Link to home pageLanguagesLink to all Bible versions on this site

1 ਅਸੀਂ ਉਸ ਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਵਿਅਰਥ ਨਾ ਜਾਣੋ। 2 ਕਿਉਂ ਜੋ ਪਰਮੇਸ਼ੁਰ ਆਖਦਾ ਹੈ ਜੋ ਮੈਂ ਮਨਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਮਨ ਭਾਉਂਦਾ ਸਮਾਂ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!

ਪੌਲੁਸ ਦੀ ਮਿਹਨਤ
3 ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖੁਆਉਂਦੇ ਕਿ ਕਿਤੇ ਇਸ ਸੇਵਕਾਈ ਉੱਤੇ ਦੋਸ਼ ਨਾ ਆਵੇ। 4 ਪਰ ਜਿਸ ਪ੍ਰਕਾਰ ਪਰਮੇਸ਼ੁਰ ਦੇ ਸੇਵਕਾਂ ਨੂੰ ਯੋਗ ਹੈ ਤਿਵੇਂ ਅਸੀਂ ਹਰ ਇੱਕ ਗੱਲ ਤੋਂ ਆਪਣੇ ਲਈ ਪ੍ਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਜ਼ਰੂਰਤਾਂ ਤੋਂ, ਤੰਗੀਆਂ ਤੋਂ, 5 ਕੋਰੜੇ ਖਾਣ ਤੋਂ, ਕੈਦ ਤੋਂ, ਹੰਗਾਮਿਆਂ ਤੋਂ, ਮਿਹਨਤਾਂ ਤੋਂ, ਉਣੀਂਦਿਆਂ ਤੋਂ, ਵਰਤ ਰੱਖਣ ਤੋਂ, 6 ਖਰਿਆਈ ਤੋਂ, ਗਿਆਨ ਤੋਂ, ਧੀਰਜ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਕਪਟ ਪਿਆਰ ਤੋਂ, 7 ਸਚਿਆਈ ਦੇ ਬਚਨ ਤੋਂ, ਪਰਮੇਸ਼ੁਰ ਦੀ ਸਮਰੱਥਾ ਤੋਂ, ਧਰਮ ਦੇ ਹਥਿਆਰਾਂ ਨਾਲ ਜਿਹੜੇ ਸੱਜੇ ਖੱਬੇ ਹਨ। 8 ਇੱਜ਼ਤ ਅਤੇ ਬੇਪਤੀ ਨਾਲ, ਆਦਰ ਅਤੇ ਨਿਰਾਦਰ ਨਾਲ, ਛਲ ਕਰਨ ਵਾਲੇ ਜਿਹੇ ਪਰ ਸੱਚੇ ਹਾਂ, 9 ਅਣਜਾਣਿਆਂ ਵਰਗੇ ਪਰ ਉਜਾਗਰ ਹਾਂ, ਮਰਿਆਂ ਵਰਗੇ ਪਰ ਵੇਖੋ ਜਿਉਂਦੇ ਹਾਂ, ਤਾੜੇ ਜਾਂਦਿਆਂ ਵਰਗੇ ਪਰ ਜਾਨੋਂ ਨਹੀਂ ਮਾਰੇ ਜਾਂਦੇ, 10 ਉਦਾਸਾਂ ਵਰਗੇ ਪਰ ਸਦਾ ਅਨੰਦ ਕਰਦੇ ਹਾਂ, ਗਰੀਬਾਂ ਵਰਗੇ ਪਰ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਕੰਗਾਲਾਂ ਵਰਗੇ ਪਰ ਸੱਭੋ ਕੁਝ ਦੇ ਮਾਲਕ ਹਾਂ।

11 ਹੇ ਕੁਰਿੰਥੀਓ, ਸਾਡਾ ਮੂੰਹ ਤੁਹਾਡੇ ਵੱਲ ਖੁੱਲ੍ਹਾ ਹੈ, ਸਾਡਾ ਦਿਲ ਵੱਡਾ ਹੈ। 12 ਸਾਡੇ ਵਿੱਚ ਤੁਹਾਡੇ ਲਈ ਕੋਈ ਰੁਕਾਵਟ ਨਹੀਂ ਪਰ ਤੁਹਾਡੇ ਹੀ ਦਿਲਾਂ ਵਿੱਚ ਰੁਕਾਵਟ ਹੈ। 13 ਹੁਣ ਉਸ ਦੇ ਬਦਲੇ ਤੁਸੀਂ ਵੀ ਖੁੱਲ੍ਹੇ ਦਿਲ ਦੇ ਹੋਵੋ। ਮੈਂ ਤਾਂ ਤੁਹਾਨੂੰ ਬੱਚਿਆਂ ਵਾਂਗੂੰ ਆਖਦਾ ਹਾਂ।

ਮੂਰਤੀ ਪੂਜਾ ਦੇ ਵਿਰੁੱਧ ਚਿਤਾਵਨੀ
14 ਤੁਸੀਂ ਅਵਿਸ਼ਵਾਸੀਆਂ ਨਾਲ ਨਾ ਬਰਾਬਰੀ ਦੇ ਜੂਲੇ ਵਿੱਚ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਅਤੇ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ? 15 ਅਤੇ ਮਸੀਹ ਦਾ ਸ਼ੈਤਾਨ ਦੇ ਨਾਲ ਕੀ ਮਿਲਾਪ ਹੈ, ਅਥਵਾ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ ਹੈ? 16 ਅਤੇ ਪਰਮੇਸ਼ੁਰ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਪਰਮੇਸ਼ੁਰ ਦੀ ਹੈਕਲ ਹਾਂ ਜਿਵੇਂ ਪਰਮੇਸ਼ੁਰ ਨੇ ਬਚਨ ਕੀਤਾ - ਮੈਂ ਉਨ੍ਹਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ, ਅਤੇ ਉਹ ਮੇਰੀ ਪਰਜਾ ਹੋਣਗੇ। 17 ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਵੱਖਰੇ ਹੋਵੋ, ਪ੍ਰਭੂ ਆਖਦਾ ਹੈ ਕਿਸੇ ਅਸ਼ੁੱਧ ਵਸਤੂ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ, 18 ਅਤੇ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਬਚਨ ਸਰਬ ਸ਼ਕਤੀਮਾਨ ਪ੍ਰਭੂ ਦਾ ਹੈ।

<- ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 5ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 7 ->