Link to home pageLanguagesLink to all Bible versions on this site
4
ਮਿੱਟੀ ਦੇ ਬਰਤਨਾਂ ਦੇ ਵਿੱਚ ਧਨ
1 ਉਪਰੰਤ ਜਦੋਂ ਅਸੀਂ ਇਹ ਸੇਵਕਾਈ ਪਾਈ ਹੈ, ਤਾਂ ਜਿਵੇਂ ਸਾਡੇ ਉੱਤੇ ਦਯਾ ਹੋਈ, ਅਸੀਂ ਹਿੰਮਤ ਨਹੀਂ ਹਾਰਦੇ। 2 ਸਗੋਂ ਅਸੀਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੈ ਅਤੇ ਨਾ ਚਤਰਾਈ ਦੀ ਚਾਲ ਚੱਲਦੇ, ਨਾ ਪਰਮੇਸ਼ੁਰ ਦੇ ਬਚਨ ਵਿੱਚ ਮਿਲਾਵਟ ਕਰਦੇ ਹਾਂ, ਸਗੋਂ ਸੱਚ ਨੂੰ ਪ੍ਰਗਟ ਕਰ ਕੇ ਹਰੇਕ ਮਨੁੱਖ ਦੇ ਵਿਵੇਕ ਵਿੱਚ ਪਰਮੇਸ਼ੁਰ ਦੇ ਅੱਗੇ ਆਪਣਾ ਪ੍ਰਮਾਣ ਦਿੰਦੇ ਹਾਂ। 3 ਅਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਹੋਇਆ ਹੈ ਤਾਂ ਉਹ ਜਿਹੜੇ ਨਾਸ ਹੋ ਰਹੇ ਹਨ, ਉਨ੍ਹਾਂ ਲਈ ਹੈ। 4 ਜਿਨ੍ਹਾਂ ਵਿੱਚ ਇਸ ਜੁੱਗ ਦੇ ਈਸ਼ਵਰ ਨੇ ਅਵਿਸ਼ਵਾਸੀਆਂ ਦੀ ਬੁੱਧ ਨੂੰ ਅੰਨ੍ਹਾ ਕਰ ਦਿੱਤਾ ਤਾਂ ਜੋ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ, ਉਹ ਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪ੍ਰਕਾਸ਼ ਨਾ ਹੋਵੇ। 5 ਕਿਉਂ ਜੋ ਅਸੀਂ ਆਪਣਾ ਨਹੀਂ ਸਗੋਂ ਮਸੀਹ ਯਿਸੂ ਦਾ ਪ੍ਰਚਾਰ ਕਰਦੇ ਹਾਂ ਜੋ ਉਹ ਪ੍ਰਭੂ ਹੈ ਅਤੇ ਅਸੀਂ ਆਪ ਯਿਸੂ ਦੇ ਕਾਰਨ ਤੁਹਾਡੇ ਦਾਸ ਹਾਂ। 6 ਕਿਉਂ ਜੋ ਪਰਮੇਸ਼ੁਰ ਜਿਸ ਨੇ ਆਖਿਆ ਸੀ ਜੋ ਚਾਨਣ ਹਨੇਰੇ ਵਿੱਚ ਚਮਕੇ, ਉਹ ਸਾਡਿਆਂ ਦਿਲਾਂ ਵਿੱਚ ਚਮਕਿਆ ਜੋ ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਚਿਹਰੇ ਵਿੱਚ ਪ੍ਰਕਾਸ਼ ਕਰੇ।

7 ਪਰ ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦੀ ਅੱਤ ਵੱਡੀ ਮਹਾਨਤਾ ਪਰਮੇਸ਼ੁਰ ਦੀ ਵੱਲੋਂ ਮਲੂਮ ਹੋਵੇ, ਨਾ ਕਿ ਸਾਡੀ ਵੱਲੋਂ,। 8 ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਉਲਝਣ ਵਿੱਚ ਹਾਂ ਪਰ ਹੱਦੋਂ ਵੱਧ ਨਹੀਂ। 9 ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ। 10 ਅਸੀਂ ਯਿਸੂ ਦੀ ਮੌਤ ਨੂੰ ਆਪਣੇ ਸਰੀਰ ਵਿੱਚ ਹਮੇਸ਼ਾਂ ਲਈ ਫਿਰਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਵੀ ਸਾਡੇ ਸਰੀਰ ਵਿੱਚ ਪ੍ਰਗਟ ਹੋਵੇ। 11 ਕਿਉਂਕਿ ਅਸੀਂ ਜੋ ਜਿਉਂਦੇ ਹਾਂ ਸੋ ਹਮੇਸ਼ਾਂ ਯਿਸੂ ਦੇ ਨਮਿੱਤ ਮੌਤ ਦੇ ਹੱਥ ਫੜਵਾਏ ਜਾਂਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਵੀ ਸਾਡੇ ਮਰਨਹਾਰ ਸਰੀਰ ਵਿੱਚ ਪਰਗਟ ਹੋਵੇ। 12 ਸੋ ਮੌਤ ਤਾਂ ਸਾਡੇ ਵਿੱਚ ਪਰ ਜੀਵਨ ਤੁਹਾਡੇ ਵਿੱਚ ਪ੍ਰਭਾਵ ਪਾਉਂਦਾ ਹੈ। 13 ਜਿਵੇਂ ਲਿਖਿਆ ਹੋਇਆ ਹੈ ਵਿਸ਼ਵਾਸ ਦਾ ਉਹੋ ਆਤਮਾ ਸਾਨੂੰ ਮਿਲਿਆ ਹੈ। ਮੈਂ ਵਿਸ਼ਵਾਸ ਕੀਤਾ, ਇਸ ਲਈ ਬੋਲਿਆ। ਸੋ ਅਸੀਂ ਵੀ ਵਿਸ਼ਵਾਸ ਕਰਦੇ ਹਾਂ ਇਸ ਲਈ ਬੋਲਦੇ ਵੀ ਹਾਂ। 14 ਅਸੀਂ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਯਿਸੂ ਨੂੰ ਜਿਉਂਦਾ ਕੀਤਾ ਉਹ ਸਾਨੂੰ ਵੀ ਯਿਸੂ ਦੇ ਨਾਲ ਜਿਉਂਦਾ ਕਰੇਗਾ ਅਤੇ ਤੁਹਾਡੇ ਨਾਲ ਆਪਣੇ ਹਜ਼ੂਰ ਖੜ੍ਹਾ ਕਰੇਗਾ। 15 ਕਿਉਂਕਿ ਸਭ ਕੁਝ ਤੁਹਾਡੇ ਹੀ ਲਈ ਹੈ, ਜੋ ਬਹੁਤਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ, ਪਰਮੇਸ਼ੁਰ ਦੀ ਵਡਿਆਈ ਲਈ ਧੰਨਵਾਦਾਂ ਨੂੰ ਬਹੁਤ ਹੀ ਵਧਾਵੇ।

16 ਇਸ ਕਾਰਨ ਅਸੀਂ ਹਿੰਮਤ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ। 17 ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਪਲਾਂ ਦਾ ਹੀ ਹੈ, ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। 18 ਅਸੀਂ ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿੱਸਣ ਵਾਲੀਆਂ ਵਸਤਾਂ ਥੋੜ੍ਹੇ ਦਿਨਾਂ ਦੀਆਂ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ।

<- ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 3ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 5 ->