11
ਪਤਰਸ ਆਪਣੇ ਕੰਮ ਦੀ ਵਿਆਖਿਆ ਕਰਦਾ ਹੈ
1 ਰਸੂਲਾਂ ਅਤੇ ਭਰਾਵਾਂ ਨੇ ਜੋ ਯਹੂਦਿਯਾ ਵਿੱਚ ਸਨ, ਸੁਣਿਆ ਕਿ ਪਰਾਈਆਂ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ੁਰ ਦਾ ਬਚਨ ਮੰਨ ਲਿਆ ਹੈ। 2 ਅਤੇ ਜਦੋਂ ਪਤਰਸ ਯਰੂਸ਼ਲਮ ਵਿੱਚ ਆਇਆ, ਤਦ ਉਹ ਜਿਹੜੇ ਸੁੰਨਤੀਆਂ ਵਿੱਚੋਂ ਸਨ 3 ਉਹ ਦੇ ਨਾਲ ਇਹ ਕਹਿ ਕੇ ਲੜਨ ਲੱਗੇ, ਕਿ ਤੂੰ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ! 4 ਤਦ ਪਤਰਸ ਸ਼ੁਰੂ ਤੋਂ, ਜੋ ਹੋਇਆ ਸੀ, ਤਿਵੇਂ ਉਨ੍ਹਾਂ ਦੇ ਅੱਗੇ ਬਿਆਨ ਕਰਕੇ ਕਹਿਣ ਲੱਗਾ 5 ਕਿ ਮੈਂ ਯਾਪਾ ਦੇ ਨਗਰ ਵਿੱਚ ਪ੍ਰਾਰਥਨਾ ਕਰਦਾ ਸੀ ਅਤੇ ਬੇਹੋਸ਼ੀ ਵਿੱਚ ਦਰਸ਼ਣ ਵੇਖਿਆ, ਕਿ ਇੱਕ ਚੀਜ਼, ਵੱਡੀ ਚਾਦਰ ਦੇ ਸਮਾਨ, ਜਿਸ ਦੇ ਚਾਰ ਪੱਲੇ ਸਨ ਅਕਾਸ਼ ਤੋਂ ਧਰਤੀ ਦੀ ਵੱਲ ਉਤਰਦੀ ਮੇਰੇ ਕੋਲ ਆਈ। 6 ਜਦੋਂ ਮੈਂ ਉਹ ਦੀ ਵੱਲ ਧਿਆਨ ਦਿੱਤਾ ਤਾਂ ਧਰਤੀ ਦੇ ਚੌਪਾਏ ਅਤੇ ਜੰਗਲੀ ਜਾਨਵਰ, ਘਿੱਸਰਨ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਵੇਖੇ, 7 ਅਤੇ ਮੈਂ ਇੱਕ ਅਵਾਜ਼ ਵੀ ਸੁਣੀ ਜੋ ਮੈਨੂੰ ਆਖਦੀ ਸੀ, ਹੇ ਪਤਰਸ ਉੱਠ, ਮਾਰ ਅਤੇ ਖਾ। 8 ਪਰ ਮੈਂ ਆਖਿਆ, ਨਾ ਪ੍ਰਭੂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਜੋ ਕੋਈ ਅਸ਼ੁੱਧ ਜਾਂ ਬੁਰੀ ਚੀਜ਼ ਮੈਂ ਕਦੇ ਨਹੀਂ ਖਾਧੀ! 9 ਅਤੇ ਦੂਜੀ ਵਾਰ ਅਕਾਸ਼ ਤੋਂ ਅਵਾਜ਼ ਆਈ ਕਿ ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ। 10 ਇਸ ਤਰ੍ਹਾਂ ਤਿੰਨ ਵਾਰੀ ਹੋਇਆ ਅਤੇ ਉਹ ਸਭ ਕੁਝ ਫੇਰ ਅਕਾਸ਼ ਵੱਲ ਖਿੱਚਿਆ ਗਿਆ। 11 ਅਤੇ ਵੇਖੋ ਕਿ ਉਸੇ ਵੇਲੇ ਉਸ ਘਰ ਦੇ ਅੱਗੇ ਜਿੱਥੇ ਅਸੀਂ ਠਹਿਰੇ ਹੋਏ ਸੀ, ਤਿੰਨ ਮਨੁੱਖ ਆ ਖੜੇ ਹੋਏ, ਜਿਹੜੇ ਕੈਸਰਿਯਾ ਤੋਂ ਮੇਰੇ ਕੋਲ ਭੇਜੇ ਗਏ ਸਨ। 12 ਅਤੇ ਆਤਮਾ ਨੇ ਮੈਨੂੰ ਕਿਹਾ ਕਿ ਤੂੰ ਉਨ੍ਹਾਂ ਦੇ ਨਾਲ ਬੇਝਿਝਕ ਚੱਲਿਆ ਜਾ ਅਤੇ ਇਹ ਛੇ ਭਾਈ ਵੀ ਮੇਰੇ ਨਾਲ ਤੁਰ ਪਏ ਅਤੇ ਅਸੀਂ ਉਸ ਮਨੁੱਖ ਦੇ ਘਰ ਜਾ ਵੜੇ। 13 ਤਦ ਉਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਦੂਤ ਨੂੰ ਖੜੇ ਵੇਖਿਆ, ਜਿਸ ਨੇ ਆਖਿਆ ਯਾਪਾ ਵੱਲ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ, ਬੁਲਵਾ ਲੈ। 14 ਉਹ ਤੈਨੂੰ ਅਜਿਹੀਆਂ ਗੱਲਾਂ ਸੁਣਾਵੇਗਾ ਜਿਨ੍ਹਾਂ ਤੋਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਏ ਜਾਓਗੇ। 15 ਅਤੇ ਜਦੋਂ ਮੈਂ ਗੱਲਾਂ ਕਰਨ ਲੱਗਾ ਤਾਂ ਪਵਿੱਤਰ ਆਤਮਾ ਉਨ੍ਹਾਂ ਤੇ ਉਤਰਿਆ, ਜਿਸ ਤਰ੍ਹਾਂ ਪਹਿਲਾਂ ਸਾਡੇ ਉੱਤੇ ਉਤਰਿਆ ਸੀ। 16 ਤਦ ਮੈਨੂੰ ਪ੍ਰਭੂ ਦਾ ਬਚਨ ਚੇਤੇ ਆਇਆ ਕਿ ਕਿਸ ਤਰ੍ਹਾਂ ਉਹ ਨੇ ਆਖਿਆ ਸੀ ਕਿ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ। 17 ਇਸ ਲਈ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਦਾਤ ਦਿੱਤੀ ਜਿਸ ਤਰ੍ਹਾਂ ਦੀ ਸਾਨੂੰ ਵੀ ਦਿੱਤੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕੀਤਾ ਤਾਂ ਫੇਰ ਮੈਂ ਕੌਣ ਸੀ ਜੋ ਪਰਮੇਸ਼ੁਰ ਨੂੰ ਰੋਕ ਸਕਦਾ? 18 ਜਦੋਂ ਉਨ੍ਹਾਂ ਇਹ ਗੱਲਾਂ ਸੁਣੀਆਂ ਤਾਂ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ, ਫਿਰ ਤਾਂ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਵੀ ਜੀਵਨ ਲਈ ਤੋਬਾ ਦੀ ਦਾਤ ਬਖ਼ਸ਼ੀ ਹੈ!।
ਅੰਤਾਕਿਯਾ ਦੀ ਕਲੀਸਿਯਾ
19 ਉਪਰੰਤ ਉਹ ਲੋਕ ਜਿਹੜੇ ਉਸ ਬਿਪਤਾ ਤੋਂ ਜੋ ਇਸਤੀਫ਼ਾਨ ਦੇ ਕਾਰਨ ਹੋਈ ਸੀ ਤਿੱਤਰ-ਬਿੱਤਰ ਹੋ ਗਏ ਸਨ, ਉਹ ਫ਼ੈਨੀਕੇ, ਕੁਪਰੁਸ ਅਤੇ ਅੰਤਾਕਿਯਾ ਤੱਕ ਫਿਰਦਿਆਂ ਹੋਇਆਂ ਯਹੂਦੀਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ। 20 ਪਰ ਉਨ੍ਹਾਂ ਵਿੱਚੋਂ ਕਈ ਕੁਪਰੁਸ ਅਤੇ ਕੁਰੇਨੇ ਦੇ ਮਨੁੱਖ ਸਨ, ਜਿਨ੍ਹਾਂ ਅੰਤਾਕਿਯਾ ਵਿੱਚ ਆ ਕੇ ਪ੍ਰਭੂ ਯਿਸੂ ਦੀ ਖੁਸ਼ਖਬਰੀ ਸੁਣਾਉਂਦੇ ਹੋਏ ਯੂਨਾਨੀਆਂ ਨਾਲ ਵੀ ਗੱਲਾਂ ਕੀਤੀਆਂ। 21 ਅਤੇ ਪ੍ਰਭੂ ਦਾ ਹੱਥ ਉਨ੍ਹਾਂ ਦੇ ਨਾਲ ਸੀ ਅਤੇ ਬਹੁਤ ਲੋਕ ਵਿਸ਼ਵਾਸ ਕਰ ਕੇ ਪ੍ਰਭੂ ਵੱਲ ਮੁੜੇ। 22 ਉਨ੍ਹਾਂ ਦੀ ਖ਼ਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੱਕ ਪਹੁੰਚੀ। ਤਾਂ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਤੱਕ ਭੇਜਿਆ। 23 ਸੋ ਜਦੋਂ ਉਹ ਉੱਥੇ ਪਹੁੰਚਿਆ ਅਤੇ ਪਰਮੇਸ਼ੁਰ ਦੀ ਕਿਰਪਾ ਵੇਖੀ ਤਾਂ ਅਨੰਦ ਹੋਇਆ, ਉਨ੍ਹਾਂ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਦਿਲ ਤੋਂ ਪ੍ਰਭੂ ਵਿੱਚ ਵਧਦੇ ਜਾਓ। 24 ਕਿਉਂਕਿ ਉਹ ਭਲਾ ਮਨੁੱਖ, ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਸੀ, ਬਹੁਤ ਸਾਰੇ ਲੋਕ ਪ੍ਰਭੂ ਦੇ ਨਾਲ ਮਿਲ ਗਏ। 25 ਤਦ ਉਹ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ। 26 ਅਤੇ ਉਹ ਨੂੰ ਲੱਭ ਕੇ ਅੰਤਾਕਿਯਾ ਵਿੱਚ ਲਿਆਇਆ ਅਤੇ ਇਸ ਤਰ੍ਹਾਂ ਹੋਇਆ ਜੋ ਉਹ ਪੂਰਾ ਇੱਕ ਸਾਲ ਕਲੀਸਿਯਾ ਦੇ ਨਾਲ ਇਕੱਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੱਤਾ ਅਤੇ ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਚੇਲੇ ਮਸੀਹੀ ਅਖਵਾਏ।
27 ਉਹਨਾਂ ਦਿਨਾਂ ਵਿੱਚ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ। 28 ਇੱਕ ਨੇ ਉਨ੍ਹਾਂ ਵਿੱਚੋਂ ਜਿਸ ਦਾ ਨਾਮ ਆਗਬੁਸ ਸੀ, ਉੱਠ ਕੇ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨੀਆਂ ਵਿੱਚ ਇੱਕ ਵੱਡਾ ਕਾਲ ਪਵੇਗਾ ਜਿਹੜਾ ਕਲੌਦਿਯੁਸ ਦੇ ਸਮੇਂ ਵਿੱਚ ਪੈ ਗਿਆ। 29 ਅਤੇ ਚੇਲਿਆਂ ਵਿੱਚੋਂ ਹਰੇਕ ਨੇ ਆਪੋ-ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਰਾਵਾਂ ਦੀ ਮਦਦ ਲਈ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ ਕੁਝ ਭੇਜਣ ਦਾ ਹੌਂਸਲਾ ਕੀਤਾ। 30 ਸੋ ਉਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ, ਬਰਨਬਾਸ ਅਤੇ ਸੌਲੁਸ ਦੇ ਹੱਥੀਂ ਬਜ਼ੁਰਗਾਂ ਦੇ ਕੋਲ ਉਹ ਸਭ ਕੁਝ ਭੇਜਿਆ।
<- ਰਸੂਲਾਂ ਦੇ ਕਰਤੱਬ 10ਰਸੂਲਾਂ ਦੇ ਕਰਤੱਬ 12 ->