Link to home pageLanguagesLink to all Bible versions on this site
20
ਦਸ ਹੁਕਮ
ਬਿਵਸਥਾ 5:1-21

1 ਫਿਰ ਪਰਮੇਸ਼ੁਰ ਇਹ ਸਾਰੀਆਂ ਗੱਲਾਂ ਬੋਲਿਆ ਕਿ 2 ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਮਿਸਰ ਦੇਸ਼ ਤੋਂ ਅਰਥਾਤ ਗ਼ੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ। 3 ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। 4 ਤੂੰ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਈਂ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। 5 ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪੁਰਖਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ। 6 ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੇਮ ਰੱਖਦੇ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ। 7 ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂਕਿ ਜੋ ਕੋਈ ਉਹ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਨਿਰਦੋਸ਼ ਨਾ ਠਹਿਰਾਵੇਗਾ। 8 ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਯਾਦ ਰੱਖ। 9 ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ-ਧੰਦਾ ਕਰ 10 ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਉਸ ਦਿਨ ਵਿੱਚ ਤੂੰ ਕੋਈ ਕੰਮ-ਧੰਦਾ ਨਾ ਕਰ, ਨਾ ਤੂੰ ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਪਸ਼ੂ ਅਤੇ ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ। 11 ਕਿਉਂ ਜੋ ਛੇਆਂ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ, ਸਮੁੰਦਰ ਨੂੰ ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ ਪਰ ਸੱਤਵੇਂ ਦਿਨ ਵਿਸ਼ਰਾਮ ਕੀਤਾ। ਇਸ ਲਈ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ। 12 ਤੂੰ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਤਾਂ ਜੋ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ, ਤੇਰੀ ਉਮਰ ਲੰਮੀ ਹੋਵੇ। 13 ਤੂੰ ਖ਼ੂਨ ਨਾ ਕਰ। 14 ਤੂੰ ਵਿਭਚਾਰ ਨਾ ਕਰ। 15 ਤੂੰ ਚੋਰੀ ਨਾ ਕਰ। 16 ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ। 17 ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ। ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਕਰ, ਨਾ ਉਹ ਦੇ ਦਾਸ ਦੀ, ਨਾ ਉਹ ਦੀ ਦਾਸੀ ਦੀ, ਨਾ ਉਹ ਦੇ ਬਲ਼ਦ ਦੀ, ਨਾ ਉਹ ਦੇ ਗਧੇ ਦੀ, ਨਾ ਕਿਸੇ ਚੀਜ਼ ਦੀ ਜਿਹੜੀ ਤੇਰੇ ਗੁਆਂਢੀ ਦੀ ਹੈ।

ਲੋਕਾਂ ਦਾ ਡਰ ਜਾਣਾ
ਬਿਵਸਥਾ 5:22-33

18 ਸਾਰੀ ਪਰਜਾ ਗੱਜਾਂ, ਲਸ਼ਕਾਂ ਅਤੇ ਤੁਰ੍ਹੀ ਦੀ ਅਵਾਜ਼ ਅਤੇ ਪਰਬਤ ਤੋਂ ਧੂੰਆਂ ਵੇਖ ਰਹੀ ਸੀ ਅਤੇ ਜਦ ਪਰਜਾ ਨੇ ਵੇਖਿਆ ਤਾਂ ਕੰਬ ਉੱਠੀ ਅਤੇ ਦੂਰ ਜਾ ਖੜੀ ਹੋਈ। 19 ਉਨ੍ਹਾਂ ਨੇ ਮੂਸਾ ਨੂੰ ਆਖਿਆ, ਤੂੰ ਸਾਡੇ ਨਾਲ ਗੱਲਾਂ ਕਰ ਤਾਂ ਅਸੀਂ ਸੁਣਾਂਗੇ। ਪਰ ਪਰਮੇਸ਼ੁਰ ਸਾਡੇ ਨਾਲ ਗੱਲਾਂ ਨਾ ਕਰੇ ਕਿ ਅਸੀਂ ਕਿਤੇ ਮਰ ਨਾ ਜਾਈਏ। 20 ਤਦ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ ਕਿਉਂ ਜੋ ਪਰਮੇਸ਼ੁਰ ਇਸ ਲਈ ਆਇਆ ਹੈ ਕਿ ਤੁਹਾਨੂੰ ਪਰਤਾਵੇ ਅਤੇ ਉਸ ਦਾ ਭੈਅ ਤੁਹਾਡੇ ਅੱਗੇ ਰਹੇ ਤਾਂ ਜੋ ਤੁਸੀਂ ਪਾਪ ਨਾ ਕਰੋ। 21 ਤਾਂ ਪਰਜਾ ਦੂਰ ਖੜੀ ਰਹੀ ਪਰ ਮੂਸਾ ਉਸ ਘੁੱਪ ਹਨੇਰ ਦੇ ਕੋਲ ਢੁੱਕਾ ਜਿੱਥੇ ਪਰਮੇਸ਼ੁਰ ਸੀ।

ਵੇਦੀ ਦੇ ਬਾਰੇ ਨਿਯਮ
22 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਇਸਰਾਏਲੀਆਂ ਨੂੰ ਇਸ ਤਰ੍ਹਾਂ ਫ਼ਰਮਾ, ਤੁਸੀਂ ਵੇਖਿਆ ਕਿ ਮੈਂ ਤੁਹਾਡੇ ਨਾਲ ਅਕਾਸ਼ ਤੋਂ ਬੋਲਿਆ ਹਾਂ। 23 ਤੁਸੀਂ ਮੇਰੇ ਸ਼ਰੀਕ ਨਾ ਬਣਾਓ, ਨਾ ਚਾਂਦੀ ਦੇ ਦੇਵਤੇ, ਨਾ ਸੋਨੇ ਦੇ ਦੇਵਤੇ ਆਪਣੇ ਲਈ ਬਣਾਓ। 24 ਤੁਸੀਂ ਮੇਰੇ ਲਈ ਮਿੱਟੀ ਦੀ ਇੱਕ ਜਗਵੇਦੀ ਬਣਾਓ ਅਤੇ ਉਸ ਉੱਤੇ ਆਪਣੀਆਂ ਹੋਮ ਦੀਆਂ ਬਲੀਆਂ ਅਤੇ ਆਪਣੀਆਂ ਸੁੱਖ-ਸਾਂਦ ਦੀਆਂ ਬਲੀਆਂ ਅਰਥਾਤ ਆਪਣੀਆਂ ਭੇਡਾਂ ਅਤੇ ਆਪਣੇ ਬਲ਼ਦ ਚੜ੍ਹਾਓ ਅਤੇ ਹਰ ਸਥਾਨ ਉੱਤੇ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਬਰਕਤ ਦੇਵਾਂਗਾ। 25 ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਜਗਵੇਦੀ ਬਣਾਵੋ ਤਾਂ ਉਹ ਨੂੰ ਘੜਿਆਂ ਹੋਇਆਂ ਪੱਥਰਾਂ ਨਾਲ ਨਾ ਬਣਾਓ। ਜੇ ਤੁਸੀਂ ਆਪਣੀ ਤੇਸੀ ਉਨ੍ਹਾਂ ਉੱਤੇ ਚੁੱਕੀ ਤਾਂ ਤੁਸੀਂ ਉਸ ਨੂੰ ਭਰਿਸ਼ਟ ਕੀਤਾ। 26 ਤੁਸੀਂ ਮੇਰੀ ਜਗਵੇਦੀ ਉੱਤੇ ਪੌੜੀਆਂ ਨਾਲ ਨਾ ਚੜ੍ਹੋ ਕਿ ਕਿਤੇ ਤੁਹਾਡਾ ਨੰਗੇਜ਼ ਉਸ ਉੱਤੇ ਖੁੱਲ੍ਹ ਨਾ ਜਾਵੇ।

<- ਕੂਚ 19ਕੂਚ 21 ->