Link to home pageLanguagesLink to all Bible versions on this site
3
ਪ੍ਰਭੂ ਦੇ ਆਉਣ ਦਾ ਦਿਨ
1 ਹੇ ਪਿਆਰਿਓ, ਹੁਣ ਇਹ ਦੂਜੀ ਪੱਤ੍ਰੀ ਮੈਂ ਤੁਹਾਨੂੰ ਲਿਖਦਾ ਹਾਂ ਅਤੇ ਦੋਹਾਂ ਵਿੱਚ ਤੁਹਾਨੂੰ ਚੇਤੇ ਕਰਾ ਕੇ ਤੁਹਾਡੇ ਸਾਫ਼ ਮਨ ਨੂੰ ਪ੍ਰੇਰਦਾ ਹਾਂ, 2 ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਪਹਿਲਾਂ ਆਖੀਆਂ ਗਈਆਂ ਨਾਲੇ ਪ੍ਰਭੂ ਅਤੇ ਮੁਕਤੀਦਾਤੇ ਦੀ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਕੀਤੀ ਗਈ, ਯਾਦ ਰੱਖੋ। 3 ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ, ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ। 4 ਅਤੇ ਆਖਣਗੇ ਕਿ ਉਹ ਦੇ ਆਉਣ ਦੇ ਵਾਇਦੇ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ, ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ। 5 ਓਹ ਜਾਣ ਬੁੱਝ ਕੇ ਇਸ ਗੱਲ ਨੂੰ ਭੁੱਲਾ ਛੱਡਦੇ ਹਨ ਕਿ ਪਰਮੇਸ਼ੁਰ ਦੇ ਬਚਨ ਨਾਲ ਅਕਾਸ਼ ਪ੍ਰਾਚੀਨ ਕਾਲ ਤੋਂ ਹਨ ਅਤੇ ਧਰਤੀ ਪਾਣੀ ਤੋਂ ਬਾਹਰ ਅਤੇ ਪਾਣੀ ਦੇ ਵਿੱਚ ਸਥਿਰ ਹੈ। 6 ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ। 7 ਪਰ ਅਕਾਸ਼ ਅਤੇ ਧਰਤੀ ਪਰਮੇਸ਼ੁਰ ਦੇ ਬਚਨ ਦੁਆਰਾ ਨਾਸ ਹੋਣ ਲਈ ਰੱਖੇ ਗਏ ਹਨ ਅਤੇ ਇਹ ਭਗਤੀਹੀਣ ਮਨੁੱਖਾਂ ਦੇ ਨਿਆਂ ਤੇ ਨਾਸ ਹੋਣ ਦੇ ਦਿਨ ਤੱਕ ਇਸ ਤਰ੍ਹਾਂ ਹੀ ਰਹਿਣਗੇ। 8 ਹੇ ਪਿਆਰਿਓ, ਇੱਕ ਇਹ ਗੱਲ ਤੁਹਾਡੇ ਤੋਂ ਗੁੱਝੀ ਨਾ ਰਹੇ ਜੋ ਪ੍ਰਭੂ ਦੇ ਅੱਗੇ ਇੱਕ ਦਿਨ ਹਜ਼ਾਰ ਸਾਲ ਜਿਹਾ ਹੈ ਅਤੇ ਹਜ਼ਾਰ ਸਾਲ ਇੱਕ ਦਿਨ ਜਿਹਾ ਹੈ। 9 ਪ੍ਰਭੂ ਆਪਣੇ ਵਾਅਦੇ ਪੂਰੇ ਕਰਨ ਵਿੱਚ ਢਿੱਲਾ ਨਹੀਂ ਹੈ ਜਿਵੇਂ ਬਹੁਤ ਉਸ ਦੇ ਢਿੱਲੇ ਹੋਣ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਜੋ ਕਿਸੇ ਦਾ ਨਾਸ ਹੋਵੇ ਸਗੋਂ ਸਾਰੇ ਤੋਬਾ ਕਰਨ। 10 ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂੰ ਆਵੇਗਾ ਜਿਸ ਦੇ ਵਿੱਚ ਅਕਾਸ਼ ਵੱਡੀ ਗਰਜ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਪਸ਼ ਨਾਲ ਤਪ ਕੇ ਢੱਲ਼ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਭਸਮ ਹੋ ਜਾਵੇਗੀ। 11 ਜਦੋਂ ਇਹ ਸੱਭੇ ਵਸਤਾਂ ਇਸ ਤਰ੍ਹਾਂ ਢੱਲ਼ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ? 12 ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ, ਜਿਸ ਦੇ ਕਾਰਨ ਅਕਾਸ਼ ਸੜ ਕੇ ਢੱਲ਼ ਜਾਣਗੇ ਅਤੇ ਮੂਲ ਵਸਤਾਂ ਵੱਡੀ ਤਪਸ਼ ਨਾਲ ਤਪ ਕੇ ਪਿਘਲ ਜਾਣਗੀਆਂ। 13 ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।
ਜਾਗਦੇ ਰਹੋ ਅਤੇ ਤਿਆਰ ਰਹੋ
14 ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਰਦੋਸ਼ ਠਹਿਰੋ। 15 ਅਤੇ ਸਾਡੇ ਪ੍ਰਭੂ ਦੇ ਧੀਰਜ ਨੂੰ ਮੁਕਤੀ ਸਮਝੋ ਜਿਵੇਂ ਸਾਡੇ ਪਿਆਰੇ ਭਾਈ ਪੌਲੁਸ ਨੇ ਵੀ ਉਸ ਗਿਆਨ ਦੇ ਅਨੁਸਾਰ ਜੋ ਉਹ ਨੂੰ ਦਾਨ ਹੋਇਆ, ਤੁਹਾਨੂੰ ਲਿਖਿਆ ਸੀ। 16 ਜਿਵੇਂ ਉਸ ਨੇ ਆਪਣੀਆਂ ਸਾਰੀਆਂ ਪੱਤ੍ਰੀਆਂ ਵਿੱਚ ਉਨ੍ਹਾਂ ਦੇ ਵਿਖੇ ਲਿਖਿਆ ਹੈ ਅਤੇ ਉਨ੍ਹਾਂ ਵਿੱਚ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ, ਜਿਨ੍ਹਾਂ ਨੂੰ ਅਗਿਆਨੀ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜਦੇ ਹਨ, ਜਿਵੇਂ ਉਹ ਹੋਰਨਾਂ ਪਵਿੱਤਰ ਗ੍ਰੰਥਾਂ ਦੀ ਲਿਖਤਾਂ ਨੂੰ ਵੀ ਕਰਦੇ ਹਨ। 17 ਸੋ ਹੇ ਪਿਆਰਿਓ, ਜਦੋਂ ਤੁਸੀਂ ਪਹਿਲਾਂ ਹੀ ਇਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਜੋ ਕਿਤੇ ਇਹ ਨਾ ਹੋਵੇ ਜੋ ਦੁਸ਼ਟਾਂ ਦੀ ਭੁੱਲ ਨਾਲ ਧੋਖਾ ਖਾ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ। 18 ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ। ਉਹ ਦੀ ਵਡਿਆਈ ਹੁਣ ਅਤੇ ਜੁੱਗੋ-ਜੁੱਗ ਹੁੰਦੀ ਰਹੇ। ਆਮੀਨ।

<- ਪਤਰਸ ਦੀ ਦੂਜੀ ਪੱਤ੍ਰੀ 2