Link to home pageLanguagesLink to all Bible versions on this site
2
ਪਾਪ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ
1 ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਅਤੇ ਸਾਡੇ ਉਸ ਕੋਲ ਇਕੱਠਿਆਂ ਹੋਣ ਦੇ ਬਾਰੇ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ। 2 ਜੋ ਤੁਸੀਂ ਕਿਸੇ ਆਤਮਾ, ਬਚਨ ਜਾਂ ਸਾਡੇ ਨਾਮ ਦੀ ਨਕਲੀ ਪੱਤ੍ਰੀ ਤੋਂ ਆਪਣੇ ਮਨੋਂ ਛੇਤੀ ਨਾ ਡੋਲੋ, ਨਾ ਘਬਰਾਓ ਜੋ ਸਮਝੋ ਕਿ ਪ੍ਰਭੂ ਦਾ ਦਿਨ ਆਉਣ ਵਾਲਾ ਹੈ! 3 ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਿੰਨਾਂ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਪਾਪ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ ਪਰਗਟ ਨਾ ਹੋ ਜਾਵੇ। 4 ਜੋ ਮਸੀਹ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਜਾਂ ਪੂਜਿਆ ਜਾਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੱਕ ਕਿ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਵਾਂਗੂੰ ਵਿਖਾਉਂਦਾ ਹੈ। 5 ਕੀ ਤੁਹਾਨੂੰ ਚੇਤੇ ਨਹੀਂ ਕਿ ਜਦੋਂ ਮੈਂ ਤੁਹਾਡੇ ਕੋਲ ਸੀ, ਮੈਂ ਤੁਹਾਨੂੰ ਇਹ ਗੱਲਾਂ ਨਹੀਂ ਆਖੀਆਂ ਸਨ? 6 ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਉਸ ਨੂੰ ਰੋਕ ਰਿਹਾ ਹੈ ਕਿ ਉਹ ਆਪਣੇ ਸਮੇਂ ਸਿਰ ਪਰਗਟ ਹੋਵੇ। 7 ਕੁਧਰਮ ਅਰਥਾਤ ਪਾਪ ਦਾ ਭੇਤ ਹੁਣ ਵੀ ਕੰਮ ਕਰੀ ਜਾਂਦਾ ਹੈ ਪਰ ਹੁਣ ਇੱਕ ਰੋਕਣ ਵਾਲਾ ਹੈ ਅਤੇ ਜਦੋਂ ਤੱਕ ਉਹ ਦੂਰ ਨਾ ਹੋ ਜਾਵੇ, ਉਹ ਰੁੱਕਿਆ ਰਹੇਗਾ। 8 ਤਦ ਉਹ ਕੁਧਰਮੀ ਪਰਗਟ ਹੋਵੇਗਾ, ਜਿਸ ਨੂੰ ਪ੍ਰਭੂ ਯਿਸੂ ਆਪਣੇ ਮੂੰਹ ਦੀ ਫੂਕ ਨਾਲ ਮਾਰ ਸੁੱਟੇਗਾ ਅਤੇ ਆਪਣੇ ਆਉਣ ਦੇ ਪਰਕਾਸ਼ ਨਾਲ ਨਾਸ ਕਰੇਗਾ। 9 ਉਸ ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮਾਂ ਦੇ ਅਨੁਸਾਰ ਹਰ ਪਰਕਾਰ ਦੀ ਸਮਰੱਥਾ, ਝੂਠੀਆਂ ਨਿਸ਼ਾਨੀਆਂ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨਾਲ ਹੋਵੇਗਾ। 10 ਨਾਲੇ ਉਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ, ਕੁਧਰਮ ਦੇ ਹਰ ਪ੍ਰਕਾਰ ਦੇ ਧੋਖੇ ਨਾਲ ਹੋਵੇਗਾ, ਇਸ ਕਾਰਨ ਜੋ ਉਹਨਾਂ ਨੇ ਸਚਿਆਈ ਦੇ ਬਚਨ ਨੂੰ ਕਬੂਲ ਨਾ ਕੀਤਾ ਜਿਸ ਤੋਂ ਉਹਨਾਂ ਦੀ ਮੁਕਤੀ ਹੋ ਸਕਦੀ ਸੀ। 11 ਇਸ ਲਈ ਪਰਮੇਸ਼ੁਰ ਉਨ੍ਹਾਂ ਉੱਤੇ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ। 12 ਅਤੇ ਉਹ ਸਾਰੇ ਦੋਸ਼ੀ ਠਹਿਰਣ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਸਗੋਂ ਝੂਠ ਉੱਤੇ ਪਰਸੰਨ ਰਹੇ।
ਦ੍ਰਿੜ੍ਹ ਬਣੇ ਰਹੋ
13 ਪਰ ਹੇ ਭਰਾਵੋ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਜੋ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੀਏ ਕਿਉਂਕਿ ਪਰਮੇਸ਼ੁਰ ਨੇ ਆਦ ਤੋਂ ਹੀ ਤੁਹਾਨੂੰ ਚੁਣ ਲਿਆ ਜੋ ਆਤਮਾ ਤੋਂ ਪਵਿੱਤਰ ਹੋ ਕੇ ਅਤੇ ਸਚਿਆਈ ਤੇ ਵਿਸ਼ਵਾਸ ਕਰਕੇ ਮੁਕਤੀ ਪਾਓ। 14 ਜਿਸ ਦੇ ਲਈ ਉਸ ਨੇ ਤੁਹਾਨੂੰ ਸਾਡੀ ਖੁਸ਼ਖਬਰੀ ਦੇ ਰਾਹੀਂ ਸੱਦਿਆ ਕਿ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਪ੍ਰਾਪਤ ਹੋਵੇ। 15 ਸੋ ਇਸ ਕਾਰਨ ਹੇ ਭਰਾਵੋ, ਕਾਇਮ ਰਹੋ ਅਤੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਤੁਸੀਂ ਭਾਵੇਂ ਜ਼ੁਬਾਨੀ ਭਾਵੇਂ ਸਾਡੀ ਪੱਤ੍ਰੀ ਤੋਂ ਸਿੱਖੀਆਂ ਫੜ੍ਹੀ ਰੱਖੋ। 16 ਹੁਣ ਸਾਡਾ ਪ੍ਰਭੂ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਉੱਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਚੰਗੀ ਆਸ ਦਿੱਤੀ। 17 ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਤੁਹਾਨੂੰ ਹਰੇਕ ਭਲੇ ਕੰਮ ਅਤੇ ਬਚਨ ਵਿੱਚ ਮਜ਼ਬੂਤ ਕਰੇ।

<- ਥੱਸਲੁਨੀਕੀਆ ਨੂੰ ਦੂਜੀ ਪੱਤ੍ਰੀ 1ਥੱਸਲੁਨੀਕੀਆ ਨੂੰ ਦੂਜੀ ਪੱਤ੍ਰੀ 3 ->