ਥੱਸਲੁਨੀਕੀਆਂ ਨੂੰ ਪਹਿਲੀ ਪੱਤ੍ਰੀ
ਲੇਖਕ
ਰਸੂਲ ਪੌਲੁਸ ਇਸ ਪੱਤ੍ਰੀ ਦੇ ਲੇਖਕ ਦੇ ਤੌਰ ਤੇ ਦੋ ਵਾਰੀ ਆਪਣੀ ਪਹਿਚਾਣ ਦਿੰਦਾ ਹੈ (1:1; 2:18)। ਸੀਲਾਸ ਅਤੇ ਤਿਮੋਥਿਉਸ (3:2, 6), ਪੌਲੁਸ ਦੀ ਦੂਜੀ ਮਿਸ਼ਨਰੀ ਯਾਤਰਾ ਵਿੱਚ ਉਸ ਦੇ ਸਾਥੀ ਸਨ, ਜਦੋਂ ਇਸ ਕਲੀਸਿਯਾ ਦੀ ਸਥਾਪਨਾ ਕੀਤੀ ਗਈ (ਰਸੂਲ 17:19), ਉਸ ਨੇ ਉੱਥੋਂ ਜਾਣ ਦੇ ਕੁਝ ਮਹੀਨਿਆਂ ਬਾਅਦ ਹੀ ਇਹ ਪੱਤ੍ਰੀ ਉੱਥੇ ਰਹਿਣ ਵਾਲੇ ਵਿਸ਼ਵਾਸੀਆਂ ਲਈ ਲਿਖੀ। ਥੱਸਲੁਨੀਕਾ ਵਿੱਚ ਪੌਲੁਸ ਦੀ ਸੇਵਕਾਈ ਨੇ ਸਪੱਸ਼ਟ ਤੌਰ ਤੇ ਸਿਰਫ਼ ਯਹੂਦੀਆਂ ਨੂੰ ਹੀ ਨਹੀਂ ਸਗੋਂ ਗ਼ੈਰ-ਯਹੂਦੀਆਂ ਨੂੰ ਵੀ ਛੂਹਿਆ ਸੀ। ਕਲੀਸਿਯਾ ਵਿੱਚ ਆਉਣ ਵਾਲੇ ਬਹੁਤ ਸਾਰੇ ਗ਼ੈਰ-ਯਹੂਦੀ ਮੂਰਤੀ-ਪੂਜਾ ਤੋਂ ਬਾਹਰ ਆਏ ਸਨ, ਜੋ ਕਿ ਉਸ ਵੇਲੇ ਦੇ ਯਹੂਦੀਆਂ ਵਿਚਕਾਰ ਕੋਈ ਖ਼ਾਸ ਸਮੱਸਿਆ ਨਹੀਂ ਸੀ (1 ਥੱਸਲੁਨੀਕੀਆਂ 1:9)।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 51 ਈ. ਦੇ ਦੌਰਾਨ ਲਿਖੀ ਗਈ।
ਪੌਲੁਸ ਨੇ ਕੁਰਿੰਥੁਸ ਸ਼ਹਿਰ ਤੋਂ ਥੱਸਲੁਨੀਕਾ ਕਲੀਸਿਯਾ ਨੂੰ ਆਪਣੀ ਪਹਿਲੀ ਚਿੱਠੀ ਲਿਖੀ।
ਪ੍ਰਾਪਤ ਕਰਤਾ
1 ਥੱਸਲੁਨੀਕੀਆਂ 1:1 “ਥੱਸਲੁਨੀਕੀਆਂ ਕਲੀਸਿਯਾ“ ਦੇ ਮੈਂਬਰਾਂ ਨੂੰ ਥੱਸਲੁਨੀਕੀਆਂ ਦੀ ਪਹਿਲੀ ਪੱਤ੍ਰੀ ਦੇ ਪਾਠਕਾਂ ਦੇ ਤੌਰ ਦਰਸਾਉਂਦੀ ਹੈ, ਹਾਲਾਂਕਿ ਆਮ ਤੌਰ ਤੇ ਇਹ ਹਰ ਜਗ੍ਹਾ ਰਹਿਣ ਵਾਲੇ ਸਾਰੇ ਮਸੀਹੀਆਂ ਲਈ ਲਿਖੀ ਗਈ ਹੈ।
ਉਦੇਸ਼
ਇਸ ਪੱਤ੍ਰੀ ਨੂੰ ਲਿਖਣ ਦਾ ਪੌਲੁਸ ਦਾ ਉਦੇਸ਼ ਨਵੇਂ ਵਿਸ਼ਵਾਸੀਆਂ ਨੂੰ ਪਰਤਾਵਿਆਂ ਵਿੱਚ ਖੜ੍ਹੇ ਰਹਿਣ ਲਈ ਉਤਸ਼ਾਹਿਤ ਕਰਨਾ (3:35), ਪਰਮੇਸ਼ੁਰ ਨੂੰ ਭਾਉਂਦਾ ਜੀਵਨ ਜੀਉਣ ਲਈ ਨਿਰਦੇਸ਼ ਦੇਣਾ (4:1-12) ਅਤੇ ਉਨ੍ਹਾਂ ਵਿਸ਼ਵਾਸੀਆਂ ਦੇ ਭਵਿੱਖ ਸੰਬੰਧੀ ਭਰੋਸਾ ਦੇਣਾ ਸੀ, ਜੋ ਮਸੀਹ ਦੇ ਆਉਣ ਤੋਂ ਪਹਿਲਾਂ ਮਰ ਗਏ ਸਨ, ਅਤੇ ਕੁਝ ਹੋਰ ਚੀਜ਼ਾਂ ਨੂੰ ਸਹੀ ਕਰਨ ਲਈ ਅਤੇ ਨੈਤਿਕ ਜੀਵਨ ਅਤੇ ਵਿਹਾਰ ਸੰਬੰਧੀ ਮਾਮਲਿਆਂ ਲਈ ਨਿਰਦੇਸ਼ ਦੇਣਾ ਸੀ (4:13-18)।
ਵਿਸ਼ਾ-ਵਸਤੂ
ਕਲੀਸਿਯਾ ਲਈ ਚਿੰਤਾ
ਰੂਪ-ਰੇਖਾ
1. ਧੰਨਵਾਦ — 1:1-10
2. ਰਸੂਲ ਦੇ ਤੌਰ ਤੇ ਕੀਤੇ ਗਏ ਕੰਮਾਂ ਦਾ ਪੱਖ ਲੈਣਾ — 2:1-3:13
3. ਥੱਸਲੁਨੀਕਾ ਦੀ ਕਲੀਸਿਯਾ ਨੂੰ ਉਪਦੇਸ਼ — 4:1-5:22
4. ਆਖਰੀ ਪ੍ਰਾਰਥਨਾ ਅਤੇ ਆਸ਼ੀਰਵਾਦ — 5:23-28
1
ਨਮਸਕਾਰ
1 ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵਲੋਂ ਥੱਸਲੁਨੀਕੀਆ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ, ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਥੱਸਲੁਨੀਕੀਆਂ ਦਾ ਵਿਸ਼ਵਾਸ
2 ਅਸੀਂ ਆਪਣੀਆਂ ਪ੍ਰਾਰਥਨਾਂਵਾਂ ਵਿੱਚ ਤੁਹਾਨੂੰ ਯਾਦ ਕਰਦਿਆਂ ਤੁਹਾਡੇ ਸਾਰਿਆਂ ਦੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ।
3 ਅਤੇ ਤੁਹਾਡੇ ਵਿਸ਼ਵਾਸ ਦੇ ਕੰਮ, ਪਿਆਰ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਡੀ ਆਸ ਦਾ ਧੀਰਜ ਆਪਣੇ ਪਿਤਾ ਪਰਮੇਸ਼ੁਰ ਦੇ ਅੱਗੇ ਹਰ ਰੋਜ਼ ਚੇਤੇ ਕਰਦੇ ਹਾਂ।
4 ਹੇ ਭਰਾਵੋ, ਪਰਮੇਸ਼ੁਰ ਦੇ ਪਿਆਰਿਓ, ਅਸੀਂ ਜਾਣਦੇ ਹਾਂ ਕਿ ਤੁਸੀਂ ਚੁਣੇ ਹੋਏ ਹੋ।
5 ਇਸ ਲਈ ਜੋ ਸਾਡੀ ਖੁਸ਼ਖਬਰੀ ਸਿਰਫ਼ ਗੱਲਾਂ ਨਾਲ ਹੀ ਨਹੀਂ ਸੀ, ਸਗੋਂ ਸਮਰੱਥਾ, ਪਵਿੱਤਰ ਆਤਮਾ ਅਤੇ ਪੂਰੇ ਵਿਸ਼ਵਾਸ ਨਾਲ ਤੁਹਾਡੇ ਕੋਲ ਪਹੁੰਚੀ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਨਾਲ ਸਾਡਾ ਕਿਹੋ ਜਿਹਾ ਵਰਤਾਵਾ ਸੀ।
6 ਅਤੇ ਤੁਸੀਂ ਉਸ ਬਚਨ ਨੂੰ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ, ਵੱਡੀ ਬਿਪਤਾ ਵਿੱਚ ਵੀ ਸਾਡੀ ਅਤੇ ਪ੍ਰਭੂ ਦੀ ਰੀਸ ਕੀਤੀ।
7 ਇਥੋਂ ਤੱਕ ਕਿ ਤੁਸੀਂ ਉਨ੍ਹਾਂ ਸਾਰਿਆਂ ਵਿਸ਼ਵਾਸੀਆਂ ਲਈ ਜਿਹੜੇ ਮਕਦੂਨਿਯਾ ਅਤੇ ਅਖਾਯਾ ਵਿੱਚ ਹਨ, ਚੰਗਾ ਨਮੂਨਾ ਬਣੇ।
8 ਕਿਉਂ ਜੋ ਤੁਹਾਡੇ ਕੋਲੋਂ ਪ੍ਰਭੂ ਦੇ ਬਚਨ ਦੀ ਧੁੰਮ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਪਈ ਹੈ ਸਗੋਂ ਤੁਹਾਡਾ ਵਿਸ਼ਵਾਸ ਜੋ ਪਰਮੇਸ਼ੁਰ ਉੱਤੇ ਹੈ ਸਭ ਥਾਵਾਂ ਤੇ ਉਜਾਗਰ ਹੋ ਗਿਆ, ਇਸ ਕਰਕੇ ਸਾਡੇ ਆਖਣ ਦੀ ਕੋਈ ਲੋੜ ਨਹੀਂ।
9 ਉਹ ਤਾਂ ਆਪ ਸਾਡੇ ਬਾਰੇ ਦੱਸਦੇ ਹਨ ਕਿ ਸਾਡਾ ਤੁਹਾਡੇ ਕੋਲ ਆਉਣਾ ਕਿਸ ਪ੍ਰਕਾਰ ਦਾ ਹੋਇਆ ਅਤੇ ਤੁਸੀਂ ਕਿਵੇਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ੁਰ ਦੀ ਵੱਲ ਮੁੜੇ ਕਿ ਜਿਉਂਦੇ ਤੇ ਸੱਚੇ ਪਰਮੇਸ਼ੁਰ ਦੀ ਸੇਵਾ ਕਰੋ।
10 ਅਤੇ ਉਹ ਦੇ ਪੁੱਤਰ ਦੇ ਸਵਰਗੋਂ ਆਉਣ ਦੀ ਉਡੀਕ ਕਰਦੇ ਰਹੋ, ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਰਥਾਤ ਪ੍ਰਭੂ ਯਿਸੂ ਦੀ, ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਵੇਗਾ।
ਥੱਸਲੁਨੀਕੀਆ ਨੂੰ ਪਹਿਲੀ ਪੱਤ੍ਰੀ 2 ->