Link to home pageLanguagesLink to all Bible versions on this site

ਕੂਚ
ਲੇਖਕ
ਪਰੰਪਰਾਗਤ ਰੂਪ ਵਿੱਚ ਮੂਸਾ ਨੂੰ ਇਸ ਪੁਸਤਕ ਦਾ ਲੇਖਕ ਮੰਨਿਆ ਜਾਂਦਾ ਹੈ। ਦੋ ਪ੍ਰਮੁੱਖ ਕਾਰਨਾਂ ਕਰਕੇ ਬਿਨ੍ਹਾਂ ਪ੍ਰਸ਼ਨ ਕੀਤੇ ਮੂਸਾ ਨੂੰ ਇਸ ਪੁਸਤਕ ਦੇ ਪਰਮੇਸ਼ੁਰ ਵੱਲੋਂ ਪ੍ਰੇਰਿਤ ਕੀਤੇ ਗਏ ਲੇਖਕ ਦੇ ਰੂਪ ਵਿੱਚ ਸਵੀਕਾਰ ਕੀਤਾ ਜਾ ਸਕਦਾ ਹੈ। ਪਹਿਲਾ, ਕੂਚ ਦੀ ਪੁਸਤਕ ਆਪ ਹੀ ਮੂਸਾ ਦੀਆਂ ਲਿਖਤਾਂ ਦਾ ਵਰਣਨ ਕਰਦੀ ਹੈ। ਕੂਚ 34:27 ਪਰਮੇਸ਼ੁਰ ਨੇ ਮੂਸਾ ਨੂੰ ਹੁਕਮ ਦਿੱਤਾ “ਤੂੰ ਇਨ੍ਹਾਂ ਗੱਲਾਂ ਨੂੰ ਲਿਖ।” ਇੱਕ ਹੋਰ ਭਾਗ ਦੱਸਦਾ ਹੈ ਕਿ ਪਰਮੇਸ਼ੁਰ ਦਾ ਹੁਕਮ ਮੰਨਦੇ ਹੋਏ “ਮੂਸਾ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਲਿਖੀਆਂ” (24:4)। ਇਸ ਲਈ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਆਇਤਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਮੂਸਾ ਉਹ ਸਭ ਕੁਝ ਲਿਖ ਰਿਹਾ ਹੈ ਜੋ ਅਸੀਂ ਕੂਚ ਦੀ ਪੁਸਤਕ ਵਿੱਚ ਪੜ੍ਹਦੇ ਹਾਂ। ਦੂਸਰਾ, ਮੂਸਾ ਨੇ ਕੂਚ ਦੀ ਪੁਸਤਕ ਵਿੱਚ ਦੱਸੀਆਂ ਗਈਆਂ ਘਟਨਾਵਾਂ ਦਾ ਜਾਂ ਤਾਂ ਨਿਰੀਖਣ ਕੀਤਾ ਜਾਂ ਉਹ ਆਪ ਇਨ੍ਹਾਂ ਵਿੱਚ ਸ਼ਾਮਿਲ ਸੀ। ਉਸ ਦੀ ਸਿੱਖਿਆ ਫ਼ਿਰਊਨ ਦੇ ਮਹਿਲ ਵਿੱਚ ਹੋਈ ਸੀ ਅਤੇ ਲਿਖਣ ਵਿੱਚ ਉਸ ਨੂੰ ਮਾਹਰਤਾ ਹਾਸਿਲ ਸੀ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 1446 - 1405 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਸਰਾਏਲੀ ਆਪਣੀ ਬੇਵਫ਼ਾਈ ਦੇ ਕਾਰਨ 40 ਸਾਲਾਂ ਤੱਕ ਉਜਾੜ ਵਿੱਚ ਭਟਕਦੇ ਰਹੇ। ਹੋ ਸਕਦਾ ਹੈ ਕਿ ਇਸੇ ਸਮੇਂ ਦੇ ਦੌਰਾਨ ਇਹ ਪੁਸਤਕ ਲਿਖੀ ਗਈ ਹੋਵੇ।
ਪ੍ਰਾਪਤ ਕਰਤਾ
ਇਸ ਪੁਸਤਕ ਦੀ ਪ੍ਰਾਪਤ ਕਰਤਾ ਸ਼ਾਇਦ ਉਹੋ ਪੀੜ੍ਹੀ ਸੀ ਜਿਹੜੀ ਮਿਸਰ ਦੀ ਗੁਲਾਮੀ ਤੋਂ ਛੁਟਕਾਰਾ ਪਾ ਕੇ ਬਾਹਰ ਆਈ ਸੀ। ਮੂਸਾ ਨੇ ਇਹ ਪੁਸਤਕ ਸੀਨਈ ਦੇ ਸਮਾਜ ਲਈ ਲਿਖੀ, ਜਿਸ ਨੂੰ ਉਹ ਮਿਸਰ ਤੋਂ ਬਾਹਰ ਕੱਢ ਕੇ ਲਿਆਇਆ ਸੀ। (ਕੂਚ 17:14; 24:4; 34:27-28)
ਉਦੇਸ਼
ਕੂਚ ਦੀ ਪੁਸਤਕ ਉਸ ਘਟਨਾ ਦਾ ਵਰਣਨ ਕਹਾਣੀ ਦੇ ਰੂਪ ਵਿੱਚ ਕਰਦੀ ਹੈ ਕਿ ਇਸਰਾਏਲੀ ਕਿਵੇਂ ਯਹੋਵਾਹ ਪਰਮੇਸ਼ੁਰ ਦੇ ਲੋਕ ਬਣ ਗਏ ਅਤੇ ਉਨ੍ਹਾਂ ਨਿਯਮਾਂ ਦਾ ਵਰਣਨ ਕਰਦੀ ਹੈ ਜਿਨ੍ਹਾਂ ਦੀ ਪਾਲਣਾ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਲੋਕਾਂ ਦੇ ਰੂਪ ਵਿੱਚ ਬਣੇ ਰਹਿਣਾ ਸੀ। ਕੂਚ ਦੀ ਪੁਸਤਕ ਪਰਮੇਸ਼ੁਰ ਦੇ ਵਫ਼ਾਦਾਰ, ਸ਼ਕਤੀਮਾਨ, ਛੁਡਾਉਣ ਵਾਲੇ ਅਤੇ ਪਵਿੱਤਰ ਚਰਿੱਤਰ ਨੂੰ ਪੇਸ਼ ਕਰਦੀ ਹੈ, ਜਿਸ ਨੇ ਇਸਰਾਏਲ ਦੇ ਨਾਲ ਇੱਕ ਨੇਮ ਬੰਨ੍ਹਿਆ। ਪਰਮੇਸ਼ੁਰ ਦੇ ਚਰਿੱਤਰ ਨੂੰ ਉਸ ਦੇ ਨਾਮਾਂ ਅਤੇ ਕੰਮਾਂ ਦੁਆਰਾ ਪ੍ਰਗਟ ਕੀਤਾ ਗਿਆ ਹੈ ਅਤੇ ਇਹ ਪੁਸਤਕ ਦਰਸਾਉਂਦੀ ਹੈ ਕਿ ਕਿਵੇਂ ਉਹ ਵਾਅਦਾ ਜਿਹੜਾ ਪਰਮੇਸ਼ੁਰ ਨੇ ਅਬਰਾਹਮ ਨਾਲ ਕੀਤਾ ਸੀ, ਉਹ ਪਰਮੇਸ਼ੁਰ ਦੁਆਰਾ ਅਬਰਾਹਮ ਦੀ ਸੰਤਾਨ ਨੂੰ ਮਿਸਰ ਦੀ ਗੁਲਾਮੀ ਤੋਂ ਛੁਡਾਉਣ ਦੇ ਦੁਆਰਾ ਪੂਰਾ ਹੁੰਦਾ ਹੈ। ਇਹ ਕਹਾਣੀ ਇੱਕ ਪਰਿਵਾਰ ਦੀ ਹੈ ਜੋ ਕਿ ਚੁਣਿਆ ਹੋਇਆ ਦੇਸ ਬਣ ਗਿਆ (ਕੂਚ 2:24; 6:5; 12:37)। ਉਨ੍ਹਾਂ ਯਹੂਦੀਆਂ ਦੀ ਸੰਖਿਆ ਜਿਹੜੇ ਮਿਸਰ ਤੋਂ ਬਾਹਰ ਨਿਕਲੇ ਸਨ 2 ਤੋਂ 3 ਲੱਖ ਦੇ ਲਗਭਗ ਸੀ।
ਵਿਸ਼ਾ-ਵਸਤੂ
ਛੁਟਕਾਰਾ
ਰੂਪ-ਰੇਖਾ
1. ਪ੍ਰਸਤਾਵਨਾ — 1:1-2:25
2. ਇਸਰਾਏਲ ਦਾ ਛੁਟਕਾਰਾ — 3:1-18:27
3. ਸੀਨਈ ਪਰਬਤ ਉੱਤੇ ਨੇਮ ਬੰਨ੍ਹਣਾ — 19:1-24:18
4. ਪਰਮੇਸ਼ੁਰ ਦਾ ਸ਼ਾਹੀ ਤੰਬੂ — 25:1-31:18
5. ਵਿਦਰੋਹ ਦੇ ਨਤੀਜੇ ਵੱਜੋਂ ਪਰਮੇਸ਼ੁਰ ਤੋਂ ਦੂਰ ਹੋ ਜਾਣਾ — 32:1-34:35
6. ਪਰਮੇਸ਼ੁਰ ਦੇ ਤੰਬੂ ਦਾ ਸ਼ਾਹੀ ਪ੍ਰਬੰਧ — 35:1-40:38

1
ਮਿਸਰ ਵਿੱਚ ਇਸਰਾਏਲੀਆਂ ਦਾ ਬੁਰਾ ਹਾਲ
1 ਹੁਣ ਇਸਰਾਏਲ ਦੇ ਪੁੱਤਰਾਂ ਦੇ ਨਾਮ, ਜਿਹੜੇ ਮਿਸਰ ਵਿੱਚ ਇੱਕ-ਇੱਕ ਜਣਾ ਆਪੋ ਆਪਣੇ ਟੱਬਰ ਨਾਲ ਯਾਕੂਬ ਦੇ ਨਾਲ ਆਏ ਸੋ ਇਹ ਹਨ; 2 ਰਊਬੇਨ ਸ਼ਿਮਓਨ ਲੇਵੀ ਯਹੂਦਾਹ 3 ਯਿੱਸਾਕਾਰ ਜ਼ਬੂਲੁਨ ਬਿਨਯਾਮੀਨ 4 ਦਾਨ ਨਫ਼ਤਾਲੀ ਗਾਦ ਅਤੇ ਆਸ਼ੇਰ। 5 ਇਸ ਤਰ੍ਹਾਂ ਇਹ ਸਾਰੇ ਪ੍ਰਾਣੀ ਜਿਹੜੇ ਯਾਕੂਬ ਦੀ ਅੰਸ ਤੋਂ ਨਿੱਕਲੇ ਸੱਤਰ ਪ੍ਰਾਣੀ ਸਨ ਅਤੇ ਯੂਸੁਫ਼ ਮਿਸਰ ਵਿੱਚ ਹੀ ਸੀ। 6 ਯੂਸੁਫ਼, ਉਸ ਦੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਚੁੱਕੀ ਸੀ। 7 ਪਰ ਇਸਰਾਏਲੀ ਫਲੇ ਅਤੇ ਉਨ੍ਹਾਂ ਦੇ ਦਲਾਂ ਦੇ ਦਲ ਹੋ ਗਏ, ਵਧ ਕੇ ਬਹੁਤ ਬਲਵੰਤ ਹੋ ਗਏ ਕਿ ਧਰਤੀ ਉਨ੍ਹਾਂ ਨਾਲ ਭਰ ਗਈ। 8 ਤਦ ਮਿਸਰ ਵਿੱਚ ਨਵਾਂ ਰਾਜਾ ਉੱਠਿਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ। 9 ਉਸ ਨੇ ਆਪਣੇ ਲੋਕਾਂ ਨੂੰ ਆਖਿਆ, ਵੇਖੋ ਇਸਰਾਏਲੀ ਲੋਕ ਸਾਡੇ ਨਾਲੋਂ ਵਧੀਕ ਅਤੇ ਬਲਵੰਤ ਹਨ। 10 ਆਓ ਅਸੀਂ ਉਨ੍ਹਾਂ ਨਾਲ ਸਮਝ ਨਾਲ ਵਰਤਾਓ ਕਰੀਏ, ਅਜਿਹਾ ਨਾ ਹੋਵੇ ਕਿ ਉਹ ਹੋਰ ਵਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ ਤਾਂ ਉਹ ਸਾਡੇ ਵੈਰੀਆਂ ਦੇ ਨਾਲ ਮਿਲ ਜਾਣ ਅਤੇ ਸਾਡੇ ਵਿਰੁੱਧ ਲੜਨ, ਫੇਰ ਇਸ ਦੇਸ਼ ਤੋਂ ਉਤਾਹਾਂ ਨੂੰ ਚਲੇ ਜਾਣ। 11 ਤਦ ਉਸ ਉਨ੍ਹਾਂ ਦੇ ਉੱਪਰ ਬੇਗ਼ਾਰੀਆਂ ਦੇ ਕੋਰੜੇ ਠਹਿਰਾਏ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਾਂ ਨਾਲ ਜਿੱਚ ਕਰਨ ਅਤੇ ਉਨ੍ਹਾਂ ਫ਼ਿਰਊਨ ਲਈ ਫਿਤੋਮ ਅਤੇ ਰਾਮਸੇਸ ਭੰਡਾਰ ਦੇ ਨਗਰ ਬਣਾਏ। 12 ਪਰ ਜਿੰਨਾਂ ਉਹ ਉਨ੍ਹਾਂ ਨੂੰ ਦੁੱਖ ਦਿੰਦੇ ਸਨ ਉਹ ਉੱਨਾ ਹੀ ਵਧਦੇ ਅਤੇ ਫੈਲਦੇ ਜਾਂਦੇ ਸਨ, ਇਸ ਤਰ੍ਹਾਂ ਉਹ ਇਸਰਾਏਲੀਆਂ ਤੋਂ ਅੱਕ ਗਏ। 13 ਉਪਰੰਤ ਮਿਸਰੀ ਇਸਰਾਏਲੀਆਂ ਤੋਂ ਸਖ਼ਤੀ ਨਾਲ ਟਹਿਲ ਕਰਾਉਣ ਲੱਗੇ। 14 ਅਤੇ ਉਨ੍ਹਾਂ ਨੇ ਔਖੀ ਟਹਿਲ ਨਾਲ ਅਰਥਾਤ ਗਾਰੇ, ਇੱਟਾਂ ਅਤੇ ਖੇਤਾਂ ਵਿੱਚ ਹਰ ਪਰਕਾਰ ਦੀ ਟਹਿਲ ਨਾਲ ਉਨ੍ਹਾਂ ਦਾ ਜੀਉਣ ਖੱਟਾ ਕਰ ਦਿੱਤਾ। ਜਿਹੜੀ ਟਹਿਲ ਉਨ੍ਹਾਂ ਤੋਂ ਕਰਾਉਂਦੇ ਸਨ ਉਹ ਸਖ਼ਤੀ ਨਾਲ ਸੀ। 15 ਤਦ ਮਿਸਰ ਦੇ ਰਾਜੇ ਨੇ ਇਬਰਾਨੀ ਦਾਈਆਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਿਫਰਾਹ ਅਤੇ ਦੂਜੀ ਦਾ ਨਾਮ ਫੂਆਹ ਸੀ ਆਖਿਆ 16 ਜਦ ਇਬਰਾਨਣਾਂ ਲਈ ਤੁਸੀਂ ਦਾਈ ਪੁਣਾ ਕਰਦੀਆਂ ਹੋ ਅਤੇ ਤੁਸੀਂ ਉਨ੍ਹਾਂ ਨੂੰ ਜਣਾਉਣ ਦੇ ਪੀੜ੍ਹੇ ਉੱਤੇ ਵੇਖਦੀਆਂ ਹੋ ਤਾਂ ਜੇਕਰ ਉਹ ਪੁੱਤਰ ਹੋਵੇ ਉਸ ਨੂੰ ਮਾਰ ਸੁੱਟੋ ਪਰ ਜੇਕਰ ਧੀ ਹੋਵੇ ਤਾਂ ਉਹ ਜਿਉਂਦੀ ਰਹੇ। 17 ਪਰ ਦਾਈਆਂ ਪਰਮੇਸ਼ੁਰ ਤੋਂ ਡਰਦੀਆਂ ਸਨ ਅਤੇ ਜਿਵੇਂ ਮਿਸਰ ਦੇ ਰਾਜੇ ਨੇ ਹੁਕਮ ਦਿੱਤਾ ਸੀ ਉਨ੍ਹਾਂ ਤਿਵੇਂ ਨਾ ਕੀਤਾ, ਉਹ ਮੁੰਡਿਆਂ ਨੂੰ ਜਿਉਂਦੇ ਰੱਖਦੀਆਂ ਸਨ। 18 ਤਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸੱਦ ਕੇ ਆਖਿਆ, ਤੁਸੀਂ ਇਹ ਗੱਲ ਕਿਉਂ ਕੀਤੀ ਕਿ ਮੁੰਡਿਆਂ ਨੂੰ ਜਿਉਂਦੇ ਰਹਿਣ ਦਿੱਤਾ? 19 ਫਿਰ ਦਾਈਆਂ ਨੇ ਫ਼ਿਰਊਨ ਨੂੰ ਆਖਿਆ ਕਿ ਇਬਰਾਨੀ ਔਰਤਾਂ ਮਿਸਰੀ ਔਰਤਾਂ ਵਾਂਗੂੰ ਨਹੀਂ ਹਨ ਕਿਉਂ ਜੋ ਉਹ ਜਿੰਦ ਵਾਲੀਆਂ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਜਣ ਲੈਂਦੀਆਂ ਹਨ। 20 ਇਸ ਲਈ ਪਰਮੇਸ਼ੁਰ ਨੇ ਦਾਈਆਂ ਨਾਲ ਭਲਿਆਈ ਕੀਤੀ ਅਤੇ ਉਹ ਲੋਕ ਵਧ ਗਏ ਅਤੇ ਬਹੁਤ ਬਲਵੰਤ ਹੋ ਗਏ। 21 ਇਸ ਤਰ੍ਹਾਂ ਹੋਇਆ ਇਸ ਲਈ ਕਿ ਦਾਈਆਂ ਪਰਮੇਸ਼ੁਰ ਤੋਂ ਡਰੀਆਂ ਉਸ ਉਨ੍ਹਾਂ ਦੇ ਘਰ ਵਸਾਏ। 22 ਉਪਰੰਤ ਫ਼ਿਰਊਨ ਨੇ ਆਪਣੀ ਸਾਰੀ ਪਰਜਾ ਨੂੰ ਹੁਕਮ ਦਿੱਤਾ ਕਿ ਹਰ ਇੱਕ ਪੁੱਤਰ ਨੂੰ ਜਿਹੜਾ ਇਬਰੀਆਂ ਦੇ ਜੰਮਣ ਨੀਲ ਨਦੀ ਵਿੱਚ ਸੁੱਟ ਦਿਓ ਪਰ ਹਰ ਇੱਕ ਧੀ ਨੂੰ ਜਿਉਂਦੀ ਰੱਖ ਲਓ।

ਕੂਚ 2 ->