Link to home pageLanguagesLink to all Bible versions on this site
5
ਚਾਨਣ ਦੀ ਸੰਤਾਨ ਬਣੋ
1 ਸੋ ਤੁਸੀਂ ਪਿਆਰਿਆਂ ਬਾਲਕਾਂ ਵਾਂਗੂੰ ਪਰਮੇਸ਼ੁਰ ਦੀ ਰੀਸ ਕਰੋ। 2 ਅਤੇ ਪਿਆਰ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪਿਆਰ ਕੀਤਾ, ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਭੇਟ ਅਤੇ ਬਲੀਦਾਨ ਕਰਕੇ ਸੁਗੰਧ ਦੀ ਤਰ੍ਹਾਂ ਦੇ ਦਿੱਤਾ। 3 ਜਿਵੇਂ ਸੰਤਾਂ ਨੂੰ ਯੋਗ ਹੈ ਤੁਹਾਡੇ ਵਿੱਚ ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ-ਮੰਦ ਅਥਵਾ ਲੋਭ ਦੀ ਚਰਚਾ ਵੀ ਨਾ ਹੋਵੇ। 4 ਅਤੇ ਨਾ ਬੇਸ਼ਰਮੀ, ਨਾ ਮੂਰਖਤਾ ਦੇ ਬੋਲ ਅਥਵਾ ਠੱਠੇ ਬਾਜ਼ੀ ਜੋ ਅਯੋਗ ਹਨ ਅਤੇ ਤੁਹਾਡੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਪਰ ਧੰਨਵਾਦ ਹੋਇਆ ਕਰੇ। 5 ਕਿਉਂ ਜੋ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਹਰਾਮਕਾਰ ਜਾਂ ਭਰਿਸ਼ਟ ਜਾਂ ਲੋਭੀ ਮਨੁੱਖ ਜੋ ਮੂਰਤੀ ਪੂਜਕ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਵਾਰਿਸ ਨਹੀਂ ਹੋ ਸਕਦਾ। 6 ਕੋਈ ਤੁਹਾਨੂੰ ਵਿਅਰਥ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂ ਜੋ ਇਹਨਾਂ ਦੇ ਕਾਰਨ ਪਰਮੇਸ਼ੁਰ ਦਾ ਕੋਪ ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ। 7 ਸੋ ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ। 8 ਕਿਉਂ ਜੋ ਤੁਸੀਂ ਅੱਗੇ ਹਨ੍ਹੇਰਾ ਸੀ ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ, ਸੋ ਤੁਸੀਂ ਚਾਨਣ ਦੇ ਪੁੱਤਰਾਂ ਦੀ ਤਰ੍ਹਾਂ ਚਲੋ। 9 ਕਿਉਂ ਜੋ ਚਾਨਣ ਦਾ ਫਲ ਹਰ ਤਰ੍ਹਾਂ ਦੀ ਭਲਿਆਈ, ਧਰਮ ਅਤੇ ਸਚਿਆਈ ਹੈ। 10 ਅਤੇ ਭਾਲ ਕਰੋ ਕਿ ਪਰਮੇਸ਼ੁਰ ਨੂੰ ਕਿਹੜੀਆਂ ਗੱਲਾਂ ਪਸੰਦ ਹਨ! 11 ਅਤੇ ਅਨ੍ਹੇਰੇ ਦੇ ਬੇਫਲ ਕੰਮਾਂ ਵਿੱਚ ਸਾਂਝੀ ਨਾ ਹੋਵੋ ਪਰ ਉਨ੍ਹਾਂ ਨੂੰ ਉਜਾਗਰ ਕਰੋ। 12 ਕਿਉਂਕਿ ਜਿਹੜੇ ਕੰਮ ਗੁਪਤ ਵਿੱਚ ਉਹਨਾਂ ਦੁਆਰਾ ਕੀਤੇ ਜਾਂਦੇ ਹਨ! ਉਨ੍ਹਾਂ ਦੀ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ। 13 ਪਰ ਸਾਰੇ ਕੰਮ ਜਿਹਨਾਂ ਨੂੰ ਉਜਾਗਰ ਕੀਤਾ ਜਾਂਦਾ ਹੈ ਉਹ ਸਭ ਚਾਨਣ ਦੁਆਰਾ ਪਰਗਟ ਕੀਤੇ ਜਾਂਦੇ ਹਨ, ਕਿਉਂਕਿ ਜੋ ਸਭ ਕੁਝ ਪਰਗਟ ਕਰਦਾ ਹੈ ਉਹ ਚਾਨਣ ਹੈ। 14 ਇਸ ਲਈ ਉਹ ਆਖਦਾ ਹੈ, ਹੇ ਸੌਣ ਵਾਲਿਆ, ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ! ਤਾਂ ਮਸੀਹ ਦਾ ਚਾਨਣ ਤੇਰੇ ਉੱਤੇ ਚਮਕੇਗਾ। 15 ਸੋ ਚੌਕਸੀ ਨਾਲ ਵੇਖੋ ਤੁਸੀਂ ਕਿਹੋ ਜਿਹੀ ਚਾਲ ਚੱਲਦੇ ਹੋ, ਨਿਰਬੁੱਧਾਂ ਵਾਂਗੂੰ ਨਹੀਂ, ਸਗੋਂ ਬੁੱਧਵਾਨਾਂ ਵਾਂਗੂੰ। 16 ਸਮੇਂ ਦਾ ਸਹੀ ਉਪਯੋਗ ਕਰੋ ਕਿਉਂ ਜੋ ਦਿਨ ਬੁਰੇ ਹਨ। 17 ਇਸ ਕਾਰਨ ਤੁਸੀਂ ਨਿਰਬੁੱਧ ਨਾ ਹੋਵੋ, ਸਗੋਂ ਸਮਝੋ ਕਿ ਪ੍ਰਭੂ ਦੀ ਕੀ ਮਰਜ਼ੀ ਹੈ। 18 ਅਤੇ ਸ਼ਰਾਬ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ। 19 ਅਤੇ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾ ਕੇ ਇੱਕ ਦੂਜੇ ਨਾਲ ਗੱਲਾਂ ਕਰੋ ਅਤੇ ਮਨ ਲਗਾ ਕੇ ਪ੍ਰਭੂ ਲਈ ਗਾਉਂਦੇ ਵਜਾਉਂਦੇ ਰਿਹਾ ਕਰੋ। 20 ਅਤੇ ਸਭਨਾਂ ਗੱਲਾਂ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪਰਮੇਸ਼ੁਰ ਪਿਤਾ ਦਾ ਸਦਾ ਧੰਨਵਾਦ ਕਰੋ।
ਮਸੀਹੀ ਪਰਿਵਾਰ ਲਈ ਹਦਾਇਤਾਂ
21 ਅਤੇ ਮਸੀਹ ਦੇ ਡਰ ਵਿੱਚ ਇੱਕ ਦੂਜੇ ਦੇ ਅਧੀਨ ਰਹੋ। 22 ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਅਧੀਨ ਹੋ। 23 ਕਿਉਂ ਜੋ ਪਤੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਵੀ ਕਲੀਸਿਯਾ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ। 24 ਇਸ ਲਈ, ਜਿਵੇਂ ਕਲੀਸਿਯਾ ਮਸੀਹ ਦੇ ਅਧੀਨ ਹੈ, ਇਸੇ ਤਰ੍ਹਾਂ ਪਤਨੀਆਂ ਵੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਰਹਿਣ। 25 ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਰੱਖੋ, ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ। 26 ਪਰਮੇਸ਼ੁਰ ਦੇ ਬਚਨ ਦੇ ਰਾਹੀਂ ਜਲ ਦੇ ਇਸ਼ਨਾਨ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। 27 ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪਰਤਾਪਵਾਨ ਕਲੀਸਿਯਾ ਤਿਆਰ ਕਰੇ ਜਿਹ ਦੇ ਵਿੱਚ ਕਲੰਕ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ। 28 ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪਿਆਰ ਰੱਖਣ ਜਿਵੇਂ ਆਪਣੇ ਸਰੀਰਾਂ ਨਾਲ ਰੱਖਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ ਉਹ ਆਪਣੇ ਹੀ ਨਾਲ ਪਿਆਰ ਕਰਦਾ ਹੈ। 29 ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ ਪਾਲਦਾ ਪਲੋਸਦਾ ਹੈ। 30 ਕਿਉਂ ਜੋ ਅਸੀਂ ਉਸ ਦੀ ਦੇਹੀ ਦੇ ਅੰਗ ਹਾਂ। 31 ਇਸ ਕਰਕੇ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। 32 ਇਹ ਭੇਤ ਤਾਂ ਵੱਡਾ ਹੈ ਪਰ ਮੈਂ ਮਸੀਹ ਅਤੇ ਕਲੀਸਿਯਾ ਵਿਖੇ ਬੋਲਦਾ ਹਾਂ। 33 ਪਰ ਤੁਹਾਡੇ ਵਿੱਚੋਂ ਵੀ ਹਰੇਕ ਆਪੋ-ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪਿਆਰ ਕਰੇ, ਅਤੇ ਪਤਨੀ ਆਪਣੇ ਪਤੀ ਦਾ ਆਦਰ ਕਰੇ।

<- ਅਫ਼ਸੀਆਂ ਨੂੰ 4ਅਫ਼ਸੀਆਂ ਨੂੰ 6 ->