Link to home pageLanguagesLink to all Bible versions on this site

ਆਮੋਸ
ਲੇਖਕ
ਆਮੋਸ 1:1 ਪੁਸਤਕ ਦੇ ਲੇਖਕ ਦੀ ਪਛਾਣ ਨਬੀ ਆਮੋਸ ਦੇ ਤੌਰ ਤੇ ਕਰਦੀ ਹੈ। ਨਬੀ ਆਮੋਸ ਤਕੋਆਹ ਵਿੱਚ ਚਰਵਾਹਿਆਂ ਦੇ ਇੱਕ ਸਮੂਹ ਵਿੱਚ ਰਹਿੰਦਾ ਸੀ। ਆਮੋਸ ਨੇ ਆਪਣੀਆਂ ਲਿਖਤਾਂ ਵਿਚ ਸਪੱਸ਼ਟ ਕੀਤਾ ਕਿ ਉਹ ਨਬੀਆਂ ਦੇ ਪਰਿਵਾਰ ਵਿੱਚੋਂ ਨਹੀਂ ਆਇਆ ਸੀ ਅਤੇ ਨਾ ਹੀ ਉਸਨੇ ਆਪਣੇ ਆਪ ਨੂੰ ਇੱਕ ਸਮਝਿਆ। ਪਰਮੇਸ਼ੁਰ ਨੇ ਟਿੱਡੀਆਂ ਅਤੇ ਅੱਗ ਨਾਲ ਸਜ਼ਾ ਦੀ ਧਮਕੀ ਦਿੱਤੀ ਸੀ, ਪਰ ਆਮੋਸ ਦੀਆਂ ਪ੍ਰਾਰਥਨਾਵਾਂ ਨੇ ਇਸਰਾਏਲ ਨੂੰ ਬਚਾ ਲਿਆ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 760-750 ਈ. ਪੂ. ਦੇ ਵਿਚਕਾਰ ਲਿਖੀ ਗਈ।
ਆਮੋਸ ਨੇ ਉੱਤਰੀ ਰਾਜ ਇਸਰਾਏਲ ਵਿੱਚ ਬੈਤਏਲ ਅਤੇ ਸਾਮਰਿਯਾ ਤੋਂ ਪ੍ਰਚਾਰ ਕੀਤਾ।
ਪ੍ਰਾਪਤ ਕਰਤਾ
ਆਮੋਸ ਦੇ ਮੂਲ ਦਰਸ਼ਕ ਇਸਰਾਏਲ ਦਾ ਉੱਤਰੀ ਰਾਜ ਅਤੇ ਬਾਈਬਲ ਦੇ ਭਵਿੱਖ ਦੇ ਪਾਠਕ ਸਨ।
ਉਦੇਸ਼
ਪਰਮੇਸ਼ੁਰ ਹੰਕਾਰ ਤੋਂ ਨਫ਼ਰਤ ਕਰਦਾ ਹੈ। ਲੋਕ ਵਿਸ਼ਵਾਸ ਕਰਨ ਲੱਗੇ ਕਿ ਉਹ ਸਵੈ-ਨਿਰਭਰ ਸਨ ਅਤੇ ਇਹ ਭੁੱਲ ਗਏ ਕਿ ਜੋ ਕੁਝ ਉਨ੍ਹਾਂ ਕੋਲ ਹੈ, ਉਹ ਸਭ ਪਰਮੇਸ਼ੁਰ ਵੱਲੋਂ ਸੀ। ਪਰਮੇਸ਼ੁਰ ਸਾਰੇ ਲੋਕਾਂ ਦੀ ਕਦਰ ਕਰਦਾ ਹੈ ਅਤੇ ਗਰੀਬਾਂ ਨਾਲ ਹੁੰਦੇ ਬੁਰੇ ਸਲੂਕ ਬਾਰੇ ਚੇਤਾਵਨੀ ਦਿੰਦਾ ਹੈ। ਅਖ਼ੀਰ ਵਿਚ, ਪਰਮੇਸ਼ੁਰ ਸੱਚੇ ਦਿਲੋਂ ਅਰਾਧਨਾ ਦੀ ਮੰਗ ਕਰਦਾ ਹੈ, ਅਤੇ ਅਜਿਹੇ ਵਰਤਾਉ ਦੀ ਜੋ ਉਸ ਨੂੰ ਸਨਮਾਨ ਦਿੰਦਾ ਹੈ। ਆਮੋਸ ਦੇ ਜ਼ਰੀਏ ਪਰਮੇਸ਼ੁਰ ਦਾ ਬਚਨ ਇਸਰਾਏਲ ਦੇ ਭਾਗਵਾਨ ਲੋਕਾਂ ਦੇ ਵਿਰੁੱਧ ਸੀ, ਅਜਿਹੇ ਲੋਕ ਜਿਨ੍ਹਾਂ ਦੇ ਅੰਦਰ ਆਪਣੇ ਗੁਆਂਢੀ ਲਈ ਪਿਆਰ ਨਹੀਂ ਸੀ, ਜੋ ਦੂਜਿਆਂ ਦਾ ਫ਼ਾਇਦਾ ਚੁੱਕਦੇ ਸਨ, ਅਤੇ ਜੋ ਸਿਰਫ਼ ਆਪਣੀਆਂ ਹੀ ਚਿੰਤਾਵਾਂ ਬਾਰੇ ਸੋਚਦੇ ਸਨ।
ਵਿਸ਼ਾ-ਵਸਤੂ
ਨਿਆਂ
ਰੂਪ-ਰੇਖਾ
1. ਦੇਸਾਂ ਦਾ ਵਿਨਾਸ਼ — 1:1-2:16
2. ਭਵਿੱਖਬਾਣੀ ਲਈ ਬੁਲਾਹਟ — 3:1-8
3. ਇਸਰਾਏਲ ਦਾ ਨਿਆਂ — 3:9-9:10
4. ਬਹਾਲੀ — 9:11-15

1 ਆਮੋਸ ਦੇ ਬਚਨ, ਜਿਹੜੀ ਤਕੋਆਹ ਸ਼ਹਿਰ ਦੇ ਚਰਵਾਹਿਆਂ ਵਿੱਚੋਂ ਸੀ, ਜਿਸ ਦਾ ਉਸ ਨੇ ਇਸਰਾਏਲ ਦੇ ਵਿਖੇ ਦਰਸ਼ਣ ਪਾਇਆ। ਇਹ ਯਹੂਦਾਹ ਦੇ ਰਾਜੇ ਉੱਜ਼ੀਯਾਹ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤਰ ਯਾਰਾਬੁਆਮ, ਇਸਰਾਏਲ ਦੇ ਰਾਜੇ ਦੇ ਦਿਨਾਂ ਵਿੱਚ ਭੁਚਾਲ ਤੋਂ ਦੋ ਸਾਲ ਪਹਿਲਾਂ ਹੋਇਆ।

2 ਉਸ ਨੇ ਕਿਹਾ, “ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣਾ ਸ਼ਬਦ ਸੁਣਾਵੇਗਾ, ਤਾਂ ਚਰਵਾਹਿਆਂ ਦੀਆਂ ਚਾਰਗਾਹਾਂ ਸੋਗ ਕਰਨਗੀਆਂ ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ।”

ਇਸਰਾਏਲ ਦੇ ਗੁਆਂਢੀ ਰਾਜਾਂ ਦਾ ਨਿਆਂ
ਅਰਾਮ
3 ਯਹੋਵਾਹ ਇਹ ਫ਼ਰਮਾਉਂਦਾ ਹੈ, “ਦੰਮਿਸ਼ਕ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਗਿਲਆਦ ਦੇਸ ਨੂੰ ਲੋਹੇ ਦੇ ਸੰਦਾਂ ਨਾਲ ਕੁਚਲਿਆ ਹੈ। 4 ਇਸ ਲਈ ਮੈਂ ਹਜ਼ਾਏਲ ਰਾਜਾ ਦੇ ਮਹਿਲ ਵਿੱਚ ਅੱਗ ਭੇਜਾਂਗਾ ਅਤੇ ਉਹ ਬਨ-ਹਦਦ ਰਾਜਾ ਦੇ ਗੜ੍ਹਾਂ ਨੂੰ ਵੀ ਭਸਮ ਕਰੇਗੀ। 5 ਮੈਂ ਦੰਮਿਸ਼ਕ ਦੇ ਅਰਲਾਂ ਨੂੰ ਤੋੜ ਦਿਆਂਗਾ ਅਤੇ ਮੈਂ ਆਵਨ ਦੀ ਘਾਟੀ ਦੇ ਵਾਸੀਆਂ*ਰਾਜੇ ਨੂੰ ਅਤੇ ਬੈਤ ਅਦਨ ਦੇ ਘਰਾਣੇ ਤੋਂ ਸ਼ਾਹੀ ਆੱਸਾ ਫੜਨ ਵਾਲੇ ਨੂੰ ਨਾਸ ਕਰਾਂਗਾ ਅਤੇ ਅਰਾਮ ਦੇ ਲੋਕ ਗ਼ੁਲਾਮ ਹੋ ਕੇ ਕੀਰ ਨੂੰ ਜਾਣਗੇ,” ਯਹੋਵਾਹ ਦੀ ਇਹੋ ਬਾਣੀ ਹੈ।
ਫ਼ਲਿਸਤ
6 ਯਹੋਵਾਹ ਇਹ ਫ਼ਰਮਾਉਂਦਾ ਹੈ, “ਅੱਜ਼ਾਹ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹ ਇੱਕ ਪੂਰੀ ਕੌਮ ਨੂੰ ਗ਼ੁਲਾਮੀ ਵਿੱਚ ਲੈ ਗਏ ਤਾਂ ਜੋ ਉਨ੍ਹਾਂ ਨੂੰ ਅਦੋਮ ਦੇ ਹਵਾਲੇ ਕਰਨ। 7 ਇਸ ਲਈ ਮੈਂ ਅੱਜ਼ਾਹ ਸ਼ਹਿਰ ਦੀ ਸ਼ਹਿਰਪਨਾਹ ਉੱਤੇ ਅੱਗ ਭੇਜਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ। 8 ਮੈਂ ਅਸ਼ਦੋਦ ਦੇ ਵਾਸੀਆਂ ਨੂੰ ਅਤੇ ਅਸ਼ਕਲੋਨ ਤੋਂ ਸ਼ਾਹੀ ਆੱਸਾ ਫੜਨ ਵਾਲੇ ਨੂੰ ਨਾਸ ਕਰਾਂਗਾ, ਮੈਂ ਅਕਰੋਨ ਦੇ ਵਿਰੁੱਧ ਆਪਣਾ ਹੱਥ ਚਲਾਵਾਂਗਾ ਅਤੇ ਫ਼ਲਿਸਤੀਆਂ ਦੇ ਬਚੇ ਹੋਏ ਲੋਕ ਨਾਸ ਹੋ ਜਾਣਗੇ,” ਪ੍ਰਭੂ ਯਹੋਵਾਹ ਦੀ ਇਹੋ ਬਾਣੀ ਹੈ।
ਸੂਰ
9 ਯਹੋਵਾਹ ਇਹ ਫ਼ਰਮਾਉਂਦਾ ਹੈ, “ਸੂਰ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ ਕਿਉਂ ਜੋ ਉਨ੍ਹਾਂ ਨੇ ਇੱਕ ਪੂਰੀ ਕੌਮ ਨੂੰ ਅਦੋਮ ਦੇ ਹਵਾਲੇ ਕਰ ਦਿੱਤਾ ਅਤੇ ਭਾਈਚਾਰੇ ਦਾ ਨੇਮ ਯਾਦ ਨਾ ਰੱਖਿਆ। 10 ਇਸ ਲਈ ਮੈਂ ਸੂਰ ਦੀ ਸ਼ਹਿਰਪਨਾਹ ਉੱਤੇ ਅੱਗ ਭੇਜਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ।”
ਅਦੋਮ
11 ਯਹੋਵਾਹ ਇਹ ਫ਼ਰਮਾਉਂਦਾ ਹੈ, “ਅਦੋਮ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ ਅਤੇ ਆਪਣੀ ਦਯਾ ਨੂੰ ਛੱਡ ਦਿੱਤਾ, ਉਸ ਦਾ ਕ੍ਰੋਧ ਸਦਾ ਭੜਕਿਆ ਹੀ ਰਿਹਾ, ਅਤੇ ਉਸ ਨੇ ਆਪਣਾ ਕਹਿਰ ਸਦਾ ਲਈ ਰੱਖ ਛੱਡਿਆ। 12 ਇਸ ਲਈ ਮੈਂ ਤੇਮਾਨ ਸ਼ਹਿਰ ਉੱਤੇ ਅੱਗ ਭੇਜਾਂਗਾ ਅਤੇ ਉਹ ਬਾਸਰਾਹ ਸ਼ਹਿਰ ਦੇ ਗੜ੍ਹਾਂ ਨੂੰ ਭਸਮ ਕਰੇਗੀ।”
ਅੰਮੋਨ
13 ਯਹੋਵਾਹ ਇਹ ਫ਼ਰਮਾਉਂਦਾ ਹੈ, “ਅੰਮੋਨੀਆਂ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਆਪਣੀ ਹੱਦ ਵਧਾਉਣ ਲਈ ਗਿਲਆਦ ਦੀਆਂ ਗਰਭਵਤੀਆਂ ਨੂੰ ਚੀਰ ਦਿੱਤਾ। 14 ਮੈਂ ਰੱਬਾਹ ਸ਼ਹਿਰ ਦੀ ਸ਼ਹਿਰਪਨਾਹ ਵਿੱਚ ਅੱਗ ਲਾਵਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ। ਯੁੱਧ ਦੇ ਦਿਨ ਲਲਕਾਰ ਹੋਵੇਗੀ ਸਗੋਂ ਵਾਵਰੋਲੇ ਅਤੇ ਤੂਫ਼ਾਨ ਦਾ ਇੱਕ ਦਿਨ ਹੋਵੇਗਾ। 15 ਉਨ੍ਹਾਂ ਦਾ ਰਾਜਾ ਆਪਣੇ ਹਾਕਮਾਂ ਸਮੇਤ ਗ਼ੁਲਾਮੀ ਵਿੱਚ ਜਾਵੇਗਾ, ਯਹੋਵਾਹ ਦੀ ਇਹੋ ਬਾਣੀ ਹੈ।”

ਆਮੋਸ 2 ->