Link to home pageLanguagesLink to all Bible versions on this site
12
ਯਹੂਦਾਹ ਉੱਤੇ ਮਿਸਰ ਦਾ ਹਮਲਾ
1 ਰਾਜਾ 14:25-28

1 ਤਾਂ ਐਉਂ ਹੋਇਆ ਕਿ ਜਦ ਰਹਬੁਆਮ ਦਾ ਰਾਜ ਪੱਕਾ ਹੋ ਗਿਆ ਅਤੇ ਉਹ ਸ਼ਕਤੀ ਵਾਲਾ ਬਣ ਗਿਆ ਤਦ ਉਸ ਨੇ ਅਤੇ ਉਸ ਦੇ ਨਾਲ ਸਾਰੇ ਇਸਰਾਏਲ ਨੇ ਯਹੋਵਾਹ ਦੀ ਬਿਵਸਥਾ ਨੂੰ ਛੱਡ ਦਿੱਤਾ 2 ਫੇਰ ਰਹਬੁਆਮ ਪਾਤਸ਼ਾਹ ਦੇ ਪੰਜਵੇਂ ਸਾਲ ਵਿੱਚ ਅਜਿਹਾ ਹੋਇਆ ਕਿ ਮਿਸਰ ਦਾ ਰਾਜਾ ਸ਼ੀਸ਼ਕ ਯਰੂਸ਼ਲਮ ਉੱਤੇ ਚੜ੍ਹ ਆਇਆ ਇਸ ਲਈ ਜੋ ਉਨ੍ਹਾਂ ਨੇ ਯਹੋਵਾਹ ਦੇ ਵਿਰੁੱਧ ਬੇਈਮਾਨੀ ਕੀਤੀ ਸੀ 3 ਅਤੇ ਉਸ ਦੇ ਨਾਲ ਬਾਰਾਂ ਸੌ ਰਥ ਅਤੇ ਸੱਠ ਹਜ਼ਾਰ ਸਵਾਰ ਸਨ, ਲੂਬੀ, ਸੂਕੀ ਅਤੇ ਕੂਸ਼ੀ ਲੋਕ ਜੋ ਉਸ ਦੇ ਨਾਲ ਮਿਸਰ ਤੋਂ ਆਏ ਸਨ ਅਣਗਿਣਤ ਸਨ 4 ਉਸ ਨੇ ਗੜ੍ਹਾਂ ਵਾਲੇ ਸ਼ਹਿਰ ਲੈ ਲਏ ਜੋ ਯਹੂਦਾਹ ਦੇ ਸਨ ਅਤੇ ਉਹ ਯਰੂਸ਼ਲਮ ਤੱਕ ਆ ਗਿਆ। 5 ਤਦ ਸ਼ਮਅਯਾਹ ਨਬੀ ਰਹਬੁਆਮ ਦੇ ਅਤੇ ਯਹੂਦਾਹ ਦੇ ਸਰਦਾਰਾਂ ਦੇ ਕੋਲ ਜਿਹੜੇ ਸ਼ੀਸ਼ਕ ਦੇ ਅੱਗੋਂ ਯਰੂਸ਼ਲਮ ਵਿੱਚ ਇਕੱਠੇ ਹੋ ਗਏ ਸਨ ਐਉਂ ਫਰਮਾਉਂਦਾ ਹੈ, ਤੁਸੀਂ ਮੈਨੂੰ ਛੱਡ ਦਿੱਤਾ, ਇਸ ਲਈ ਮੈਂ ਵੀ ਤਹਾਨੂੰ ਸ਼ੀਸ਼ਕ ਦੇ ਹੱਥ ਵਿੱਚ ਛੱਡ ਦਿੱਤਾ 6 ਤਦ ਇਸਰਾਏਲ ਦੇ ਸਰਦਾਰਾਂ ਅਤੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਅਤੇ ਆਖਿਆ, ਯਹੋਵਾਹ ਹੀ ਧਰਮੀ ਹੈ 7 ਜਦ ਯਹੋਵਾਹ ਨੇ ਵੇਖਿਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਤਦ ਯਹੋਵਾਹ ਦਾ ਬਚਨ ਸ਼ਮਅਯਾਹ ਨੂੰ ਆਇਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਹੈ ਸੋ ਮੈਂ ਉਨ੍ਹਾਂ ਨੂੰ ਨਾਸ ਨਹੀਂ ਕਰਾਂਗਾ ਪਰ ਉਨ੍ਹਾਂ ਨੂੰ ਕੁਝ ਰਿਹਾਈ ਦੇਵਾਂਗਾ ਅਤੇ ਮੇਰਾ ਕਹਿਰ ਸ਼ੀਸ਼ਕ ਦੇ ਹੱਥੋਂ ਯਰੂਸ਼ਲਮ ਉੱਤੇ ਨਹੀਂ ਪਵੇਗਾ 8 ਤਾਂ ਵੀ ਉਹ ਉਸ ਦੇ ਸੇਵਕ ਹੋਣਗੇ ਤਾਂ ਜੋ ਉਹ ਮੇਰੀ ਸੇਵਾ ਅਤੇ ਦੇਸ-ਦੇਸ ਦੇ ਰਾਜਿਆਂ ਦੀ ਸੇਵਾ ਨੂੰ ਜਾਣ ਲੈਣ 9 ਸੋ ਮਿਸਰ ਦਾ ਰਾਜਾ ਸ਼ੀਸ਼ਕ ਯਰੂਸ਼ਲਮ ਉੱਤੇ ਚੜ੍ਹ ਆਇਆ ਅਤੇ ਯਹੋਵਾਹ ਦੇ ਭਵਨ ਦੇ ਖਜ਼ਾਨੇ ਨੂੰ ਅਤੇ ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਲੈ ਗਿਆ ਸਗੋਂ ਉਹ ਸਭ ਕੁਝ ਲੈ ਗਿਆ ਅਤੇ ਸੋਨੇ ਦੀਆਂ ਉਹ ਢਾਲਾਂ ਜੋ ਸੁਲੇਮਾਨ ਨੇ ਬਣਵਾਈਆਂ ਸਨ ਲੈ ਗਿਆ 10 ਤਾਂ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਦੇ ਬਦਲੇ ਪਿੱਤਲ ਦੀਆਂ ਢਾਲਾਂ ਬਣਵਾਈਆਂ ਅਤੇ ਉਨ੍ਹਾਂ ਨੂੰ ਸ਼ਾਹੀ ਨਿਗਾਹਬਾਨਾਂ ਦੇ ਸਰਦਾਰਾਂ ਦੇ ਜਿਹੜੇ ਸ਼ਾਹੀ ਮਹਿਲ ਦੇ ਦਰਵਾਜ਼ੇ ਦੀ ਰਾਖੀ ਕਰਦੇ ਸਨ ਹੱਥ ਵਿੱਚ ਸੌਂਪ ਦਿੱਤਾ। 11 ਜਦ ਪਾਤਸ਼ਾਹ ਯਹੋਵਾਹ ਦੇ ਭਵਨ ਨੂੰ ਜਾਂਦਾ ਸੀ ਤਾਂ ਨਿਗਾਹਬਾਨ ਉਹਨਾਂ ਨੂੰ ਚੁੱਕ ਲੈਂਦੇ ਸਨ ਅਤੇ ਫੇਰ ਉਹਨਾਂ ਨੂੰ ਨਿਗਾਹਬਾਨਾਂ ਦੀ ਕੋਠੜੀ ਵਿੱਚ ਰੱਖ ਦਿੰਦੇ ਸਨ 12 ਜਦ ਉਸ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਤਾਂ ਯਹੋਵਾਹ ਦਾ ਕਹਿਰ ਉਸ ਤੋਂ ਟਲ ਗਿਆ ਅਤੇ ਉਹ ਨੇ ਉਸ ਨੂੰ ਪੂਰੀ ਤਰ੍ਹਾਂ ਨਾਸ ਨਾ ਕੀਤਾ ਨਾਲੇ ਯਹੂਦਾਹ ਵਿੱਚ ਚੰਗੀਆਂ ਗੱਲਾਂ ਵੀ ਸਨ।

ਰਹਬੁਆਮ ਦੇ ਰਾਜ ਦਾ ਸੰਖੇਪ ਵਿੱਚ ਵਰਣਨ ਅਤੇ ਉਸ ਦੀ ਮੌਤ
13 ਸੋ ਰਹਬੁਆਮ ਪਾਤਸ਼ਾਹ ਨੇ ਤਕੜਾ ਹੋ ਕੇ ਯਰੂਸ਼ਲਮ ਵਿੱਚ ਰਾਜ ਕੀਤਾ। ਰਹਬੁਆਮ ਜਿਸ ਵੇਲੇ ਰਾਜ ਕਰਨ ਲੱਗਾ ਤਾਂ ਇੱਕਤਾਲੀ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਅਰਥਾਤ ਉਸ ਸ਼ਹਿਰ ਵਿੱਚ ਜਿਹੜਾ ਯਹੋਵਾਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ ਸੀ ਕਿ ਆਪਣਾ ਨਾਮ ਉੱਥੇ ਰੱਖੇ ਸਤਾਰਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਨਆਮਾਹ ਅੰਮੋਨਣ ਸੀ 14 ਉਸ ਨੇ ਬੁਰਿਆਈ ਕੀਤੀ ਕਿਉਂ ਜੋ ਉਸ ਨੇ ਯਹੋਵਾਹ ਦੀ ਖੋਜ ਵਿੱਚ ਆਪਣਾ ਮਨ ਨਾ ਲਾਇਆ 15 ਅਤੇ ਰਹਬੁਆਮ ਦੇ ਕੰਮ ਮੁੱਢ ਤੋਂ ਅੰਤ ਤੱਕ ਕੀ ਉਹ ਸ਼ਮਅਯਾਹ ਨਬੀ ਅਤੇ ਇੱਦੋ ਗੈਬਦਾਨ ਦੇ ਇਤਿਹਾਸ ਵਿੱਚ ਕੁਲ ਪੱਤ੍ਰੀ ਦੇ ਅਨੁਸਾਰ ਲਿਖੇ ਨਹੀਂ? ਅਤੇ ਰਹਬੁਆਮ ਅਤੇ ਯਾਰਾਬੁਆਮ ਦੇ ਵਿੱਚ ਸਦਾ ਲੜਾਈ ਹੁੰਦੀ ਰਹੀ 16 ਤਾਂ ਰਹਬੁਆਮ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਅਬਿਯਾਹ ਉਸ ਦੇ ਥਾਂ ਰਾਜ ਕਰਨ ਲੱਗਾ।

<- 2 ਇਤਿਹਾਸ 112 ਇਤਿਹਾਸ 13 ->