Link to home pageLanguagesLink to all Bible versions on this site
19
ਸੀਨਈ ਪਰਬਤ ਦੇ ਨੇੜੇ ਇਸਰਾਏਲੀ
1 ਤੀਜੇ ਮਹੀਨੇ ਦੇ ਉਸੇ ਦਿਨ ਵਿੱਚ ਜਦ ਇਸਰਾਏਲੀ ਮਿਸਰ ਦੇਸ ਤੋਂ ਨਿੱਕਲੇ ਉਹ ਸੀਨਈ ਦੀ ਉਜਾੜ ਵਿੱਚ ਆਏ। 2 ਅਤੇ ਰਫ਼ੀਦੀਮ ਤੋਂ ਕੂਚ ਕਰ ਕੇ ਸੀਨਈ ਦੀ ਉਜਾੜ ਵਿੱਚ ਪਹੁੰਚੇ ਅਤੇ ਉੱਥੇ ਉਜਾੜ ਵਿੱਚ ਡੇਰੇ ਲਾਏ ਅਤੇ ਇਸਰਾਏਲ ਨੇ ਪਰਬਤ ਦੇ ਅੱਗੇ ਡੇਰਾ ਕੀਤਾ। 3 ਤਾਂ ਮੂਸਾ ਪਰਮੇਸ਼ੁਰ ਕੋਲ ਚੜ੍ਹ ਗਿਆ ਅਤੇ ਯਹੋਵਾਹ ਨੇ ਪਰਬਤ ਤੋਂ ਉਸ ਨੂੰ ਪੁਕਾਰ ਕੇ ਆਖਿਆ ਤੂੰ ਯਾਕੂਬ ਦੇ ਘਰਾਣੇ ਨੂੰ ਇਸ ਤਰ੍ਹਾਂ ਆਖ ਅਤੇ ਇਸਰਾਏਲੀਆਂ ਨੂੰ ਦੱਸ 4 ਕਿ ਤੁਸੀਂ ਵੇਖਿਆ ਜੋ ਮੈਂ ਇਸਰਾਏਲੀਆਂ ਨਾਲ ਕੀਤਾ ਅਤੇ ਤੁਹਾਨੂੰ ਉਕਾਬ ਦੇ ਖੰਭਾ ਉੱਤੇ ਬੈਠਾ ਕੇ ਆਪਣੇ ਕੋਲ ਲੈ ਆਇਆ। 5 ਹੁਣ ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਤੇ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿੱਜ-ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ 6 ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਸ਼ਾਹੀ ਮੰਡਲੀ ਅਤੇ ਪਵਿੱਤਰ ਕੌਮ ਹੋਵੋਗੇ। ਇਹ ਉਹ ਗੱਲਾਂ ਹਨ ਜਿਹੜੀਆਂ ਤੂੰ ਇਸਰਾਏਲੀਆਂ ਨੂੰ ਦੱਸੇਂਗਾ। 7 ਮੂਸਾ ਨੇ ਆ ਕੇ ਪਰਜਾ ਦੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹ ਸਾਰੀਆਂ ਗੱਲਾਂ ਉਨ੍ਹਾਂ ਦੇ ਅੱਗੇ ਰੱਖੀਆਂ ਜਿਹੜੀਆਂ ਦਾ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ। 8 ਫਿਰ ਸਾਰੀ ਪਰਜਾ ਨੇ ਰਲ ਕੇ ਉੱਤਰ ਦਿੱਤਾ, ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ। ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਦੇ ਅੱਗੇ ਰੱਖੀਆਂ। 9 ਅਤੇ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ ਮੈਂ ਤੇਰੇ ਕੋਲ ਬੱਦਲ ਦੇ ਓਹਲੇ ਵਿੱਚ ਆਉਂਦਾ ਹਾਂ ਤਾਂ ਜੋ ਪਰਜਾ ਗੱਲਾਂ ਸੁਣੇ ਜਿਹੜੀਆਂ ਮੈਂ ਤੇਰੇ ਨਾਲ ਕਰਾਂ ਨਾਲੇ ਉਹ ਸਦਾ ਲਈ ਤੇਰੇ ਉੱਤੇ ਪਰਤੀਤ ਕਰੇ। ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਨੂੰ ਦੱਸੀਆਂ। 10 ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਕੋਲ ਜਾ ਅਤੇ ਅੱਜ ਅਤੇ ਕੱਲ ਉਨ੍ਹਾਂ ਨੂੰ ਪਵਿੱਤਰ ਕਰ ਅਤੇ ਉਹ ਆਪਣੇ ਬਸਤਰ ਧੋਣ। 11 ਤੀਜੇ ਦਿਨ ਲਈ ਤਿਆਰ ਰਹਿਣ ਕਿਉਂਕਿ ਤੀਜੇ ਦਿਨ ਯਹੋਵਾਹ ਸਾਰੀ ਪਰਜਾ ਦੇ ਸਾਹਮਣੇ ਸੀਨਈ ਦੇ ਪਰਬਤ ਉੱਤੇ ਉੱਤਰੇਗਾ। 12 ਤੂੰ ਪਰਜਾ ਲਈ ਚੁਫ਼ੇਰੇ ਇਹ ਆਖ ਕੇ ਹੱਦਾਂ ਬਣਾਈ ਕਿ ਤੁਸੀਂ ਧਿਆਨ ਰੱਖੋ ਅਤੇ ਪਰਬਤ ਉੱਤੇ ਨਾ ਚੜ੍ਹਿਓ, ਨਾ ਉਸ ਦੀ ਹੱਦ ਨੂੰ ਛੂਹਿਓ ਅਤੇ ਹਰ ਇੱਕ ਜਿਹੜਾ ਪਰਬਤ ਨੂੰ ਛੂਹੇ ਉਹ ਜ਼ਰੂਰ ਮਾਰਿਆ ਜਾਵੇ। 13 ਕੋਈ ਹੱਥ ਉਸ ਨੂੰ ਨਾ ਛੂਹੇ ਪਰ ਉਹ ਵੱਟਿਆਂ ਨਾਲ ਮਾਰਿਆ ਜਾਵੇ ਜਾਂ ਤੀਰ ਨਾਲ ਵਿੰਨ੍ਹਿਆ ਜਾਵੇ ਭਾਵੇਂ ਪਸ਼ੂ ਹੋਵੇ ਭਾਵੇਂ ਮਨੁੱਖ ਹੋਵੇ, ਉਹ ਜਿਉਂਦਾ ਨਾ ਰਹੇ। ਜਦ ਤੁਰ੍ਹੀ ਦੀ ਅਵਾਜ਼ ਗੂੰਜੇ ਤਾਂ ਉਹ ਪਰਬਤ ਉੱਤੇ ਚੜ੍ਹਨ। 14 ਮੂਸਾ ਪਰਬਤ ਤੋਂ ਪਰਜਾ ਕੋਲ ਉੱਤਰਿਆ ਅਤੇ ਪਰਜਾ ਨੂੰ ਪਵਿੱਤਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਬਸਤਰ ਧੋਤੇ। 15 ਫਿਰ ਉਸ ਨੇ ਪਰਜਾ ਨੂੰ ਆਖਿਆ, ਤੀਜੇ ਦਿਨ ਲਈ ਤਿਆਰ ਰਹੋ ਅਤੇ ਔਰਤ ਦੇ ਨੇੜੇ ਨਾ ਜਾਓ। 16 ਇਸ ਤਰ੍ਹਾਂ ਹੋਇਆ ਕਿ ਜਦ ਤੀਜੇ ਦਿਨ ਸਵੇਰਾ ਹੋਇਆ ਤਾਂ ਗਰਜਾਂ ਹੋਈਆਂ, ਲਿਸ਼ਕਾਂ ਪਈਆਂ ਅਤੇ ਇੱਕ ਕਾਲਾ ਬੱਦਲ ਪਰਬਤ ਉੱਤੇ ਸੀ, ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਸੀ ਅਤੇ ਜਿੰਨੇ ਲੋਕ ਡੇਰੇ ਵਿੱਚ ਸਨ ਕੰਬ ਗਏ। 17 ਮੂਸਾ ਲੋਕਾਂ ਨੂੰ ਪਰਮੇਸ਼ੁਰ ਨਾਲ ਮਿਲਣ ਲਈ ਡੇਰੇ ਤੋਂ ਬਾਹਰ ਲੈ ਆਇਆ ਅਤੇ ਉਹ ਪਰਬਤ ਦੇ ਹੇਠਾਂ ਖੜੇ ਹੋ ਗਏ। 18 ਅਤੇ ਸਾਰੇ ਸੀਨਈ ਪਰਬਤ ਤੋਂ ਧੂੰਆਂ ਨਿੱਕਲਦਾ ਸੀ ਕਿਉਂ ਜੋ ਯਹੋਵਾਹ ਅੱਗ ਵਿੱਚ ਉਸ ਦੇ ਉੱਤੇ ਉੱਤਰਿਆ ਅਤੇ ਭੱਠੀ ਵਰਗਾ ਧੂੰਆਂ ਉਸ ਦੇ ਉੱਤੋਂ ਉੱਠ ਰਿਹਾ ਸੀ, ਸਾਰਾ ਪਰਬਤ ਬਹੁਤ ਕੰਬ[a] ਰਿਹਾ ਸੀ। 19 ਜਦ ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਹੁੰਦੀ ਜਾਂਦੀ ਸੀ ਤਾਂ ਮੂਸਾ ਬੋਲਿਆ ਅਤੇ ਪਰਮੇਸ਼ੁਰ ਨੇ ਉਹ ਨੂੰ ਅਵਾਜ਼ ਨਾਲ ਉੱਤਰ ਦਿੱਤਾ। 20 ਯਹੋਵਾਹ ਸੀਨਈ ਪਰਬਤ ਉੱਤੇ ਉੱਤਰਿਆ ਅਰਥਾਤ ਪਰਬਤ ਦੀ ਟੀਸੀ ਉੱਤੇ ਅਤੇ ਯਹੋਵਾਹ ਨੇ ਮੂਸਾ ਨੂੰ ਪਰਬਤ ਦੀ ਟੀਸੀ ਉੱਤੇ ਸੱਦਿਆ ਤਾਂ ਮੂਸਾ ਉਤਾਹਾਂ ਗਿਆ। 21 ਯਹੋਵਾਹ ਨੇ ਮੂਸਾ ਨੂੰ ਆਖਿਆ, ਹੇਠਾਂ ਜਾ ਅਤੇ ਪਰਜਾ ਨੂੰ ਚੇਤਾਵਨੀ ਦੇ ਕਰ ਮਤੇ ਉਹ ਵੇਖਣ ਨੂੰ ਯਹੋਵਾਹ ਕੋਲ ਅੱਗੇ ਆਉਣ ਅਤੇ ਉਨ੍ਹਾਂ ਵਿੱਚੋਂ ਬਹੁਤ ਡਿੱਗ ਪੈਣ। 22 ਅਤੇ ਜਾਜਕ ਵੀ ਜਿਹੜੇ ਯਹੋਵਾਹ ਦੇ ਨੇੜੇ ਆਉਂਦੇ ਹਨ ਆਪਣੇ ਆਪ ਨੂੰ ਪਵਿੱਤਰ ਕਰਨ ਕਿਤੇ ਯਹੋਵਾਹ ਉਨ੍ਹਾਂ ਉੱਤੇ ਵਰ੍ਹ ਪਵੇ। 23 ਮੂਸਾ ਨੇ ਯਹੋਵਾਹ ਨੂੰ ਆਖਿਆ ਕਿ ਲੋਕ ਸੀਨਈ ਪਰਬਤ ਉੱਤੇ ਨਹੀਂ ਚੜ੍ਹ ਸਕਦੇ ਕਿਉਂ ਜੋ ਤੂੰ ਸਾਨੂੰ ਤਗੀਦ ਨਾਲ ਆਖਿਆ ਸੀ ਕਿ ਪਰਬਤ ਦੀਆਂ ਹੱਦਾਂ ਬਣਾ ਰੱਖੋ ਅਤੇ ਉਹ ਨੂੰ ਪਵਿੱਤਰ ਕਰੋ। 24 ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਹੇਠਾਂ ਜਾ ਅਤੇ ਫੇਰ ਉਤਾਹਾਂ ਆ ਤੂੰ ਅਤੇ ਤੇਰੇ ਨਾਲ ਹਾਰੂਨ ਪਰ ਜਾਜਕ ਅਤੇ ਲੋਕ ਯਹੋਵਾਹ ਕੋਲ ਚੜ੍ਹਨ ਲਈ ਨਾ ਆਉਣ ਕਿਤੇ ਉਹ ਉਨ੍ਹਾਂ ਉੱਤੇ ਨਾ ਵਰ੍ਹ ਪਵੇ। 25 ਤਦ ਮੂਸਾ ਪਰਜਾ ਕੋਲ ਉਤਰਿਆ ਅਤੇ ਉਨ੍ਹਾਂ ਨੂੰ ਦੱਸਿਆ।

<- ਕੂਚ 18ਕੂਚ 20 ->