Link to home pageLanguagesLink to all Bible versions on this site
11
ਪਹਿਲੌਠਿਆਂ ਦੀ ਮੌਤ ਦੀ ਚੇਤਾਵਨੀ
1 ਯਹੋਵਾਹ ਨੇ ਮੂਸਾ ਨੂੰ ਆਖਿਆ, ਮੈਂ ਫ਼ਿਰਊਨ ਅਤੇ ਮਿਸਰੀਆਂ ਉੱਤੇ ਇੱਕ ਹੋਰ ਬਵਾ ਲਿਆਉਣ ਵਾਲਾ ਹਾਂ। ਉਸ ਦੇ ਪਿੱਛੋਂ ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ ਅਤੇ ਜਦ ਉਹ ਤੁਹਾਨੂੰ ਜਾਣ ਦੇਵੇਗਾ ਤਾਂ ਉਹ ਇੱਥੋਂ ਧੱਕੇ ਮਾਰ-ਮਾਰ ਕੇ ਤੁਹਾਨੂੰ ਕੱਢ ਦੇਵੇਗਾ। 2 ਪਰਜਾ ਦੇ ਕੰਨਾਂ ਵਿੱਚ ਇਹ ਗੱਲਾਂ ਪਾ ਦੇ ਕਿ ਹਰ ਮਨੁੱਖ ਆਪਣੇ ਗੁਆਂਢੀ ਤੋਂ ਅਤੇ ਹਰ ਔਰਤ ਆਪਣੀ ਗੁਆਂਢਣ ਤੋਂ ਚਾਂਦੀ ਦੇ ਗਹਿਣੇ ਅਤੇ ਸੋਨੇ ਦੇ ਗਹਿਣੇ ਮੰਗ ਲਵੇ। 3 ਯਹੋਵਾਹ ਨੇ ਉਸ ਪਰਜਾ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਣ ਦਿੱਤਾ ਨਾਲੇ ਮੂਸਾ ਮਿਸਰ ਦੇਸ ਵਿੱਚ ਫ਼ਿਰਊਨ ਦੇ ਟਹਿਲੂਆਂ ਦੀ ਨਿਗਾਹ ਵਿੱਚ ਅਤੇ ਲੋਕਾਂ ਦੀ ਨਿਗਾਹ ਵਿੱਚ ਬਹੁਤ ਮਹਾਨ ਮਨੁੱਖ ਸੀ। 4 ਮੂਸਾ ਨੇ ਆਖਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਅੱਧੀ ਕੁ ਰਾਤ ਨੂੰ ਮਿਸਰ ਦੇ ਵਿੱਚੋਂ ਦੀ ਲੰਘਣ ਵਾਲਾ ਹਾਂ 5 ਅਤੇ ਮਿਸਰ ਦੇਸ ਵਿੱਚ ਹਰ ਇੱਕ ਪਹਿਲੌਠਾ ਫ਼ਿਰਊਨ ਦੇ ਪਹਿਲੌਠੇ ਤੋਂ ਲੈ ਕੇ ਜਿਹੜਾ ਆਪਣੇ ਸਿੰਘਾਸਣ ਉੱਤੇ ਬੈਠਾ ਹੈ ਉਸ ਗੋਲੀ ਦੇ ਪਹਿਲੌਠੇ ਤੱਕ ਜਿਹੜੀ ਚੱਕੀ ਪਿੱਛੇ ਹੈ ਨਾਲੇ ਹਰ ਇੱਕ ਡੰਗਰ ਦਾ ਪਹਿਲੌਠਾ ਮਰ ਜਾਵੇਗਾ। 6 ਅਤੇ ਸਾਰੇ ਮਿਸਰ ਦੇਸ ਵਿੱਚ ਅਜਿਹਾ ਵੱਡਾ ਸਿਆਪਾ ਹੋਵੇਗਾ ਜੋ ਨਾ ਪਿੱਛੇ ਹੋਇਆ ਅਤੇ ਨਾ ਅੱਗੇ ਨੂੰ ਫੇਰ ਹੋਵੇਗਾ। 7 ਪਰ ਕਿਸੇ ਇਸਰਾਏਲੀ ਦੇ ਵਿਰੁੱਧ ਮਨੁੱਖ ਤੋਂ ਲੈ ਕੇ ਡੰਗਰ ਤੱਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ ਤਾਂ ਜੋ ਤੁਸੀਂ ਜਾਣੋ ਕਿ ਯਹੋਵਾਹ ਮਿਸਰੀਆਂ ਅਤੇ ਇਸਰਾਏਲੀਆਂ ਵਿੱਚ ਕਿਵੇਂ ਭਿੰਨ ਭੇਦ ਰੱਖਦਾ ਹੈ। 8 ਅਤੇ ਇਹ ਤੇਰੇ ਸਭ ਟਹਿਲੂਏ ਮੇਰੀ ਵੱਲ ਉੱਤਰਨਗੇ ਅਤੇ ਮੇਰੇ ਅੱਗੇ ਮੱਥੇ ਰਗੜਨਗੇ ਇਹ ਆਖ ਕੇ ਕਿ ਤੂੰ ਜਾ ਅਤੇ ਤੇਰੇ ਸਾਰੇ ਲੋਕ ਜਿਹੜੇ ਤੇਰੀ ਪੈਰਵੀ ਕਰਦੇ ਹਨ ਅਤੇ ਉਸ ਦੇ ਪਿੱਛੋਂ ਮੈਂ ਨਿੱਕਲ ਜਾਂਵਾਂਗਾ। ਫੇਰ ਉਹ ਫ਼ਿਰਊਨ ਦੇ ਕੋਲੋਂ ਕ੍ਰੋਧ ਦੀ ਅੱਗ ਵਿੱਚ ਨਿੱਕਲ ਗਿਆ। 9 ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਤੁਹਾਡੀ ਨਾ ਸੁਣੇਗਾ ਤਾਂ ਜੋ ਮਿਸਰ ਦੇਸ ਵਿੱਚ ਮੇਰੇ ਅਚਰਜ਼ ਕੰਮ ਵਧ ਜਾਣ 10 ਤਾਂ ਮੂਸਾ ਅਤੇ ਹਾਰੂਨ ਨੇ ਇਹ ਸਾਰੇ ਅਚਰਜ਼ ਕੰਮ ਫ਼ਿਰਊਨ ਦੇ ਅੱਗੇ ਕੀਤੇ ਅਤੇ ਯਹੋਵਾਹ ਨੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਸੋ ਉਸ ਨੇ ਆਪਣੇ ਦੇਸੋਂ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ।

<- ਕੂਚ 10ਕੂਚ 12 ->