Link to home pageLanguagesLink to all Bible versions on this site
31
ਡੇਰੇ ਦੇ ਲਈ ਕਾਰੀਗਰ
ਕੂਚ 35:30-36:1

1 ਯਹੋਵਾਹ ਨੇ ਮੂਸਾ ਨੂੰ ਆਖਿਆ ਕਿ 2 ਵੇਖ ਮੈਂ ਬਸਲਏਲ ਨੂੰ ਜਿਹੜਾ ਊਰੀ ਦਾ ਪੁੱਤਰ ਅਤੇ ਹੂਰ ਦਾ ਪੋਤਾ ਅਤੇ ਯਹੂਦਾਹ ਦੇ ਗੋਤ ਦਾ ਹੈ ਨਾਮ ਲੈ ਕੇ ਬੁਲਾਇਆ ਹੈ। 3 ਮੈਂ ਉਹ ਨੂੰ ਪਰਮੇਸ਼ੁਰ ਦੇ ਆਤਮਾ ਤੋਂ ਬੁੱਧ ਸਮਝ ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ ਹੈ 4 ਕਿ ਉਹ ਚਤਰਾਈ ਦੇ ਕੰਮ ਦੀ ਵਿਚਾਰ ਕਰੇ ਅਤੇ ਸੋਨੇ ਚਾਂਦੀ ਅਤੇ ਪਿੱਤਲ ਦਾ ਕੰਮ ਕਰੇ 5 ਨਾਲੇ ਪੱਥਰਾਂ ਨੂੰ ਜੜਨ ਲਈ ਉੱਕਰੇ ਅਤੇ ਲੱਕੜੀ ਦੀ ਚਿੱਤਰਕਾਰੀ ਕਰੇ ਅਤੇ ਸਾਰੀ ਕਾਰੀਗਰੀ ਨਾਲ ਕੰਮ ਕਰੇ। 6 ਅਤੇ ਵੇਖ ਮੈਂ ਉਹ ਦੇ ਨਾਲ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਜਿਹੜਾ ਦਾਨ ਦੇ ਗੋਤ ਦਾ ਹੈ ਥਾਪਿਆ ਅਤੇ ਸਾਰੇ ਸਿਆਣਿਆਂ ਦੇ ਮਨਾਂ ਵਿੱਚ ਬੁੱਧ ਪਾ ਦਿੱਤੀ ਤਾਂ ਜੋ ਉਹ ਜੋ ਕੁਝ ਮੈਂ ਤੈਨੂੰ ਹੁਕਮ ਦਿੱਤਾ ਬਣਾਉਣ, 7 ਅਰਥਾਤ ਮੰਡਲੀ ਦਾ ਤੰਬੂ ਅਤੇ ਸਾਖੀ ਦਾ ਸੰਦੂਕ ਅਤੇ ਪ੍ਰਾਸਚਿਤ ਦਾ ਸਰਪੋਸ਼ ਜਿਹੜਾ ਉਹ ਦੇ ਉੱਤੇ ਹੈ ਅਤੇ ਤੰਬੂ ਦਾ ਸਾਰਾ ਸਮਾਨ 8 ਨਾਲੇ ਮੇਜ਼ ਅਤੇ ਉਸ ਦਾ ਸਮਾਨ ਅਤੇ ਖ਼ਾਲਸ ਸ਼ਮਾਦਾਨ ਅਤੇ ਉਸ ਦਾ ਸਾਰਾ ਸਮਾਨ ਅਤੇ ਧੂਪ ਦੀ ਜਗਵੇਦੀ 9 ਅਤੇ ਹੋਮ ਦੀ ਜਗਵੇਦੀ ਅਤੇ ਉਸ ਦਾ ਸਾਰਾ ਸਮਾਨ ਅਤੇ ਹੌਦ ਅਤੇ ਉਸ ਦੀ ਚੌਂਕੀ 10 ਅਤੇ ਮਹੀਨ ਉਣੇ ਹੋਏ ਬਸਤਰ ਅਤੇ ਹਾਰੂਨ ਜਾਜਕ ਦੇ ਪਵਿੱਤਰ ਬਸਤਰ ਅਤੇ ਉਸ ਦੇ ਪੁੱਤਰਾਂ ਦੇ ਬਸਤਰ ਜਦ ਉਹ ਜਾਜਕਾਈ ਦੀ ਉਪਾਸਨਾ ਕਰਨ 11 ਅਤੇ ਮਸਹ ਕਰਨ ਦਾ ਤੇਲ ਅਤੇ ਸੁਗੰਧ ਵਾਲੀ ਧੂਪ ਪਵਿੱਤਰ ਸਥਾਨ ਲਈ ਜੋ ਕੁਝ ਮੈਂ ਤੈਨੂੰ ਹੁਕਮ ਦਿੱਤਾ ਉਸ ਦੇ ਅਨੁਸਾਰ ਉਹ ਕਰਨ।

ਸਬਤ ਦਾ ਦਿਨ
12 ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ 13 ਤੂੰ ਇਸਰਾਏਲੀਆਂ ਨੂੰ ਬੋਲ ਕਿ ਮੇਰੇ ਸਬਤਾਂ ਦੀ ਜ਼ਰੂਰ ਮਨੌਤ ਕਰਿਓ ਕਿਉਂ ਜੋ ਉਹ ਮੇਰੇ ਵਿੱਚ ਅਤੇ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਨਿਸ਼ਾਨ ਹੈ ਕਿ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਵਿੱਤਰ ਕਰਨ ਵਾਲਾ ਹਾਂ। 14 ਅਤੇ ਤੁਸੀਂ ਸਬਤ ਦੀ ਮਨੌਤ ਕਰਿਓ ਕਿਉਂ ਜੋ ਉਹ ਤੁਹਾਡੇ ਲਈ ਪਵਿੱਤਰ ਹੈ। ਜਿਹੜਾ ਉਹ ਨੂੰ ਭਰਿਸ਼ਟ ਕਰੇ ਉਹ ਜ਼ਰੂਰ ਮਾਰਿਆ ਜਾਵੇ ਕਿਉਂਕਿ ਜੇ ਕੋਈ ਉਸ ਵਿੱਚ ਕੰਮ ਕਰੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। 15 ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਵਿਸ਼ਰਾਮ ਦਾ ਸਬਤ ਯਹੋਵਾਹ ਲਈ ਪਵਿੱਤਰ ਹੈ। ਜੋ ਕੋਈ ਸਬਤ ਦੇ ਦਿਨ ਵਿੱਚ ਕੰਮ ਕਰੇ ਉਹ ਜ਼ਰੂਰ ਮਾਰਿਆ ਜਾਵੇ। 16 ਉਪਰੰਤ ਇਸਰਾਏਲੀ ਸਬਤ ਦੀ ਮਨੌਤ ਕਰਨ ਅਤੇ ਆਪਣੀਆਂ ਪੀੜ੍ਹੀਆਂ ਤੱਕ ਇੱਕ ਵਿਸ਼ਰਾਮ ਦਾ ਦਿਨ ਕਰ ਕੇ ਮੰਨਣ ਕਿਉਂ ਜੋ ਉਹ ਸਦਾ ਲਈ ਇੱਕ ਨੇਮ ਹੈ। 17 ਉਹ ਮੇਰੇ ਵਿੱਚ ਅਤੇ ਇਸਰਾਏਲੀਆਂ ਵਿੱਚ ਸਦਾ ਲਈ ਇੱਕ ਨਿਸ਼ਾਨ ਹੈ ਕਿਉਂਕਿ ਛੇ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਸੱਤਵੇਂ ਦਿਨ ਵਿਸ਼ਰਾਮ ਕੀਤਾ ਅਤੇ ਸ਼ਾਂਤ ਪਾਈ। 18 ਫੇਰ ਉਸ ਨੇ ਮੂਸਾ ਨੂੰ ਜਦ ਉਸ ਨਾਲ ਗੱਲਾਂ ਕਰ ਚੁੱਕਿਆ ਸੀਨਈ ਪਰਬਤ ਉੱਤੇ ਸਾਖੀ ਦੀਆਂ ਦੋਵੇਂ ਫੱਟੀਆਂ ਅਰਥਾਤ ਪੱਥਰ ਦੀਆਂ ਫੱਟੀਆਂ ਪਰਮੇਸ਼ੁਰ ਦੀ ਉਂਗਲੀ ਨਾਲ ਲਿਖੀਆਂ ਹੋਈਆਂ ਦਿੱਤੀਆਂ।

<- ਕੂਚ 30ਕੂਚ 32 ->