10 ਤਦ ਯਹੋਵਾਹ ਆਇਆ ਅਤੇ ਖੜ੍ਹੇ ਹੋ ਕੇ ਪਹਿਲਾਂ ਦੀ ਤਰ੍ਹਾਂ ਸੱਦਿਆ, “ਸਮੂਏਲ, ਸਮੂਏਲ।” ਤਦ ਸਮੂਏਲ ਨੇ ਕਿਹਾ, ਬੋਲ ਕਿਉਂ ਜੋ ਤੇਰਾ ਦਾਸ ਸੁਣਦਾ ਹੈ। 11 ਤਦ ਯਹੋਵਾਹ ਨੇ ਸਮੂਏਲ ਨੂੰ ਆਖਿਆ, ਵੇਖ, ਮੈਂ ਇਸਰਾਏਲ ਦੇ ਵਿੱਚ ਇੱਕ ਅਜਿਹਾ ਕੰਮ ਕਰਾਂਗਾ ਜਿਸ ਨੂੰ ਸੁਣਨ ਵਾਲੇ ਕੰਬਣਗੇ, 12 ਸੋ ਉਸ ਦਿਨ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਸ ਦੇ ਟੱਬਰ ਦੇ ਲਈ ਆਖਿਆ ਸੀ। 13 ਕਿਉਂ ਜੋ ਮੈਂ ਉਹ ਨੂੰ ਆਖਿਆ ਕਿ ਮੈਂ ਉਸ ਬੁਰਿਆਈ ਦੇ ਕਾਰਨ ਜਿਸ ਨੂੰ ਉਹ ਨੇ ਜਾਣ ਵੀ ਲਿਆ ਹੈ ਸਦੀਪਕ ਕਾਲ ਤੱਕ ਉਹ ਦੇ ਘਰ ਤੋਂ ਬਦਲਾ ਲਵਾਂਗਾ ਕਿਉਂ ਜੋ ਉਹ ਦੇ ਪੁੱਤਰਾਂ ਨੇ ਆਪਣੇ ਆਪ ਨੂੰ ਨੀਚ[a] ਕੀਤਾ ਹੈ ਅਤੇ ਉਹ ਨੇ ਉਨ੍ਹਾਂ ਨੂੰ ਨਹੀਂ ਰੋਕਿਆ। 14 ਇਸ ਕਰਕੇ ਏਲੀ ਦੇ ਟੱਬਰ ਵਿਖੇ ਮੈਂ ਸਹੁੰ ਖਾਧੀ ਹੈ ਜੋ ਏਲੀ ਦੇ ਟੱਬਰ ਦੀ ਬੁਰਿਆਈ, ਕਿਸੇ ਕੁਰਬਾਨੀ ਜਾਂ ਭੇਟ ਦੇ ਨਾਲ ਸਦਾ ਤੱਕ ਨਾ ਮਿਟੇ।
15 ਸਮੂਏਲ ਸਵੇਰ ਤੱਕ ਸੁੱਤਾ ਰਿਹਾ, ਫੇਰ ਉਸ ਨੇ ਯਹੋਵਾਹ ਦੇ ਘਰ ਦੇ ਬੂਹੇ ਖੋਲ੍ਹ ਦਿੱਤੇ ਅਤੇ ਸਮੂਏਲ ਏਲੀ ਨੂੰ ਉਸ ਦਰਸ਼ਣ ਨੂੰ ਦੱਸਣ ਤੋਂ ਡਰਦਾ ਸੀ। 16 ਤਦ ਏਲੀ ਨੇ ਸਮੂਏਲ ਨੂੰ ਸੱਦ ਕੇ ਆਖਿਆ, ਹੇ ਮੇਰੇ ਪੁੱਤਰ ਸਮੂਏਲ! ਉਹ ਬੋਲਿਆ, ਮੈਂ ਹਾਜ਼ਰ ਹਾਂ। 17 ਤਦ ਉਹ ਨੇ ਪੁੱਛਿਆ, ਉਹ ਕਿਹੜੀ ਗੱਲ ਸੀ ਜੋ ਤੈਨੂੰ ਯਹੋਵਾਹ ਨੇ ਆਖੀ ਹੈ? ਮੈਥੋਂ ਨਾ ਲੁਕਾਵੀਂ। ਜੇ ਕਦੀ ਉਨ੍ਹਾਂ ਗੱਲਾਂ ਵਿੱਚੋਂ ਜੋ ਉਸ ਨੇ ਤੈਨੂੰ ਆਖੀਆਂ ਹਨ, ਤੂੰ ਕੁਝ ਵੀ ਲੁਕਾਵੇਂ ਤਾਂ ਪਰਮੇਸ਼ੁਰ ਤੇਰੇ ਨਾਲ ਉਵੇਂ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ਕਰੇ! 18 ਤਦ ਸਮੂਏਲ ਨੇ ਉਹ ਨੂੰ ਸਾਰਾ ਬਚਨ ਦੱਸ ਦਿੱਤਾ ਅਤੇ ਉਸ ਕੋਲੋਂ ਕੁਝ ਨਾ ਲੁਕਾਇਆ। ਉਹ ਬੋਲਿਆ, ਉਹ ਯਹੋਵਾਹ ਹੀ ਹੈ। ਜੋ ਚਾਹੇ ਸੋ ਕਰੇ।
19 ਸਮੂਏਲ ਵੱਧਦਾ ਗਿਆ ਅਤੇ ਯਹੋਵਾਹ ਉਹ ਦੇ ਅੰਗ-ਸੰਗ ਸੀ ਅਤੇ ਉਸ ਨੇ ਉਹ[b] ਦੀ ਆਖੀ ਕੋਈ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ। 20 ਅਤੇ ਦਾਨ ਸ਼ਹਿਰ ਤੋਂ ਲੈ ਕੇ ਬਏਰਸ਼ਬਾ ਸ਼ਹਿਰ ਤੱਕ ਸਾਰਾ ਇਸਰਾਏਲ ਜਾਣ ਗਿਆ ਜੋ ਸਮੂਏਲ ਯਹੋਵਾਹ ਦਾ ਨਬੀ ਠਹਿਰਾਇਆ ਗਿਆ ਸੀ। 21 ਅਤੇ ਯਹੋਵਾਹ ਸ਼ੀਲੋਹ ਵਿੱਚ ਫੇਰ ਪ੍ਰਗਟ ਹੋਇਆ, ਕਿਉਂ ਜੋ ਯਹੋਵਾਹ ਨੇ ਆਪਣੇ ਆਪ ਨੂੰ ਸ਼ੀਲੋਹ ਵਿੱਚ ਸਮੂਏਲ ਉੱਤੇ ਆਪਣੇ ਬਚਨ ਨਾਲ ਪ੍ਰਗਟ ਕੀਤਾ ਸੀ।
<- 1 ਸਮੂਏਲ 21 ਸਮੂਏਲ 4 ->