Link to home pageLanguagesLink to all Bible versions on this site

ਹਿਜ਼ਕੀਏਲ
ਲੇਖਕ
ਇਹ ਪੁਸਤਕ ਇੱਕ ਜਾਜਕ ਅਤੇ ਨਬੀ ਬੂਜ਼ੀ ਦੇ ਪੁੱਤਰ ਹਿਜ਼ਕੀਏਲ ਦੁਆਰਾ ਲਿਖੀ ਗਈ। ਉਸ ਦਾ ਜਨਮ ਯਰੂਸ਼ਲਮ ਵਿੱਚ ਇੱਕ ਜਾਜਕ ਪਰਿਵਾਰ ਵਿੱਚ ਹੋਇਆ, ਅਤੇ ਉਹ ਗੁਲਾਮੀ ਦੇ ਦੌਰਾਨ ਬਾਬਲ ਵਿੱਚ ਯਹੂਦੀਆਂ ਨਾਲ ਰਿਹਾ। ਹਿਜ਼ਕੀਏਲ ਦਾ ਜਾਜਕ ਵੰਸ਼ ਉਸ ਦੀ ਪੂਰੀ ਨਬੀ ਦੀ ਸੇਵਕਾਈ ਵਿੱਚ ਚਮਕਦਾ ਹੈ, ਉਹ ਅਕਸਰ ਆਪਣੇ ਆਪ ਨੂੰ ਮੰਦਰ, ਜਾਜਕ, ਪ੍ਰਭੂ ਦੀ ਮਹਿਮਾ ਅਤੇ ਬਲੀਆਂ ਦੇ ਵਿਹਾਰਾਂ ਨਾਲ ਸੰਬੰਧਿਤ ਵਿਸ਼ਿਆਂ ਨਾਲ ਜੋੜਦਾ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 593-570 ਈ. ਪੂ. ਦੇ ਵਿਚਕਾਰ ਲਿਖੀ ਗਈ।
ਹਿਜ਼ਕੀਏਲ ਨੇ ਬਾਬਲ ਤੋਂ ਲਿਖਿਆ, ਪਰ ਉਸ ਦੀਆਂ ਭਵਿੱਖਬਾਣੀਆਂ ਇਸਰਾਏਲ, ਮਿਸਰ ਅਤੇ ਕਈ ਗੁਆਂਢੀ ਦੇਸਾਂ ਦੇ ਸੰਬੰਧ ਵਿੱਚ ਸਨ।
ਪ੍ਰਾਪਤ ਕਰਤਾ
ਬਾਬਲ ਦੀ ਗੁਲਾਮੀ ਵਿੱਚ ਅਤੇ ਘਰ ਅਰਥਾਤ ਆਪਣੇ ਦੇਸ ਵਿੱਚ ਰਹਿਣ ਵਾਲੇ ਇਸਰਾਏਲੀ ਅਤੇ ਬਾਅਦ ਦੇ ਬਾਈਬਲ ਦੇ ਸਾਰੇ ਪਾਠਕ।
ਉਦੇਸ਼
ਹਿਜ਼ਕੀਏਲ ਨੇ ਆਪਣੀ ਪੀੜ੍ਹੀ ਦੀ ਸੇਵਾ ਕੀਤੀ, ਜੋ ਦੋਵੇਂ ਅਰਥਾਤ ਹੱਦ ਤੋਂ ਜ਼ਿਆਦਾ ਪਾਪੀ ਅਤੇ ਪੂਰੀ ਤਰ੍ਹਾਂ ਨਾਲ ਨਾਉਮੀਦ ਸਨ। ਆਪਣੀ ਨਬੀ ਦੀ ਸੇਵਕਾਈ ਦੇ ਜ਼ਰੀਏ ਉਸ ਨੇ ਉਹਨਾਂ ਨੂੰ ਤਤਕਾਲ ਤੋਬਾ ਕਰਾਉਣ ਅਤੇ ਆਉਣ ਵਾਲੇ ਭਵਿੱਖ ਵਿੱਚ ਆਸ ਦਿਲਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਸਿਖਾਇਆ ਕਿ ਪਰਮੇਸ਼ੁਰ ਮਨੁੱਖੀ ਸੰਦੇਸ਼ਵਾਹਕਾਂ ਰਾਹੀਂ ਕੰਮ ਕਰਦਾ ਹੈ, ਇੱਥੋਂ ਤੱਕ ਕਿ ਹਾਰ ਅਤੇ ਨਿਰਾਸ਼ਾ ਵਿੱਚ ਵੀ ਪਰਮੇਸ਼ੁਰ ਦੇ ਲੋਕਾਂ ਨੂੰ ਪਰਮੇਸ਼ੁਰ ਦੀ ਸਰਬਸੱਤਾ ਦੀ ਪੁਸ਼ਟੀ ਕਰਨ ਦੀ ਲੋੜ ਹੈ, ਪਰਮੇਸ਼ੁਰ ਦਾ ਬਚਨ ਕਦੇ ਅਸਫ਼ਲ ਨਹੀਂ ਹੁੰਦਾ, ਪਰਮੇਸ਼ੁਰ ਹਰ ਥਾਂ ਮੌਜੂਦ ਹੈ, ਅਤੇ ਉਸ ਦੀ ਅਰਾਧਨਾ ਕਿਤੇ ਵੀ ਕੀਤੀ ਜਾ ਸਕਦੀ ਹੈ। ਹਿਜ਼ਕੀਏਲ ਦੀ ਪੁਸਤਕ ਸਾਨੂੰ ਯਾਦ ਕਰਾਉਂਦੀ ਹੈ, ਕਿ ਅਜਿਹੇ ਕਾਲੇ ਦਿਨਾਂ ਵਿੱਚ ਪਰਮੇਸ਼ੁਰ ਦੀ ਭਾਲ ਕਰਨ ਦੀ ਲੋੜ ਹੈ, ਜਦੋਂ ਅਸੀਂ ਗੁਆਚੇ ਹੋਏ ਮਹਿਸੂਸ ਕਰਦੇ ਹਾਂ, ਸਾਨੂੰ ਆਪਣੇ ਜੀਵਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਆਪਣੇ ਆਪ ਨੂੰ ਇੱਕ ਮਾਤਰ ਸੱਚੇ ਪਰਮੇਸ਼ੁਰ ਨਾਲ ਮਿਲਾ ਦੇਣਾ ਚਾਹੀਦਾ ਹੈ।
ਵਿਸ਼ਾ-ਵਸਤੂ
ਪ੍ਰਭੂ ਦਾ ਪਰਤਾਪ
ਰੂਪ-ਰੇਖਾ
1. ਹਿਜ਼ਕੀਏਲ ਦੀ ਬੁਲਾਹਟ — 1:1-3:27
2. ਯਰੂਸ਼ਲਮ, ਯਹੂਦਾਹ ਅਤੇ ਮੰਦਰ ਦੇ ਵਿਰੁੱਧ ਭਵਿੱਖਬਾਣੀਆਂ — 4:1-24:27
3. ਦੇਸਾਂ ਦੇ ਵਿਰੁੱਧ ਭਵਿੱਖਬਾਣੀਆਂ — 25:1-32:32
4. ਇਸਰਾਏਲੀਆਂ ਨਾਲ ਸੰਬੰਧਿਤ ਭਵਿੱਖਬਾਣੀਆਂ — 33:1-39:29
5. ਬਹਾਲੀ ਦਾ ਦਰਸ਼ਣ — 40:1-48:35

1
ਪਰਮੇਸ਼ੁਰ ਬਾਰੇ ਹਿਜ਼ਕੀਏਲ ਦਾ ਪਹਿਲਾ ਦਰਸ਼ਣ
ਪਰਮੇਸ਼ੁਰ ਦਾ ਸਿੰਘਾਸਣ
1 ਤੀਹਵੇਂ ਸਾਲ ਦੇ ਚੌਥੇ ਮਹੀਨੇ ਦੀ ਪੰਜ ਤਾਰੀਖ਼ ਨੂੰ ਇਸ ਤਰ੍ਹਾਂ ਹੋਇਆ ਕਿ ਜਦ ਮੈਂ ਕਬਾਰ[a] ਨਹਿਰ ਉੱਤੇ ਗੁਲਾਮਾਂ ਦੇ ਵਿਚਕਾਰ ਸੀ, ਤਾਂ ਅਕਾਸ਼ ਖੁੱਲ੍ਹ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਣ ਦੇਖੇ। 2 ਉਸ ਮਹੀਨੇ ਦੀ ਪੰਜ ਤਾਰੀਖ਼ ਨੂੰ ਯਹੋਯਾਕੀਨ ਰਾਜੇ ਦੀ ਗੁਲਾਮੀ[b] ਦੇ ਪੰਜਵੇਂ ਸਾਲ ਵਿੱਚ 3 ਯਹੋਵਾਹ ਦਾ ਬਚਨ, ਬੂਜ਼ੀ ਦੇ ਪੁੱਤਰ ਹਿਜ਼ਕੀਏਲ ਜਾਜਕ ਕੋਲ ਆਇਆ, ਜੋ ਕਸਦੀਆਂ ਦੇ ਦੇਸ ਵਿੱਚ ਕਬਾਰ ਨਹਿਰ ਉੱਤੇ ਸੀ ਅਤੇ ਉੱਥੇ ਯਹੋਵਾਹ ਦਾ ਹੱਥ ਉਸ ਦੇ ਉੱਤੇ ਸੀ। 4 ਜਦੋਂ ਮੈਂ ਵੇਖਿਆ ਤਾਂ ਵੇਖੋ, ਉੱਤਰ ਵੱਲੋਂ ਵੱਡੀ ਹਨੇਰੀ ਆਈ, ਇੱਕ ਵੱਡਾ ਬੱਦਲ ਜੋ ਅੱਗ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਾਲਿਓਂ ਪਿੱਤਲ ਵਰਗੀ ਕੋਈ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ। 5 ਉਸ ਵਿੱਚ ਚਾਰ ਜੀਵ ਸਨ ਅਤੇ ਉਹਨਾਂ ਦਾ ਰੂਪ ਇਹ ਸੀ: ਉਹ ਮਨੁੱਖ ਵਰਗੇ ਸਨ, 6 ਹਰੇਕ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ 7 ਅਤੇ ਉਹਨਾਂ ਦੇ ਪੈਰ ਸਿੱਧੇ ਸਨ ਅਤੇ ਉਹਨਾਂ ਦੇ ਪੈਰਾਂ ਦੀਆਂ ਤਲੀਆਂ ਵੱਛੇ ਦੇ ਪੈਰਾਂ ਦੀਆਂ ਤਲੀਆਂ ਵਰਗੀਆਂ ਸਨ ਅਤੇ ਉਹ ਮਾਂਜੇ ਹੋਏ ਪਿੱਤਲ ਵਾਂਗੂੰ ਚਮਕਦੇ ਸਨ। 8 ਉਹਨਾਂ ਦੇ ਚਾਰੇ ਪਾਸੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਸਨ ਅਤੇ ਚਾਰਾਂ ਦੇ ਚਿਹਰੇ ਅਤੇ ਖੰਭ ਇਸ ਤਰ੍ਹਾਂ ਸਨ 9 ਕਿ ਉਹਨਾਂ ਦੇ ਖੰਭ ਇੱਕ ਦੂਜੇ ਨਾਲ ਜੁੜੇ ਹੋਏ ਸਨ। ਉਹ ਤੁਰਦੇ ਹੋਏ ਮੁੜਦੇ ਨਹੀਂ ਸਨ, ਉਹ ਸਾਰੇ ਸਿੱਧੇ ਆਪਣੇ ਮੂੰਹਾਂ ਦੀ ਸੇਧ ਵਿੱਚ ਚੱਲਦੇ ਸਨ। 10 ਉਹਨਾਂ ਦੇ ਚਿਹਰੇ ਮਨੁੱਖ ਦੇ ਚਿਹਰੇ ਵਰਗੇ ਸਨ, ਉਹਨਾਂ ਚਾਰਾਂ ਦੇ ਸੱਜੇ ਪਾਸੇ ਬੱਬਰ ਸ਼ੇਰ ਦੇ ਚਿਹਰੇ ਸਨ, ਉਹਨਾਂ ਚਾਰਾਂ ਦੇ ਖੱਬੇ ਪਾਸੇ ਬਲ਼ਦ ਦੇ ਚਿਹਰੇ ਸਨ ਅਤੇ ਉਹਨਾਂ ਪਿੱਛਲੇ ਪਾਸੇ ਉਕਾਬ ਦੇ ਚਿਹਰੇ ਸਨ। 11 ਉਹਨਾਂ ਦੇ ਚਿਹਰੇ ਅਤੇ ਉਹਨਾਂ ਦੇ ਖੰਭ ਉੱਪਰੋਂ ਅੱਡ ਅੱਡ ਸਨ, ਹਰੇਕ ਦੇ ਦੋ ਖੰਭ ਦੂਜੇ ਦੇ ਦੋ ਖੰਭਾਂ ਨਾਲ ਜੁੜੇ ਹੋਏ ਸਨ ਅਤੇ ਬਾਕੀ ਦੋ-ਦੋ ਖੰਭਾਂ ਨਾਲ ਉਹਨਾਂ ਦਾ ਸਰੀਰ ਢੱਕਿਆ ਹੋਇਆ ਸੀ। 12 ਉਹਨਾਂ ਵਿੱਚੋਂ ਹਰੇਕ ਸਿੱਧਾ ਆਪਣੇ ਚਿਹਰੇ ਦੀ ਸੇਧ ਵਿੱਚ ਤੁਰਦਾ ਸੀ, ਜਿੱਧਰ ਜਾਣ ਨੂੰ ਆਤਮਾ ਅਗਵਾਈ ਕਰਦਾ ਸੀ, ਉਹ ਜਾਂਦੇ ਸਨ ਅਤੇ ਉਹ ਤੁਰਦੇ ਹੋਏ ਮੁੜਦੇ ਨਹੀਂ ਸਨ। 13 ਉਹਨਾਂ ਜੀਵਾਂ ਦਾ ਰੂਪ ਅੱਗ ਦੇ ਭੱਖਦੇ ਹੋਏ ਕੋਲਿਆਂ ਅਤੇ ਮਸ਼ਾਲਾਂ ਵਰਗਾ ਸੀ, ਇੱਕ ਚਮਕਦੀ ਹੋਈ ਅੱਗ ਜੀਵਾਂ ਦੇ ਵਿਚਾਲੇ ਇੱਧਰ-ਉੱਧਰ ਆਉਂਦੀ ਜਾਂਦੀ ਸੀ ਅਤੇ ਉਸ ਅੱਗ ਵਿੱਚੋਂ ਬਿਜਲੀ ਨਿੱਕਲਦੀ ਸੀ। 14 ਜੀਵਾਂ ਦਾ ਦੌੜਨਾ ਅਤੇ ਮੁੜਨਾ ਬਿਜਲੀ ਵਾਂਗੂੰ ਦਿਖਾਈ ਦਿੰਦਾ ਸੀ। 15 ਮੈਂ ਉਹਨਾਂ ਜੀਵਾਂ ਨੂੰ ਵੇਖਿਆ ਤਾਂ ਵੇਖੋ, ਕਿ ਉਹਨਾਂ ਚਾਰਾਂ ਜੀਵਾਂ ਦੇ ਹਰ ਚਿਹਰੇ ਦੇ ਕੋਲ ਧਰਤੀ ਉੱਤੇ ਇੱਕ-ਇੱਕ ਪਹੀਆ ਸੀ। 16 ਉਹਨਾਂ ਪਹੀਆਂ ਦਾ ਰੂਪ ਅਤੇ ਬਣਾਵਟ ਇਹ ਸੀ: ਹਰੇਕ ਪਹੀਆ ਪੁਖਰਾਜ ਵਾਂਗੂੰ ਚਮਕਦਾ ਸੀ ਅਤੇ ਉਹ ਚਾਰੇ ਇੱਕੋ ਜਿਹੇ ਸਨ; ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਵਿੱਚ ਹੋਵੇ। 17 ਜਦੋਂ ਪਹੀਏ ਚੱਲਦੇ ਸਨ, ਉਹ ਕਿਸੇ ਵੀ ਦਿਸ਼ਾ ਦੇ ਵਿੱਚ ਚੱਲਦੇ ਹੋਏ, ਕਿਸੇ ਹੋਰ ਦਿਸ਼ਾ ਦੇ ਵਿੱਚ ਮੁੜਦੇ ਨਹੀਂ ਸਨ। 18 ਉਹਨਾਂ ਦੇ ਚੱਕੇ ਵੱਡੇ ਉੱਚੇ ਤੇ ਡਰਾਉਣੇ ਸਨ, ਅਤੇ ਉਹਨਾਂ ਚਾਰਾਂ ਚੱਕਿਆਂ ਦੇ ਦੁਆਲੇ ਅੱਖਾਂ ਹੀ ਅੱਖਾਂ ਸਨ। 19 ਜਦੋਂ ਉਹ ਜੀਵ ਤੁਰਦੇ ਸਨ, ਤਾਂ ਉਹਨਾਂ ਦੇ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਉਹ ਜੀਵ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਪਹੀਏ ਵੀ ਚੁੱਕੇ ਜਾਂਦੇ ਸਨ। 20 ਜਿੱਥੇ ਕਿਤੇ ਆਤਮਾ ਜਾਣਾ ਚਾਹੁੰਦਾ ਸੀ, ਉਹ ਜਾਂਦੇ ਸਨ। ਪਹੀਏ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਵਿੱਚ ਸੀ। 21 ਜਦੋਂ ਜੀਵ ਤੁਰਦੇ ਸਨ, ਤਾਂ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਜੀਵ ਰੁੱਕਦੇ ਸਨ, ਤਾਂ ਪਹੀਏ ਵੀ ਰੁੱਕ ਜਾਂਦੇ ਸਨ ਅਤੇ ਜਦੋਂ ਉਹ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਉਹ ਪਹੀਏ ਵੀ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਦੇ ਵਿੱਚ ਸੀ। 22 ਜੀਵਾਂ ਦੇ ਸਿਰ ਉੱਤੇ ਅੰਬਰ ਸੀ, ਉਹ ਬਲੌਰ ਦੇ ਰੰਗ ਵਰਗਾ ਸੀ ਅਤੇ ਉਹਨਾਂ ਦੇ ਸਿਰਾਂ ਦੇ ਉੱਪਰ ਤਾਣਿਆ ਹੋਇਆ ਸੀ। 23 ਉਸ ਅੰਬਰ ਦੇ ਹੇਠਾਂ ਉਹਨਾਂ ਦੇ ਖੰਭ ਇੱਕ ਦੂਜੇ ਦੀ ਸੇਧ ਵਿੱਚ ਸਨ, ਹਰੇਕ ਦੇ ਦੋਵਾਂ ਖੰਭਾ ਨਾਲ ਉਹਨਾਂ ਦਾ ਇੱਕ ਪਾਸਾ ਢੱਕਿਆ ਹੋਇਆ ਸੀ ਅਤੇ ਦੋਵਾਂ ਨਾਲ ਉਹਨਾਂ ਦੇ ਸਰੀਰ ਦਾ ਦੂਜਾ ਪਾਸਾ ਢੱਕਿਆ ਹੋਇਆ ਸੀ। 24 ਜਦੋਂ ਉਹ ਤੁਰਦੇ ਸਨ, ਤਾਂ ਉਹਨਾਂ ਦੇ ਖੰਭਾਂ ਦੀ ਅਵਾਜ਼ ਬਹੁਤੇ ਪਾਣੀਆਂ ਦੀ ਅਵਾਜ਼ ਵਰਗੀ, ਸਰਬ ਸ਼ਕਤੀਮਾਨ ਦੀ ਅਵਾਜ਼ ਵਰਗੀ ਅਤੇ ਸੈਨਾਂ ਦੀ ਅਵਾਜ਼ ਵਰਗੀ ਸੀ। ਜਦੋਂ ਉਹ ਰੁੱਕਦੇ ਸਨ ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ। 25 ਉਸ ਅੰਬਰ ਵਿੱਚੋਂ ਜਿਹੜਾ ਉਹਨਾਂ ਦੇ ਸਿਰਾਂ ਉੱਤੇ ਸੀ, ਇੱਕ ਅਵਾਜ਼ ਆਉਂਦੀ ਸੀ ਅਤੇ ਜਦੋਂ ਉਹ ਖੜ੍ਹੇ ਹੁੰਦੇ ਸਨ, ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ। 26 ਜੋ ਅੰਬਰ ਉਹਨਾਂ ਦੇ ਸਿਰ ਉੱਪਰ ਸੀ, ਉਸ ਉੱਤੇ ਨੀਲਮ ਪੱਥਰ ਦਾ ਬਣਿਆ ਹੋਇਆ, ਕੁਝ ਸਿੰਘਾਸਣ ਜਿਹਾ ਸੀ ਅਤੇ ਉਸ ਸਿੰਘਾਸਣ ਦੇ ਉੱਤੇ ਮਨੁੱਖ ਜਿਹਾ ਕੋਈ ਰੂਪ ਦਿਖਾਈ ਦਿੰਦਾ ਸੀ। 27 ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੱਕ ਚਮਕਦੇ ਹੋਏ ਪਿੱਤਲ ਜਿਹਾ ਅੱਗ ਦੇ ਰੂਪ ਵਰਗਾ, ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੱਕ ਮੈਂ ਅੱਗ ਦਾ ਰੂਪ ਵੇਖਿਆ ਅਤੇ ਉਹ ਦੇ ਦੁਆਲੇ ਚਾਰੋਂ ਪਾਸੇ ਚਮਕ ਸੀ। 28 ਜਿਵੇਂ ਵਰਖਾ ਦੇ ਦਿਨ ਬੱਦਲ ਵਿੱਚ ਧਣੁੱਖ ਦਿਖਾਈ ਦਿੰਦਾ ਹੈ ਉਸੇ ਤਰ੍ਹਾਂ ਚਾਰੇ ਪਾਸੇ ਦਾ ਪਰਕਾਸ਼ ਦਿਖਾਈ ਦਿੰਦਾ ਸੀ। ਇਹ ਯਹੋਵਾਹ ਦੇ ਪਰਤਾਪ ਦਾ ਪਰਕਾਸ਼ ਜਿਹਾ ਸੀ, ਉਸ ਨੂੰ ਵੇਖਦੇ ਹੀ ਮੈਂ ਮੂਧੇ ਮੂੰਹ ਡਿੱਗਿਆ ਅਤੇ ਮੈਂ ਇੱਕ ਅਵਾਜ਼ ਸੁਣੀ, ਜਿਵੇਂ ਕੋਈ ਗੱਲਾਂ ਕਰਦਾ ਹੈ।

ਹਿਜ਼ਕੀਏਲ 2 ->