5
ਰਾਜੇ ਅਤੇ ਹਾਮਾਨ ਨੂੰ ਅਸਤਰ ਦਾ ਸੱਦਾ
1 ਫਿਰ ਅਜਿਹਾ ਹੋਇਆ ਕਿ ਅਸਤਰ ਦੇ ਵਰਤ ਦੇ ਤੀਸਰੇ ਦਿਨ, ਅਸਤਰ ਸ਼ਾਹੀ ਬਸਤਰ ਪਹਿਨ ਕੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ, ਦਰਬਾਰ ਦੇ ਸਾਹਮਣੇ ਜਾ ਕੇ ਖੜ੍ਹੀ ਹੋ ਗਈ ਅਤੇ ਰਾਜਾ ਮਹਿਲ ਵਿੱਚ ਆਪਣੀ ਰਾਜ ਗੱਦੀ ਉੱਤੇ ਮਹਿਲ ਦੇ ਦਰਵਾਜ਼ੇ ਦੇ ਸਾਹਮਣੇ ਬੈਠਾ ਸੀ। 2 ਅਤੇ ਜਦ ਰਾਜਾ ਨੇ ਰਾਣੀ ਅਸਤਰ ਨੂੰ ਅੰਦਰਲੇ ਵਿਹੜੇ ਵਿੱਚ ਖੜ੍ਹੀ ਹੋਈ ਵੇਖਿਆ ਤਾਂ ਉਸ ਤੋਂ ਪ੍ਰਸੰਨ ਹੋ ਕੇ ਸੋਨੇ ਦਾ ਆੱਸਾ ਜਿਹੜਾ ਉਹ ਦੇ ਹੱਥ ਵਿੱਚ ਸੀ, ਅਸਤਰ ਵੱਲ ਵਧਾਇਆ। ਤਦ ਅਸਤਰ ਨੇ ਨਜ਼ਦੀਕ ਜਾ ਕੇ ਆੱਸੇ ਦੀ ਨੋਕ ਨੂੰ ਛੂਹਿਆ। 3 ਫਿਰ ਰਾਜਾ ਨੇ ਉਸ ਨੂੰ ਪੁੱਛਿਆ, “ਹੇ ਰਾਣੀ ਅਸਤਰ! ਤੈਨੂੰ ਕੀ ਚਾਹੀਦਾ ਹੈ? ਤੂੰ ਕੀ ਮੰਗਦੀ ਹੈਂ? ਤੇਰੇ ਆਉਣ ਦਾ ਕੀ ਕਾਰਨ ਹੈ? ਮੰਗ ਅਤੇ ਅੱਧਾ ਰਾਜ ਤੱਕ ਤੈਨੂੰ ਦੇ ਦਿੱਤਾ ਜਾਵੇਗਾ।” 4 ਅਸਤਰ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ ਤਾਂ ਅੱਜ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਉਣ ਜਿਹੜਾ ਮੈਂ ਰਾਜਾ ਦੇ ਲਈ ਤਿਆਰ ਕੀਤਾ ਹੈ।” 5 ਤਦ ਰਾਜਾ ਨੇ ਹੁਕਮ ਦਿੱਤਾ, “ਹਾਮਾਨ ਨੂੰ ਛੇਤੀ ਨਾਲ ਲੈ ਆਓ ਤਾਂ ਜੋ ਅਸੀਂ ਅਸਤਰ ਦੇ ਕਹਿਣ ਅਨੁਸਾਰ ਕਰੀਏ।” ਇਸ ਤਰ੍ਹਾਂ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਏ ਜਿਹੜਾ ਅਸਤਰ ਨੇ ਤਿਆਰ ਕੀਤਾ ਸੀ। 6 ਭੋਜਨ ਦੇ ਸਮੇਂ ਮਧ ਪੀਂਦੇ ਹੋਏ ਰਾਜਾ ਨੇ ਅਸਤਰ ਨੂੰ ਕਿਹਾ, “ਤੇਰੀ ਕੀ ਬੇਨਤੀ ਹੈ? ਉਹ ਪੂਰੀ ਕੀਤੀ ਜਾਵੇਗੀ ਅਤੇ ਤੂੰ ਕੀ ਮੰਗਦੀ ਹੈ? ਮੰਗ, ਅਤੇ ਅੱਧਾ ਰਾਜ ਤੱਕ ਤੈਨੂੰ ਦਿੱਤਾ ਜਾਵੇਗਾ!” 7 ਅਸਤਰ ਨੇ ਉੱਤਰ ਦੇ ਕੇ ਕਿਹਾ, “ਮੇਰੀ ਬੇਨਤੀ ਅਤੇ ਜੋ ਮੈਂ ਮੰਗਦੀ ਹਾਂ ਉਹ ਇਹ ਹੈ, 8 ਜੇਕਰ ਰਾਜਾ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਮੇਰੀ ਬੇਨਤੀ ਸੁਣਨਾ ਅਤੇ ਜੋ ਮੈਂ ਮੰਗਾਂ ਉਹ ਮੈਨੂੰ ਦੇਣਾ ਰਾਜਾ ਨੂੰ ਸਵੀਕਾਰ ਹੋਵੇ ਤਾਂ ਰਾਜਾ ਅਤੇ ਹਾਮਾਨ ਕੱਲ ਫਿਰ ਉਸ ਭੋਜ ਲਈ ਆਉਣ ਜਿਹੜਾ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ, ਅਤੇ ਕੱਲ ਮੈਂ ਰਾਜਾ ਦੇ ਬਚਨ ਅਨੁਸਾਰ ਆਪਣੀ ਬੇਨਤੀ ਦੱਸਾਂਗੀ।”
ਮਾਰਦਕਈ ਨੂੰ ਮਾਰ ਦੇਣ ਦੀ ਸਾਜ਼ਿਸ਼
9 ਉਸ ਦਿਨ ਹਾਮਾਨ ਬਹੁਤ ਹੀ ਅਨੰਦ ਅਤੇ ਮਗਨ ਹੋ ਕੇ ਬਾਹਰ ਨਿੱਕਲਿਆ ਪਰ ਜਦ ਉਸ ਨੇ ਮਾਰਦਕਈ ਨੂੰ ਸ਼ਾਹੀ ਫਾਟਕ ਉੱਤੇ ਵੇਖਿਆ ਕਿ ਨਾ ਤਾਂ ਉਹ ਉੱਠ ਕੇ ਖੜ੍ਹਾ ਹੋਇਆ ਅਤੇ ਨਾ ਹੀ ਹਟਿਆ ਤਾਂ ਹਾਮਾਨ ਮਾਰਦਕਈ ਦੇ ਵਿਰੁੱਧ ਗੁੱਸੇ ਨਾਲ ਭਰ ਗਿਆ। 10 ਤਾਂ ਵੀ ਹਾਮਾਨ ਨੇ ਆਪਣੇ ਆਪ ਨੂੰ ਰੋਕਿਆ ਅਤੇ ਜਦੋਂ ਆਪਣੇ ਘਰ ਆਇਆ ਤਾਂ ਉਸ ਨੇ ਆਪਣੇ ਮਿੱਤਰਾਂ ਨੂੰ ਅਤੇ ਆਪਣੀ ਪਤਨੀ ਜਰਸ਼ ਨੂੰ ਬੁਲਵਾਇਆ। 11 ਤਦ ਹਾਮਾਨ ਨੇ ਉਨ੍ਹਾਂ ਨੂੰ ਆਪਣੀ ਅਮੀਰੀ ਦਾ ਠਾਠ-ਬਾਠ ਅਤੇ ਆਪਣੇ ਪੁੱਤਰਾਂ ਦੇ ਵਾਧੇ ਬਾਰੇ ਅਤੇ ਉਹ ਸਾਰੀਆਂ ਗੱਲਾਂ ਦੱਸੀਆਂ ਕਿ ਕਿਵੇਂ ਪਾਤਸ਼ਾਹ ਨੇ ਉਸ ਨੂੰ ਵੱਡਾ ਬਣਾਇਆ ਅਤੇ ਆਪਣੇ ਸਾਰੇ ਹਾਕਮਾਂ ਅਤੇ ਸ਼ਾਹੀ ਕਰਮਚਾਰੀਆਂ ਤੋਂ ਉੱਚੀ ਪਦਵੀ ਉਸ ਨੂੰ ਦਿੱਤੀ। 12 ਹਾਮਾਨ ਨੇ ਇਹ ਵੀ ਕਿਹਾ, ਰਾਣੀ ਅਸਤਰ ਨੇ ਵੀ ਰਾਜਾ ਦੇ ਨਾਲ ਭੋਜਨ ਕਰਨ ਲਈ ਜਿਹੜਾ ਉਸ ਨੇ ਤਿਆਰ ਕੀਤਾ ਸੀ, ਮੇਰੇ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਬੁਲਾਇਆ, ਅਤੇ ਕੱਲ ਵੀ ਉਸ ਨੇ ਰਾਜਾ ਦੇ ਨਾਲ ਮੈਨੂੰ ਬੁਲਾਇਆ ਹੈ। 13 ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਮਿਲਦੀ ਜਦ ਮੈਂ ਉਸ ਯਹੂਦੀ ਮਾਰਦਕਈ ਨੂੰ ਸ਼ਾਹੀ ਫਾਟਕ ਉੱਤੇ ਬੈਠਿਆ ਹੋਇਆ ਵੇਖਦਾ ਹਾਂ। 14 ਤਦ ਉਸ ਦੀ ਪਤਨੀ ਜਰਸ਼ ਅਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਕਿਹਾ, “ਪੰਜਾਹ ਹੱਥ ਉੱਚਾ ਫਾਂਸੀ ਦਾ ਇੱਕ ਥੰਮ੍ਹ ਬਣਵਾਇਆ ਜਾਵੇ ਅਤੇ ਕੱਲ ਸਵੇਰੇ ਨੂੰ ਰਾਜਾ ਨੂੰ ਆਖੀਂ ਕਿ ਮਾਰਦਕਈ ਨੂੰ ਉਸ ਉੱਤੇ ਚੜ੍ਹਾ ਦਿੱਤਾ ਜਾਵੇ, ਤਦ ਰਾਜਾ ਦੇ ਨਾਲ ਭੋਜਨ ਕਰਨ ਲਈ ਖੁਸ਼ੀ ਨਾਲ ਜਾਵੀਂ।” ਇਹ ਗੱਲ ਹਾਮਾਨ ਨੂੰ ਚੰਗੀ ਲੱਗੀ ਅਤੇ ਉਸ ਨੇ ਫਾਂਸੀ ਲਾਉਣ ਦਾ ਇੱਕ ਥੰਮ੍ਹ ਬਣਵਾਇਆ।
<- ਅਸਤਰ 4ਅਸਤਰ 6 ->