੀਨੇ ਦੀ ਪੰਜ ਤਾਰੀਖ਼ ਨੂੰ ਅਜਿਹਾ ਹੋਇਆ ਕਿ ਇੱਕ ਜਿਹੜਾ ਯਰੂਸ਼ਲਮ ਵਿੱਚੋਂ ਬਚ ਨਿੱਕਲਿਆ ਸੀ, ਮੇਰੇ ਕੋਲ ਆਇਆ ਅਤੇ ਆਖਣ ਲੱਗਾ ਕਿ ਸ਼ਹਿਰ ਮਾਰਿਆ ਗਿਆ ਹੈ! 22 ਸ਼ਾਮ ਦੇ ਵੇਲੇ ਉਸ ਬਚੇ ਹੋਏ ਦੇ ਪਹੁੰਚਣ ਤੋਂ ਪਹਿਲਾਂ ਯਹੋਵਾਹ ਦਾ ਹੱਥ ਮੇਰੇ ਉੱਪਰ ਸੀ ਅਤੇ ਉਸ ਦੇ ਸਵੇਰੇ ਮੇਰੇ ਕੋਲ ਆਉਣ ਤੱਕ, ਉਹ ਨੇ ਮੇਰਾ ਮੂੰਹ ਖੋਲ੍ਹ ਦਿੱਤਾ। ਮੇਰਾ ਮੂੰਹ ਖੁੱਲ੍ਹਾ ਸੀ ਅਤੇ ਫੇਰ ਮੈਂ ਗੂੰਗਾ ਨਾ ਰਿਹਾ।
ਲੋਕਾਂ ਦੇ ਪਾਪ
23 ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 24 ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੀ ਭੂਮੀ ਦੇ ਉਜਾੜਾਂ ਦੇ ਵਾਸੀ ਇਹ ਆਖਦੇ ਹਨ ਕਿ ਅਬਰਾਹਾਮ ਇੱਕੋ ਹੀ ਸੀ ਅਤੇ ਉਹ ਇਸ ਦੇਸ ਦਾ ਵਾਰਿਸ ਹੋਇਆ, ਪਰ ਅਸੀਂ ਤਾਂ ਬਹੁਤ ਸਾਰੇ ਹਾਂ, ਦੇਸ ਸਾਨੂੰ ਵਿਰਸੇ ਵਿੱਚ ਦਿੱਤਾ ਗਿਆ ਹੈ। 25 ਇਸ ਲਈ ਉਹਨਾਂ ਨੂੰ ਆਖ ਦੇ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਸੀਂ ਲਹੂ ਸਮੇਤ ਖਾਂਦੇ, ਆਪਣੀਆਂ ਅੱਖਾਂ ਮੂਰਤੀਆਂ ਵੱਲ ਚੁੱਕਦੇ ਹੋ ਅਤੇ ਲਹੂ ਵਗਾਉਂਦੇ ਹੋ! ਕੀ ਤੁਸੀਂ ਦੇਸ ਤੇ ਕਬਜ਼ਾ ਕਰੋਗੇ? 26 ਤੁਸੀਂ ਆਪਣੀ ਤਲਵਾਰ ਤੇ ਭਰੋਸਾ ਕਰਦੇ ਹੋ, ਤੁਸੀਂ ਘਿਣਾਉਣੇ ਕੰਮ ਕਰਦੇ ਹੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੀ ਵਹੁਟੀ ਨੂੰ ਭਰਿਸ਼ਟ ਕਰਦਾ ਹੈ! ਕੀ ਤੁਸੀਂ ਦੇਸ ਤੇ ਕਬਜ਼ਾ ਕਰੋਗੇ? 27 ਤੂੰ ਉਹਨਾਂ ਨੂੰ ਇਹ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਜਿਹੜੇ ਉਜਾੜਾਂ ਵਿੱਚ ਹਨ ਤਲਵਾਰ ਨਾਲ ਡਿੱਗ ਪੈਣਗੇ ਅਤੇ ਉਹ ਜਿਹੜਾ ਖੁੱਲ੍ਹੇ ਖੇਤ ਵਿੱਚ ਹੈ, ਦਰਿੰਦਿਆਂ ਦੇ ਖਾਣ ਨੂੰ ਦਿੱਤਾ ਜਾਵੇਗਾ ਅਤੇ ਜਿਹੜੇ ਗੜ੍ਹਾਂ ਅਤੇ ਗੁਫਾਂ ਵਿੱਚ ਹਨ, ਬਵਾ ਨਾਲ ਮਰਨਗੇ। 28 ਮੈਂ ਇਸ ਦੇਸ ਨੂੰ ਉਜਾੜ ਕੇ ਅਚਰਜਤਾ ਦਾ ਕਾਰਨ ਬਣਾਵਾਂਗਾ, ਇਸ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ ਅਤੇ ਇਸਰਾਏਲ ਦੇ ਪਰਬਤ ਉੱਜੜ ਜਾਣਗੇ, ਇੱਥੋਂ ਤੱਕ ਕਿ ਕੋਈ ਉਹਨਾਂ ਤੋਂ ਨਹੀਂ ਲੰਘੇਗਾ। 29 ਜਦੋਂ ਮੈਂ ਉਹਨਾਂ ਦੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਹਨਾਂ ਕੀਤੇ ਹਨ, ਦੇਸ ਨੂੰ ਉਜਾੜ ਕੇ ਅਚਰਜਤਾ ਦਾ ਕਾਰਨ ਬਣਾਵਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
ਨਬੀ ਦੇ ਸੰਦੇਸ਼ ਦਾ ਫਲ
30 ਪਰ ਤੂੰ ਹੇ ਮਨੁੱਖ ਦੇ ਪੁੱਤਰ, ਤੇਰੇ ਲੋਕਾਂ ਦੀ ਸੰਤਾਨ ਕੰਧਾਂ ਦੇ ਨੇੜੇ ਅਤੇ ਘਰਾਂ ਦੇ ਬੂਹਿਆਂ ਵਿੱਚ ਤੇਰੇ ਬਾਰੇ ਗੱਲਾਂ ਕਰਦੀ ਹੈ। ਇੱਕ ਦੂਜੇ ਨੂੰ ਬੋਲਦੇ ਹਨ, ਹਾਂ, ਹਰ ਇੱਕ ਆਪਣੇ ਭਰਾਵਾਂ ਨੂੰ ਇਹ ਆਖਦਾ ਹੈ, ਚੱਲੋ, ਉਹ ਵਾਕ ਸੁਣੀਏ ਜੋ ਯਹੋਵਾਹ ਵੱਲੋਂ ਆਉਂਦਾ ਹੈ। 31 ਜਿਵੇਂ ਲੋਕ ਆਉਂਦੇ ਹਨ, ਉਹ ਤੇਰੇ ਕੋਲ ਆਉਂਦੇ ਅਤੇ ਮੇਰੇ ਲੋਕਾਂ ਵਾਂਗੂੰ ਤੇਰੇ ਅੱਗੇ ਬਹਿੰਦੇ ਅਤੇ ਤੇਰੀਆਂ ਗੱਲਾਂ ਸੁਣਦੇ ਹਨ, ਪਰ ਉਹਨਾਂ ਉੱਤੇ ਚੱਲਦੇ ਨਹੀਂ, ਕਿਉਂ ਜੋ ਉਹ ਆਪਣੇ ਮੂੰਹ ਤੋਂ ਤਾਂ ਬਹੁਤ ਪਿਆਰ ਦੱਸਦੇ ਹਨ, ਪਰ ਉਹਨਾਂ ਦਾ ਮਨ ਲੋਭ ਵੱਲ ਭੱਜਦਾ ਹੈ। 32 ਵੇਖ, ਤੂੰ ਉਹਨਾਂ ਦੇ ਲਈ ਇੱਕ ਪਿਆਰੇ ਰਾਗ ਵਰਗਾ ਹੈਂ, ਜਿਹੜਾ ਰਸੀਲੀ ਅਵਾਜ਼ ਵਾਲਾ ਅਤੇ ਸਾਜ਼ ਵਜਾਉਣ ਵਿੱਚ ਚੰਗਾ ਹੋਵੇ, ਕਿਉਂ ਜੋ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਉਹਨਾਂ ਉੱਤੇ ਚੱਲਦੇ ਨਹੀਂ ਹਨ। 33 ਜਦੋਂ ਇਹ ਗੱਲਾਂ ਹੋਣਗੀਆਂ, ਵੇਖ! ਇਹ ਵਾਪਰਨ ਵਾਲੀਆਂ ਹਨ, ਤਦ ਉਹ ਜਾਣਨਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਸੀ!

<- ਹਿਜ਼ਕੀਏਲ 32ਹਿਜ਼ਕੀਏਲ 34 ->